ਚੰਡੀਗੜ੍ਹ 12 ਫਰਵਰੀ 2022: ਦੇਸ਼ ‘ਚ ਕੋਰੋਨਾ ਵਾਇਰਸ ਦੀ ਲਹਿਰ ਕਮਜ਼ੋਰ ਪੈ ਰਹੀ ਹੈ | ਕੇਂਦਰ ਦੁਆਰਾ ਦੇਸ਼ ਭਰ ‘ਚ ਟੀਕਾਕਰਨ ਨੂੰ ਲੈ ਕੇ ਮੁਹਿੰਮ ਚਲਾਈਆਂ ਜਾ ਰਹੀਆਂ ਹਨ| ਦੇਸ਼ ਦੇ ਕਈ ਰਾਜਾਂ ‘ਚ ਕੋਵਿਡ ਪਾਬੰਦੀਆਂ ‘ਚ ਢਿੱਲ ਦਿੱਤੀ ਹੈ |ਇਸਦੇ ਨਾਲ ਹੀ ਸੂਬੇ ‘ਚ ਕੋਰੋਨਾ ਇਨਫੈਕਸ਼ਨ ਦੀ ਸਥਿਤੀ ਨੂੰ ਕਾਬੂ ‘ਚ ਰੱਖਦੇ ਹੋਏ ਉੱਤਰ ਪ੍ਰਦੇਸ਼ ਸਰਕਾਰ ਨੇ ਸਾਰੇ ਸਰਕਾਰੀ ਦਫਤਰਾਂ ‘ਚ ਕਰਮਚਾਰੀਆਂ ਦੀ 100 ਫੀਸਦੀ ਹਾਜ਼ਰੀ ਦੇ ਆਦੇਸ਼ ਦਿੱਤੇ ਹਨ।
ਇਸਦੇ ਨਾਲ ਹੀ ਸੋਮਵਾਰ ਤੋਂ ਸੂਬੇ ਦੇ ਸਾਰੇ ਸਕੂਲ ਖੋਲ੍ਹਣ ਦੇ ਹੁਕਮ ਜਾਰੀ ਕਰਨ ਤੋਂ ਬਾਅਦ ਸ਼ਨੀਵਾਰ ਨੂੰ ਸਾਰੇ ਸਰਕਾਰੀ ਦਫਤਰਾਂ ‘ਚ ਕਰਮਚਾਰੀਆਂ ਦੀ 100 ਫੀਸਦੀ ਹਾਜ਼ਰੀ ਲਗਾਉਣ ਦੇ ਆਦੇਸ਼ ਜਾਰੀ ਕੀਤੇ ਗਏ ਹਨ। ਹਾਲਾਂਕਿ, ਕਰਮਚਾਰੀਆਂ ਨੂੰ ਕੰਮ ਵਾਲੀ ਥਾਂ ‘ਤੇ ਕੋਰੋਨਾ ਪ੍ਰੋਟੋਕੋਲ ਦੀ ਸਖਤੀ ਨਾਲ ਪਾਲਣਾ ਕਰਨੀ ਪਵੇਗੀ। ਬੀਤੇ ਦਿਨ ਦੇਰ ਰਾਤ ਮੁੱਖ ਸਕੱਤਰ ਗ੍ਰਹਿ ਅਵਨੀਸ਼ ਕੁਮਾਰ ਅਵਸਥੀ ਨੇ ਸੂਬੇ ਦੇ ਸਾਰੇ ਸਕੂਲ ਖੋਲ੍ਹਣ ਦਾ ਹੁਕਮ ਜਾਰੀ ਕੀਤਾ ਹੈ। ਅਵਸਥੀ ਨੇ ਕਿਹਾ ਕਿ ਸੋਮਵਾਰ ਤੋਂ ਸਾਰੇ ਸਕੂਲ ਖੋਲ੍ਹ ਦਿੱਤੇ ਜਾਣਗੇ। ਇਸ ਦੌਰਾਨ ਸਾਰੀਆਂ ਜਮਾਤਾਂ ਦੇ ਵਿਦਿਆਰਥੀ ਭਾਗ ਲੈ ਸਕਣਗੇ।
ਇਸ ਤੋਂ ਪਹਿਲਾਂ 6 ਫਰਵਰੀ ਤੋਂ 9ਵੀਂ ਤੋਂ 12ਵੀਂ ਜਮਾਤ ਤੱਕ ਸਕੂਲ ਖੋਲ੍ਹਣ ਦੇ ਨਿਰਦੇਸ਼ ਦਿੱਤੇ ਗਏ ਸਨ। ਕੋਰੋਨਾ ਦੀ ਤੀਜੀ ਲਹਿਰ ਦੇ ਮੱਦੇਨਜ਼ਰ, ਰਾਜ ਸਰਕਾਰ ਨੇ ਦਸੰਬਰ ਦੇ ਅੰਤ ਵਿੱਚ ਸਾਰੇ ਸਕੂਲ ਬੰਦ ਕਰ ਦਿੱਤੇ ਸਨ। ਆਨਲਾਈਨ ਕਲਾਸਾਂ ਜਾਰੀ ਰੱਖਣ ਦੀ ਇਜਾਜ਼ਤ ਦਿੱਤੀ ਗਈ ਸੀ। ਪਰ ਹੁਣ ਤੇਜ਼ੀ ਨਾਲ ਘਟ ਰਹੇ ਕੋਰੋਨਾ ਮਾਮਲਿਆਂ ਦੇ ਮੱਦੇਨਜ਼ਰ ਸਕੂਲ ਖੋਲ੍ਹਣ ਦਾ ਹੁਕਮ ਜਾਰੀ ਕੀਤਾ ਗਿਆ ਹੈ।