Site icon TheUnmute.com

Operation SEAL-8: ਪੰਜਾਬ ਪੁਲਿਸ ਵੱਲੋਂ 293 ਵਾਹਨਾਂ ਦੇ ਚਲਾਨ, 401 ਸ਼ੱਕੀ ਵਿਅਕਤੀਆਂ ਨੂੰ ਹਿਰਾਸਤ ‘ਚ ਲਿਆ

Punjab Police

ਚੰਡੀਗੜ੍ਹ, 09 ਸਤੰਬਰ 2024: ਪੰਜਾਬ ਪੁਲਿਸ (Punjab Police) ਨੇ ਅੱਜ ਇੱਕ ਵਿਸ਼ੇਸ਼ ਆਪ੍ਰੇਸ਼ਨ ‘ਆਪ੍ਰੇਸ਼ਨ ਸੀਲ-8’ ਚਲਾਇਆ। ਇਸ ਆਪ੍ਰੇਸ਼ਨ ਦਾ ਮਕਸਦ ਸਰਹੱਦੀ ਸੂਬੇ ਪੰਜਾਬ ‘ਚ ਦਾਖਲ ਹੋਣ ਜਾਂ ਬਾਹਰ ਜਾਣ ਵਾਲੇ ਸਾਰੇ ਵਾਹਨਾਂ ਦੀ ਚੈਕਿੰਗ ਕਰਕੇ ਨਸ਼ਾ ਤਸਕਰੀ ਅਤੇ ਸ਼ਰਾਬ ਤਸਕਰੀ ’ਤੇ ਨਕੇਲ ਕੱਸਣ ਤੋਂ ਇਲਾਵਾ ਹਰਿਆਣਾ ਅਤੇ ਜੰਮੂ-ਕਸ਼ਮੀਰ ਦੀਆਂ ਆਗਾਮੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਬਦਮਾਸ਼ਾਂਅਤੇ ਸਮਾਜ ਵਿਰੋਧੀ ਅਨਸਰਾਂ ਦੀ ਹਰਕਤ ’ਤੇ ਨਜ਼ਰ ਰੱਖਣਾਂ ਸੀ।

ਇਹ ਆਪ੍ਰੇਸ਼ਨ ਪੰਜਾਬ (Punjab Police) ਦੇ ਡੀਜੀਪੀ ਗੌਰਵ ਯਾਦਵ ਦੇ ਨਿਰਦੇਸ਼ਾਂ ’ਤੇ ਸਵੇਰੇ 6 ਵਜੇ ਤੋਂ ਦੁਪਹਿਰ 2 ਵਜੇ ਤੱਕ ਚਲਾਇਆ ਗਿਆ | ਉਨ੍ਹਾਂ ਦੱਸਿਆ ਕਿ ਵੱਖ-ਵੱਖ ਥਾਵਾਂ ‘ਤੇ ਪੁਲਿਸ ਦੇ ਉੱਚ ਅਧਿਕਾਰੀਆਂ ਦੀ ਅਗਵਾਈ ‘ਚ ਸੀਲਿੰਗ ਪੁਆਇੰਟਾਂ ’ਤੇ ਨਾਕੇ ਲਗਾਉਣ ਲਈ ਵੱਧ ਤੋਂ ਵੱਧ ਪੁਲਿਸ ਨਫ਼ਰੀ ਜੁਟਾਉਣ ਦੇ ਹੁਕਮ ਦਿੱਤੇ ਸਨ।

ਉਨ੍ਹਾਂ ਦੱਸਿਆ ਕਿ 10 ਜ਼ਿਲ੍ਹਿਆਂ ਦੇ ਲੱਗਭਗ 92 ਐਂਟਰੀ/ਐਗਜ਼ਿਟ ਪੁਆਇੰਟਾਂ, ਜੋ ਕਿ ਚਾਰ ਸਰਹੱਦੀ ਸੂਬਿਆਂ ਅਤੇ ਯੂਟੀ ਚੰਡੀਗੜ੍ਹ ਨਾਲ ਸਰਹੱਦਾਂ ਸਾਂਝੀਆਂ ਕਰਦੇ ਹਨ | ਉੱਥੇ 1000 ਤੋਂ ਵੱਧ ਪੁਲਿਸ ਕਰਮੀਆਂ ਦੀ ਨਫ਼ਰੀ ‘ਚ ਮਜ਼ਬੂਤ ਨਾਕੇ ਸਥਾਪਤ ਕੀਤੇ ਹਨ । 10 ਅੰਤਰਰਾਜੀ ਸਰਹੱਦੀ ਜ਼ਿਲ੍ਹਿਆਂ ‘ਚ ਪਠਾਨਕੋਟ, ਸ੍ਰੀ ਮੁਕਤਸਰ ਸਾਹਿਬ, ਫਾਜ਼ਿਲਕਾ, ਰੋਪੜ, ਐਸਏਐਸ ਨਗਰ, ਪਟਿਆਲਾ, ਸੰਗਰੂਰ, ਮਾਨਸਾ, ਹੁਸ਼ਿਆਰਪੁਰ ਅਤੇ ਬਠਿੰਡਾ ਸ਼ਾਮਲ ਹਨ।

ਆਪ੍ਰੇਸ਼ਨ ਤਹਿਤ 4245 ਵਾਹਨਾਂ ਦੀ ਚੈਕਿੰਗ ਕੀਤੀ ਗਈ, ਜਿਨ੍ਹਾਂ ‘ਚੋਂ 293 ਦੇ ਚਲਾਨ ਕੀਤੇ ਗਏ ਅਤੇ 16 ਨੂੰ ਜ਼ਬਤ ਕੀਤਾ ਗਿਆ। ਪੁਲਿਸ ਨੇ 27 ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਕੇ 26 ਐਫ.ਆਈ.ਆਰ ਵੀ ਦਰਜ ਕੀਤੀਆਂ ਹਨ। ਇਸ ਦੇ ਨਾਲ ਹੀ ਪੁਲਿਸ ਟੀਮਾਂ ਨੇ 401 ਸ਼ੱਕੀ ਵਿਅਕਤੀਆਂ ਨੂੰ ਪੁੱਛਗਿੱਛ ਲਈ ਹਿਰਾਸਤ ‘ਚ ਲਿਆ ਹੈ।

ਇਸ ਅਪਰੇਸ਼ਨ ਦੌਰਾਨ ਪੁਲਿਸ ਟੀਮਾਂ ਨੇ 1.1 ਕਿੱਲੋ ਅਫੀਮ, 29 ਕਿੱਲੋ ਭੁੱਕੀ, 42 ਕਿੱਲੋ ਨਸ਼ੀਲਾ ਪਾਊਡਰ, 1070 ਨਸ਼ੀਲੇ ਕੈਪਸੂਲ/ਗੋਲੀਆਂ ਅਤੇ ਭਾਰੀ ਮਾਤਰਾ ‘ਚ ਜਾਇਜ਼ ਅਤੇ ਨਜਾਇਜ਼ ਸ਼ਰਾਬ ਵੀ ਬਰਾਮਦ ਕੀਤੀ ਹੈ।

Exit mobile version