July 4, 2024 11:01 pm
Dharamvir Singh Gandhi

ਸਿਰਫ਼ ਕਾਂਗਰਸ ਪਾਰਟੀ ਹੀ ਭਾਜਪਾ ਨੂੰ ਦੇ ਸਕਦੀ ਹੈ ਟੱਕਰ: ਡਾ. ਧਰਮਵੀਰ ਗਾਂਧੀ

ਪਟਿਆਲਾ 05 ਅਕਤੂਬਰ 2022: ਪੰਜਾਬ ਵਿੱਚ ਜਿਵੇਂ ਹੀ ਆਮ ਆਦਮੀ ਪਾਰਟੀ ਨੇ ਵੱਡੀਆਂ ਜਿੱਤਾਂ ਪ੍ਰਾਪਤ ਕਰਕੇ ਆਪਣੀ ਸਰਕਾਰ ਬਣਾਈ ਹੈ, ਉੱਥੇ ਹੀ ਪੰਜਾਬ ਵਿੱਚ ਦੂਜੀਆਂ ਪਾਰਟੀਆਂ ਦੇ ਖ਼ਤਮ ਹੋਣ ਦੇ ਆਸਾਰ ਵੀ ਲਗਾਏ ਜਾ ਰਹੇ ਹਨ | ਜਿੱਥੇ ‘ਆਪ’ ਦੀ ਪਾਰਟੀ ਸਰਕਾਰ ਬਣਨ ਤੋਂ ਬਾਅਦ ਹੁਣ ਅਕਾਲੀ ਦਲ ਅਤੇ ਕਾਂਗਰਸ ( Congress) ਦੀ ਪੰਜਾਬ ਵਿੱਚ ਵਾਪਸੀ ਕਰਨ ‘ਤੇ ਖ਼ਤਰੇ ਦੇ ਬੱਦਲ ਮੰਡਰਾ ਰਹੇ ਹਨ, ਉੱਥੇ ਹੀ ਹੁਣ ਪੰਜਾਬ ਵਿਚ ਕਾਂਗਰਸ ਦੀ ਡੁੱਬਦੀ ਬੇੜੀ ਨੂੰ ਪਾਰ ਲਗਾਉਣ ਲਈ ਡਾ. ਧਰਮਵੀਰ ਗਾਂਧੀ (Dr. Dharamvir Gandhi) ਨੇ ਟਵੀਟ ਕਰਕੇ ਕਾਂਗਰਸ ਨੂੰ ਪੰਜਾਬ ਵਿੱਚ ਮਜ਼ਬੂਤ ਕਰਨ ਲਈ ਉਨ੍ਹਾਂ ਦੀ ਮਦਦ ਕਰਨ ਦਾ ਐਲਾਨ ਕੀਤਾ ਹੈ ।

ਮੀਡੀਆ ਨਾਲ ਗੱਲਬਾਤ ਕਰਦਿਆਂ ਡਾ. ਧਰਮਵੀਰ ਗਾਂਧੀ (Dr. Dharamvir Gandhi)  ਨੇ ਕਿਹਾ ਕਿ ਜੇਕਰ ਪੰਜਾਬ ਵਿੱਚ ਵਿਰੋਧੀ ਧਿਰ ਮਜ਼ਬੂਤ ਨਾ ਹੋਈ ਤਾਂ ਫਿਰ ਪੰਜਾਬ ਵਿਚ ਤਾਨਾਸ਼ਾਹੀ ਰਾਜ ਆ ਜਾਵੇਗਾ | ਉਨ੍ਹਾਂ ਕਿਹਾ ਕਿ ਅੱਜ ਜਮਹੂਰੀਅਤ ਦਾ ਘਾਣ ਹੋ ਰਿਹਾ ਅਤੇ ਰਾਜਾਂ ਦੇ ਅਧਿਕਾਰ ਖੋਹੇ ਜਾ ਰਹੇ ਹਨ | ਉਨ੍ਹਾਂ ਕਿਹਾ ਕਿ ਪਿਛਲੇ ਸੱਤ ਅੱਠ ਸਾਲਾਂ ਦੀ ਰਾਜਨੀਤੀ ਦੌਰਾਨ ਸੀਬੀਆਈ ਇਨਕਮ ਟੈਕਸ ਅਤੇ ਈਡੀ ਅਤੇ ਸੁਪਰੀਮ ਕੋਰਟ ਦੇ ਜੱਜ ਜੋ ਕਿ ਜਮਹੂਰੀਅਤ ਦੀ ਰਾਖੀ ਕਰਨ ਵਾਸਤੇ ਇਹ ਸੰਸਥਾਵਾਂ ਬਣਾਈਆਂ ਗਈਆਂ ਸੀ ਪਰ ਅੱਜ ਇਨ੍ਹਾਂ ਵਿਚ ਘੁਸਪੈਠ ਹੋ ਰਹੀ ਹੈ |

ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਵਿੱਚ ਉਨ੍ਹਾਂ ਨੂੰ ਦ੍ਰਿੜ੍ਹਤਾ ਨਜ਼ਰ ਆਉਂਦੀ ਹੈ ਬੇਸ਼ੱਕ ਕਾਂਗਰਸ ਪਾਰਟੀ ਨੇ ਵੀ ਆਪਣੇ ਕਾਰਜਕਾਲ ਦੌਰਾਨ ਬਹੁਤ ਗ਼ਲਤੀਆਂ ਅਤੇ ਗੜਬੜੀਆਂ ਕੀਤੀਆਂ, ਪਰ ਅੱਜ ਦੇ ਸਮੇਂ ਵਿਚ ਕਾਂਗਰਸੀ ਹੀ ਇਕ ਅਜਿਹੀ ਪਾਰਟੀ ਨਜ਼ਰ ਆ ਰਹੀ ਹੈ ਜੋ ਕਿ ਜਮੂਹਰੀਅਤ ਦੇ ਹੱਕਾਂ ਦੀ ਰਾਖੀ ਕਰ ਸਕਦੀ ਹੈ | ਉਨ੍ਹਾਂ ਕਿਹਾ ਕਿ ਜਿਵੇਂ ਰਾਹੁਲ ਗਾਂਧੀ ਨੇ ਭਾਰਤ ਜੋੜੋ ਯਾਤਰਾ ਵਿਚ ਕਾਰਪੋਰੇਟ ਘਰਾਣਿਆਂ ਦੇ ਖ਼ਿਲਾਫ਼ ਆਪਣੀ ਆਵਾਜ਼ ਬੁਲੰਦ ਕੀਤੀ ਹੈ ਅਤੇ ਰਾਹੁਲ ਗਾਂਧੀ ਦੁਆਰਾ ਦਿੱਤੀ ਜਾ ਰਹੀ ਸਪੀਚ ਤੋਂ ਦ੍ਰਿੜ੍ਹਤਾ ਨਜ਼ਰ ਆਉਂਦੀ ਹੈ ਕਿ ਇਹ ਕਾਂਗਰਸ ਹੀ ਇਕ ਅਜਿਹੀ ਪਾਰਟੀ ਹੈ ਜੋ ਆਰ ਐੱਸ ਐੱਸ ਦੇ ਏਜੰਡੇ ਨੂੰ ਫੇਲ੍ਹ ਸਾਬਤ ਕਰ ਸਕਦੀ ਹੈ।

ਉਨ੍ਹਾਂ ਕਿਹਾ ਕਿ ਜਿਵੇਂ ਪੰਜਾਬ ਵਿੱਚ ਖੇਤਰੀ ਪਾਰਟੀ ਅਕਾਲੀ ਦਲ ਨੇ ਕੇਂਦਰ ਦੀ ਗੋਦ ਵਿੱਚ ਬੈਠ ਕੇ ਆਪਣੇ ਖੇਤਰੀ ਅਧਿਕਾਰ ਨੂੰ ਛਿੱਕੇ ਟੰਗ ਦਿੱਤਾ, ਉਸ ਤੋਂ ਕੋਈ ਵੀ ਆਸ ਨਹੀਂ ਕੀਤੀ ਜਾ ਸਕਦੀ ਅਤੇ ਸਿਰਫ਼ ਕਾਂਗਰਸ ਪਾਰਟੀ ਵਿਚ ਹੀ ਇਕ ਦ੍ਰਿੜ੍ਹਤਾ ਨਜ਼ਰ ਆਉਂਦੀ ਹੈ ਜੋ ਕਿ ਜਮਹੂਰੀ ਹੱਕਾਂ ਦੀ ਰਾਖੀ ਕਰ ਸਕਦੀ ਹੈ |