Site icon TheUnmute.com

ਬਸਤੀ ਗੁੰਜਾਂ ਵਿਖੇ ਬੱਚਿਆਂ ਦੇ ਝਗੜੇ ਨੂੰ ਲੈ ਕੇ ਹੋਈ ਹਿੰਸਕ ਝੜੱਪ ‘ਚ ਇੱਕ ਵਿਅਕਤੀ ਦੀ ਮੌਤ

Basti Gunja

ਚੰਡੀਗੜ੍ਹ,16 ਫਰਵਰੀ 2023 : ਜਲੰਧਰ ਦੀ ਬਸਤੀ ਗੁੰਜਾਂ (Basti Gunja) ‘ਚ ਬੁੱਧਵਾਰ ਦੇਰ ਸ਼ਾਮ ਬੱਚਿਆਂ ਦੇ ਝਗੜੇ ਨੂੰ ਲੈ ਕੇ ਇਕ ਵਿਅਕਤੀ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਇਕ ਘਰ ‘ਚ ਕਥਿਤ ਤੌਰ ‘ਤੇ ਹਮਲਾ ਕਰਕੇ ਵਿਅਕਤੀ ਦਾ ਕਤਲ ਕਰ ਦਿੱਤਾ। ਮ੍ਰਿਤਕ ਦੀ ਪਛਾਣ ਤਰੁਣ ਪਦਮ ਪੁੱਤਰ ਕ੍ਰਿਸ਼ਨ ਲਾਲ ਪਦਮ ਵਜੋਂ ਹੋਈ ਹੈ। ਜਾਣਕਾਰੀ ਦਿੰਦਿਆਂ ਮਨੀਸ਼ ਪਦਮ ਨੇ ਦੱਸਿਆ ਕਿ ਅੱਜ ਦੁਪਹਿਰ ਉਸ ਦੇ ਭਤੀਜੇ ਮਾਨਵ ਅਤੇ ਹਿਮਾਂਸ਼ੂ ਦਾ ਮੁਹੱਲੇ ਦੇ ਰਹਿਣ ਵਾਲੇ ਕੁਝ ਨੌਜਵਾਨਾਂ ਨਾਲ ਝਗੜਾ ਹੋ ਗਿਆ।

ਇਸ ਦੌਰਾਨ ਮਨੀਸ਼ ਨੇ ਦੋਸ਼ ਲਾਇਆ ਕਿ ਸ਼ਾਮ ਕਰੀਬ 6.30 ਵਜੇ ਉਕਤ ਨੌਜਵਾਨ ਆਪਣੇ ਪਿਤਾ ਨਾਲ ਉਸ ਦੇ ਘਰ ਅੰਦਰ ਦਾਖਲ ਹੋਇਆ ਅਤੇ ਆਉਂਦਿਆਂ ਹੀ ਪਥਰਾਅ ਸ਼ੁਰੂ ਕਰ ਦਿੱਤਾ ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਗਿਆ। ਮਨੀਸ਼ ਅਨੁਸਾਰ ਜਦੋਂ ਹਮਲਾ ਹੋਇਆ ਤਾਂ ਉਹ ਘਰ ਤੋਂ ਬਾਹਰ ਸੀ ਜਦੋਂ ਕਿ ਉਸ ਦਾ ਵੱਡਾ ਭਰਾ ਤਰੁਣ ਪਦਮ (46) ਘਰ ਵਿੱਚ ਸੀ। ਜਦੋਂ ਉਸ ਨੇ ਹਮਲਾਵਰਾਂ ਦਾ ਵਿਰੋਧ ਕੀਤਾ ਤਾਂ ਹਮਲਾਵਰਾਂ ਨੇ ਉਸ ਦੇ ਘਰ ‘ਤੇ ਇੱਟਾਂ-ਪੱਥਰ ਵਰ੍ਹਾਉਣੇ ਸ਼ੁਰੂ ਕਰ ਦਿੱਤੇ ਅਤੇ ਨਾਲ ਹੀ ਉਸ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ।

ਦੋਸ਼ ਹੈ ਕਿ ਇਸ ਦੌਰਾਨ ਹਮਲਾਵਰਾਂ ਨੇ ਉਸ ਦੇ ਭਰਾ ਤਰੁਣ ਪਦਮ ‘ਤੇ ਹਮਲਾ ਕਰ ਦਿੱਤਾ। ਇਸ ਦੌਰਾਨ ਇੱਕ ਇੱਟ ਉਸ ਦੀ ਛਾਤੀ ਵਿੱਚ ਵੱਜੀ, ਜਿਸ ਕਾਰਨ ਉਹ ਬੇਹੋਸ਼ ਹੋ ਕੇ ਜ਼ਮੀਨ ’ਤੇ ਡਿੱਗ ਪਿਆ। ਇਸ ਤੋਂ ਬਾਅਦ ਹਮਲਾਵਰ ਮੌਕੇ ਤੋਂ ਫਰਾਰ ਹੋ ਗਏ। ਜ਼ਖ਼ਮੀ ਨੂੰ ਸਿਵਲ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਦੂਜੇ ਪਾਸੇ ਤਰੁਣ ਪਦਮ ਦੀ ਮੌਤ ਦੀ ਖਬਰ ਜਿਵੇਂ ਹੀ ਪਰਿਵਾਰਕ ਮੈਂਬਰਾਂ ਤੱਕ ਪਹੁੰਚੀ ਤਾਂ ਸਿਵਲ ਹਸਪਤਾਲ ‘ਚ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੀ ਭੀੜ ਲੱਗ ਗਈ, ਜਿਸ ਤੋਂ ਬਾਅਦ ਪੁਲਿਸ ਭਾਰੀ ਫੋਰਸ ਸਮੇਤ ਮੌਕੇ ‘ਤੇ ਪਹੁੰਚ ਗਈ।

ਪੁਲਿਸ ਅਧਿਕਾਰੀਆਂ ਅਨੁਸਾਰ ਦੇਰ ਰਾਤ ਤੱਕ ਪੀੜਤ ਪਰਿਵਾਰਕ ਮੈਂਬਰਾਂ ਨੂੰ ਸ਼ਾਂਤ ਕੀਤਾ ਗਿਆ ਅਤੇ ਉਨ੍ਹਾਂ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ, ਜਦਕਿ ਕਮਿਸ਼ਨਰੇਟ ਪੁਲਿਸ ਦੀ ਟੀਮ ਮੁਲਜ਼ਮਾਂ ਨੂੰ ਫੜਨ ਲਈ ਉਨ੍ਹਾਂ ਦੇ ਘਰ ਅਤੇ ਰਿਸ਼ਤੇਦਾਰਾਂ ਦੇ ਘਰ ਛਾਪੇਮਾਰੀ ਕਰ ਰਹੀ ਹੈ। ਥਾਣਾ ਬਸਤੀ ਬਾਵਾ ਖੇਲ ਦੇ ਇੰਚਾਰਜ ਇੰਸਪੈਕਟਰ ਗਗਨਦੀਪ ਸਿੰਘ ਸੇਖੋਂ ਨੇ ਦੱਸਿਆ ਕਿ ਜਲਦੀ ਹੀ ਮੁਲਜ਼ਮ ਪੁਲਿਸ ਦੀ ਗ੍ਰਿਫ਼ਤ ਵਿੱਚ ਹੋਣਗੇ। ਦੂਜੇ ਪਾਸੇ ਮ੍ਰਿਤਕ ਤਰੁਣ ਪਦਮ ਦੇ ਰਿਸ਼ਤੇਦਾਰਾਂ ਦਾ ਮੰਨਣਾ ਹੈ ਕਿ ਜਦੋਂ ਤੱਕ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਜਾਂਦਾ ਉਦੋਂ ਤੱਕ ਲਾਸ਼ ਦਾ ਪੋਸਟਮਾਰਟਮ ਨਹੀਂ ਕਰਵਾਇਆ ਜਾਵੇਗਾ।

Exit mobile version