Site icon TheUnmute.com

ਉਬਲਦੇ ਪਾਣੀ ਦੀ ਬਾਲਟੀ ‘ਚ ਡਿੱਗਣ ਕਾਰਨ ਡੇਢ ਸਾਲ ਦੇ ਮਾਸੂਮ ਬੱਚੇ ਦੀ ਮੌਤ

ਡੇਢ ਸਾਲ ਦੇ ਮਾਸੂਮ

ਚੰਡੀਗੜ੍ਹ, 16 ਫਰਵਰੀ 2023: ਪੰਜਾਬ ਦੇ ਜ਼ਿਲਾ ਲੁਧਿਆਣਾ ਅਧੀਨ ਪੈਂਦੇ ਅਤੇ ਜ਼ਿਲਾ ਹੈੱਡਕੁਆਰਟਰ ਮਲੇਰਕੋਟਲਾ ਦੇ ਨਜ਼ਦੀਕ ਪੈਂਦੇ ਪਿੰਡ ਰੋਸ਼ੀਆਣਾ (ਮਲੌਦ ) ਤੋਂ ਬਹੁਤ ਹੀ ਦਰਦਨਾਕ ਅਤੇ ਦਿਲ ਦਹਿਲਾ ਦੇਣ ਵਾਲੀ ਖ਼ਬਰ ਸਾਹਮਣੇ ਆਈ ਹੈ। ਪਿੰਡ ਵਿੱਚ ਵਾਪਰੇ ਹਾਦਸੇ ਵਿੱਚ ਡੇਢ ਸਾਲ ਦੇ ਮਾਸੂਮ ਦੀ ਮੌਤ ਹੋ ਗਈ। ਉਬਲਦੇ ਪਾਣੀ ਦੀ ਬਾਲਟੀ ‘ਚ ਡਿੱਗਣ ਨਾਲ ਬੱਚਾ ਬੁਰੀ ਤਰ੍ਹਾਂ ਸੜ ਗਿਆ। ਗੰਭੀਰ ਰੂਪ ਵਿੱਚ ਝੁਲਸੇ ਮਨਵੀਰ ਸਿੰਘ ਪੁੱਤਰ ਚਮਕੌਰ ਸਿੰਘ ਦੀ ਦਰਦਨਾਕ ਮੌਤ ਹੋ ਗਈ।

ਰੋਸ਼ੀਆਣਾ ਪਿੰਡ ‘ਚ ਮਨਵੀਰ ਦੇ ਨਹਾਉਣ ਲਈ ਉਸਦੀ ਮਾਂ ਨੇ ਬਾਲਟੀ ‘ਚ ਪਾਣੀ ਗਰਮ ਕਰਨ ਲਈ ਬਿਜਲੀ ਦੀ ਰਾਡ ਲਾਈ ਹੋਈ ਸੀ। ਪਾਣੀ ਗਰਮ ਹੋਣ ਤੋਂ ਬਾਅਦ ਮਨਵੀਰ ਦੀ ਮਾਂ ਨੇ ਪਾਣੀ ਵਿੱਚੋਂ ਬਿਜਲੀ ਦੀ ਰਾਡ ਕੱਢ ਕੇ ਕਮਰੇ ਵਿੱਚ ਰੱਖਣ ਲਈ ਚਲੀ ਗਈ। ਪਰ ਪਿੱਛੇ ਤੋਂ ਗਰਮ ਪਾਣੀ ਦੀ ਬਾਲਟੀ ਕੋਲ ਖੜ੍ਹਾ ਮਨਵੀਰ ਸਿੰਘ ਅਚਾਨਕ ਬਾਲਟੀ ਵਿੱਚ ਡਿੱਗ ਗਿਆ। ਮਾਸੂਮ ਲੜਕਾ ਉਬਲਦੇ ਪਾਣੀ ਵਿੱਚ ਡਿੱਗ ਪਿਆ ਅਤੇ ਰੌਲਾ ਪਾਇਆ ਪਰ ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਸੀ।

ਗੰਭੀਰ ਰੂਪ ਵਿੱਚ ਝੁਲਸ ਗਏ ਮਨਵੀਰ ਨੂੰ ਉਸ ਦੇ ਰਿਸ਼ਤੇਦਾਰ ਤੁਰੰਤ ਮਲੇਰਕੋਟਲਾ ਦੇ ਸਰਕਾਰੀ ਹਸਪਤਾਲ ਲੈ ਗਏ। ਉਥੇ ਉਸ ਨੂੰ ਦਾਖਲ ਕਰਵਾਉਣ ਤੋਂ ਬਾਅਦ ਡਾਕਟਰਾਂ ਨੇ ਮਨਵੀਰ ਦਾ ਇਲਾਜ ਸ਼ੁਰੂ ਕਰ ਦਿੱਤਾ ਪਰ ਉਥੇ ਮਾਸੂਮ ਦੀ ਨਾਜ਼ੁਕ ਹਾਲਤ ਨੂੰ ਦੇਖਦੇ ਹੋਏ ਡਾਕਟਰਾਂ ਨੇ ਉਸ ਨੂੰ ਰਜਿੰਦਰਾ ਮੈਡੀਕਲ ਕਾਲਜ ਹਸਪਤਾਲ ਪਟਿਆਲਾ ਲਈ ਰੈਫਰ ਕਰ ਦਿੱਤਾ।

ਰਾਜਿੰਦਰਾ ਹਸਪਤਾਲ ਦੇ ਡਾਕਟਰਾਂ ਵੱਲੋਂ ਮਨਵੀਰ ਦੀ ਹਾਲਤ ਨਾ ਸੰਭਾਲੀ ਜਾ ਰਹੀ ਸੀ। ਉਬਲਦੇ ਪਾਣੀ ਨਾਲ ਢਾਈ ਸਾਲ ਦੇ ਮਾਸੂਮ ਮਨਵੀਰ ਦੇ ਸਰੀਰ ਦੇ ਅੰਗ ਵੀ ਡੈਮਜ ਹੋ ਗਏ। ਰਾਜਿੰਦਰਾ ਦੇ ਡਾਕਟਰਾਂ ਨੇ ਮਨਵੀਰ ਨੂੰ ਪੀਜੀਆਈ ਚੰਡੀਗੜ੍ਹ ਰੈਫਰ ਕਰ ਦਿੱਤਾ। ਪੀਜੀਆਈ ਵਿੱਚ ਡਾਕਟਰਾਂ ਨੇ ਮਾਸੂਮ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਮਨਵੀਰ ਨੂੰ ਬਚਾਇਆ ਨਹੀਂ ਜਾ ਸਕਿਆ। ਇਸ ਹਾਦਸੇ ਤੋਂ ਬਾਅਦ ਮਨਵੀਰ ਦੇ ਮਾਤਾ-ਪਿਤਾ ਸਦਮੇ ‘ਚ ਹਨ।

Exit mobile version