IIT Ropar

ਹਰਜੋਤ ਸਿੰਘ ਬੈਂਸ ਦੇ ਹੁਕਮਾਂ ‘ਤੇ ਸਦੀ ਪੁਰਾਣਾ ਡਾਇਰੈਕੋਰੇਟ ਪਬਲਿਕ ਇੰਸਟਰੱਕਸ਼ਨ ਨਾਂ ਨੂੰ ਬਦਲਣ ਲਈ ਪ੍ਰਕਿਰਿਆ ਸ਼ੁਰੂ

ਚੰਡੀਗੜ੍ਹ 25 ਨਵੰਬਰ 2022: ਪੰਜਾਬ ਦੇ ਸਕੂਲ ਸਿੱਖਿਆ ਮੰਤਰੀ ਸ. ਹਰਜੋਤ ਸਿੰਘ ਬੈਂਸ ਦੀਆਂ ਹਦਾਇਤਾਂ ‘ਤੇ ਪੰਜਾਬ ਸਕੂਲ ਸਿੱਖਿਆ ਵਿਭਾਗ ਦਾ ਨਾਮ ਡਾਇਰੈਕੋਰੇਟ ਪਬਲਿਕ ਇੰਸਟਰੱਕਸ਼ਨ ਨੂੰ ਬਦਲਣ ਦੀ ਪ੍ਰਕਿਰਿਆ ਆਰੰਭ ਹੋ ਗਈ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆਂ ਸਕੂਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਅੱਜ ਇੱਥੇ ਦੱਸਿਆ ਕਿ ਅੰਗਰੇਜ਼ ਰਾਜ ਵੇਲੇ ਇਸ ਵਿਭਾਗ ਦਾ ਨਾਮ ਡਾਇਰੈਕੋਰੇਟ ਪਬਲਿਕ ਇੰਸਟਰੱਕਸ਼ਨ ਰੱਖਿਆ ਗਿਆ ਸੀ ਜਿਸ ਨੂੰ ਕਿ ਅੱਜ ਤੱਕ ਕਿਸੇ ਨੇ ਵੀ ਤਬਦੀਲ ਕਰਨ ਬਾਰੇ ਨਹੀਂ ਸੋਚਿਆ ਜਦਕਿ ਹੁਣ ਇਹ ਨਾਮ ਕੰਮ ਅਨੁਸਾਰ ਸਾਰਥਿਕਤਾ ਨਹੀਂ ਰੱਖਦਾ।

ਉਹਨਾਂ ਦੱਸਿਆ ਕਿ ਦੇਸ਼ ਦੇ ਜਿਆਦਾਤਰ ਸੂਬਿਆਂ ਵਿੱਚ ਸਕੂਲ ਵਿਭਾਗ ਦਾ ਨਾਮ ਡਾਇਰੈਕੋਰੇਟ ਪਬਲਿਕ ਇੰਸਟਰੱਕਸ਼ਨ ਤੋਂ ਬਦਲ ਕੇ ਡਾਇਰੈਕਟੋਰੇਟ ਸਕੂਲ ਸਿੱਖਿਆ ਕਰ ਦਿੱਤਾ ਗਿਆ ਹੈ। ਸ. ਬੈਂਸ ਨੇ ਦੱਸਿਆ ਕਿ ਸਕੂਲ ਸਿੱਖਿਆ ਵਿਭਾਗ ਬੱਚਿਆਂ ਨੂੰ ਸਿਖਿਅਤ ਕਰਨ ਦਾ ਕੰਮ ਕਰਦਾ ਹੈ ਜਦਕਿ ਅੰਗਰੇਜ਼ਾਂ ਵੱਲੋਂ ਰੱਖੇ ਨਾਮ ਤੋਂ ਇਹ ਪ੍ਰਤੀਤ ਹੁੰਦਾ ਹੈ ਕਿ ਇਹ ਵਿਭਾਗ ਸਿਰਫ਼ ਹਦਾਇਤਾਂ ਦਿੰਦਾ ਹੈ।

ਉਹਨਾਂ ਦੱਸਿਆ ਕਿ ਇਸ ਬਾਬਤ ਪ੍ਰਮੁੱਖ ਸਕੱਤਰ ਸਕੂਲ ਸਿੱਖਿਆ ਅਤੇ ਮੁੱਖ ਸਕੱਤਰ ਪੰਜਾਬ ਨੂੰ ਪੱਤਰ ਲਿਖ ਕੇ ਪ੍ਰਕਿਰਿਆ ਸ਼ੁਰੂ ਕਰਨ ਲਈ ਕਿਹਾ ਗਿਆ ਸੀ ਅਤੇ ਵਿਭਾਗ ਦਾ ਨਾਮ ਬਦਲਣ ਸਬੰਧੀ ਕਾਰਵਾਈ ਰਸਮੀ ਤੌਰ ‘ਤੇ ਸ਼ੁਰੂ ਹੋ ਗਈ ਹੈ ਅਤੇ ਭਵਿੱਖ ਵਿੱਚ ਇਸ ਵਿਭਾਗ ਨੂੰ ਡਾਇਰੈਕਟੋਰੇਟ ਆਫ ਸਕੂਲ ਐਜੂਕੇਸ਼ਨ ਦੇ ਨਾਮ ਨਾਲ ਜਾਣਿਆ ਜਾਵੇਗਾ।

Scroll to Top