Site icon TheUnmute.com

ਵਿਸਾਖੀ ਦੇ ਮੌਕੇ ਪਵਿੱਤਰ ਕਾਲੀ ਵੇਈ ਕੰਢੇ ਪੰਜ ਥਾਈਂ ਸਜਾਏ ਧਾਰਮਿਕ ਦੀਵਾਨ

Baisakhi

ਸੁਲਤਾਨਪੁਰ ਲੋਧੀ, 15 ਅਪ੍ਰੈਲ 2023 : ਵਿਸਾਖੀ (Baisakhi) ਦੇ ਤਿਉਹਾਰ ਮੌਕੇ ਪਵਿੱਤਰ ਕਾਲੀ ਵੇਈਂ ਦੇ ਪੱਤਣਾਂ ਤੇ ਪੰਜ ਥਾਈਂ ਧਾਰਮਿਕ ਦੀਵਾਨ ਸਜਾਏ ਗਏ ਅਤੇ ਗੁਰਸੰਗਤਾਂ ਵਲੋਂ ਇਸ਼ਨਾਨ ਕੀਤਾ ਗਿਆ। ਵੱਖ ਵੱਖ ਥਾਈਂ ਸਜਾਏ ਗਏ ਧਾਰਮਿਕ ਦੀਵਾਨਾਂ ਦੌਰਾਨ ਜੁੜੀਆਂ ਸੰਗਤਾਂ ਨੂੰ ਸੰਬੋਧਨ ਕਰਦਿਆ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਖਾਲਸਾ ਪੰਥ ਦੇ ਸਥਾਪਨਾ ਦਿਵਸ ਦੀਆਂ ਵਧਾਈਆਂ ਦਿੱਤੀਆਂ ਤੇ ਨਾਲ ਉਹਨਾਂ ਨੇ ਡਾ. ਬੀ.ਆਰ. ਅੰਬੇਡਕਰ ਜੀ ਨੂੰ ਉਨ੍ਹਾਂ ਦੇ 132ਵੇਂ ਜਨਮ ਦਿਨ ਮੌਕੇ ਯਾਦ ਕੀਤਾ।

ਉਨ੍ਹਾਂ ਨੇ ਕਿਹਾ ਕਿ ਲਗਾਤਾਰ ਵੱਧ ਰਹੇ ਜਲਵਾਯੂ ਪਰਿਵਤਰਨ ਦੇ ਪ੍ਰਕੋਮ ਨੇ ਜਿੱਥੇ ਰੁੱਤਾਂ ਦਾ ਸਮਾਂ ਬਦਲ ਕੇ ਰੱਖ ਦਿੱਤਾ ਹੈ ਉਥੇ ਹੀ ਆਮ ਲੋਕਾਂ ਜੀਵਨ ਤੇ ਇਸਦਾ ਪ੍ਰਭਾਵ ਪੈ ਰਿਹਾ ਹੈ। ਜਲਵਾਯੂ ਪਰਿਵਰਤਨ ਨੇ ਕਿਸਾਨਾਂ ਦੀਆਂ ਕਣਕ ਦੀ ਵਾਢੀ ਦਾ ਸਮਾਂ ਬਦਲਿਆ ਹੈ ਉੱਥੇ ਹੀ ਅਚਨਚੇਤ ਮੌਸਮ ਤਬਦੀਲੀ ਕਾਰਨ ਫਸਲਾਂ ਨੂੰ ਭਾਰੀ ਨੁਕਸਾਨ ਹੋ ਰਿਹਾ ਹੈ। ਉਹਨਾਂ ਸੰਗਤਾਂ ਨੂੰ ਸਮਾਗਮ ਦਾ ਇਤਿਹਾਸਿਕ ਪਿਛੋਕੜ ਦੱਸਦਿਆ ਕਿਹਾ ਕਿ ਵਿਸਾਖੀ ਵਾਲੇ ਦਿਨ ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਾਜਨਾ ਕੀਤੀ ਸੀ ਤਾਂ ਖੰਡੇ ਬਾਟੇ ਦਾ ਅੰਮ੍ਰਿਤ ਤਿਆਰ ਕਰਨ ਲਈ ਸਤਲੁਜ ਦਰਿਆ ਵਿੱਚੋਂ ਨਿਰਮਲ ਜਲ ਲਿਆ ਸੀ ਪਰ ਹੁਣ ਉਸੇ ਸਤਲੁਜ ਦਰਿਆ ਦੇ ਕੰਢੇ ਵੀ ਖੜੇ ਹੋਣਾ ਮੁਸ਼ਕਿਲ ਹੈ।

ਉਹਨਾਂ ਕਿਹਾ ਕਿ ਪੁਰਾਤਨ ਸਮੇਂ ਵਿੱਚ ਵੱਡੇ ਵਡੇਰੇ ਪਾਣੀ ਦੇ ਕੁਦਰਤੀ ਸਰੋਤਾਂ ਕਿਨਾਰੇ ਵਿਸਾਖੀ (Baisakhi) ਮਨਾਇਆ ਕਰਦੇ ਸਨ, ਤੇ ਉਹ ਕੁਦਰਤੀ ਸਰੋਤਾਂ ਨੂੰ ਗੰਧਲਾ ਨਹੀ ਸੀ ਕਰਦੇ ਸੀ। ਜਿਸ ਨਾਲ ਪਾਣੀ ਦੇ ਕੁਦਰਤੀ ਸਰੋਤਾਂ ਨਾਲ ਲੋਕਾਂ ਦੀ ਧਾਰਮਿਕ ਤੇ ਸਮਾਜਿਕ ਸਾਂਝ ਬਣੀ ਰਹਿੰਦੀ ਸੀ। ਪਰ ਸਮੇਂ ਨੇ ਇਸ ਕਦਰ ਕਰਵੱਟ ਲਈ ਕਿ ਜਿਸ ਪਾਣੀ ਨੂੰ ਸਾਡੇ ਵੱਡੇ ਵਡੇਰਿਆਂ ਤੇ ਗੁਰੂ ਸਹਿਬਾਨਾਂ ਨੇ ਪਿਤਾ ਦਾ ਦਰਜ਼ਾ ਦਿੱਤਾ ਸੀ ਅਸੀ ਉਹਨਾਂ ਨੂੰ ਹੀ ਵਿਕਾਸ ਦੇ ਨਾਂ ਤੇ ਇਸ ਕਦਰ ਪ੍ਰਦੂਸ਼ਿਤ ਕਰ ਲਿਆ ਹੈ ਕਿ ਪੀਣ ਲਈ ਵੀ ਸਾਨੂ ਪਾਣੀ ਮੁੱਲ ਲੈਣਾ ਪੈ ਰਿਹਾ ਹੈ।

ਉਨ੍ਹਾਂ ਕਿਹਾ ਕਿ ਦੇਸ਼ ਦੀਆਂ ਲਗਭਗ ਸਾਰੀਆਂ ਨਦੀਆਂ ਅੱਜ ਪ੍ਰਦੂਸ਼ਿਤ ਹੋ ਚੁੱਕੀਆਂ ਹਨ। ਜੀਵਨ ਦੇਣ ਵਾਲੇ ਪਾਣੀ ਦੇ ਕੁਦਰਤੀ ਸਰੋਤਾਂ ਪ੍ਰਤੀ ਅਜਿਹੀ ਬੇਰੁੱਖੀ ਨਾਲ ਹੀ ਮਨੁੱਖੀ ਸਿਹਤ ‘ਤੇ ਮਾੜਾ ਪ੍ਰਭਾਵ ਪੈ ਰਿਹਾ ਹੈ। ਉਹਨਾਂ ਕਿਹਾ ਕਿ ਪੰਜਾਬ ਕੋਲ ਧਰਤੀ ਹੇਠਲਾ ਪਾਣੀ ਕੇਵਲ 17 ਸਾਲ ਦਾ ਬਚਿਆ ਹੈ ਜੇਕਰ ਅਸੀ ਹੁਣ ਵੀ ਨਾ ਜਾਗੇ ਤਾ ਆਉਣ ਵਾਲੀਆਂ ਪੀੜੀਆ ਸਾਨੂੰ ਕਦੇ ਮਾਫ਼ ਨਹੀ ਕਰਨਗੀਆਂ। ਉਹਨਾਂ ਸੰਗਤਾਂ ਨੂੰ ਪਾਣੀਆਂ ਦੇ ਕੁਦਰਤੀ ਸਰੋਤਾਂ ਨੂੰ ਸਾਫ ਸੁੱਥਰਾ ਰੱਖਣ ਦੀ ਅਪੀਲ ਕੀਤੀ।

Exit mobile version