SGPC

ਮਾਨਸਾ ’ਚ ਡੇਰਾ ਖੋਲ੍ਹਣ ਦੇ ਐਲਾਨ ’ਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਪੰਜਾਬ ਸਰਕਾਰ ਰਾਮ ਰਹੀਮ ਦੀਆਂ ਗਤੀਵਿਧੀਆਂ ’ਤੇ ਲਗਾਵੇ ਰੋਕ

ਅੰਮ੍ਰਿਤਸਰ 22 ਅਕਤੂਬਰ 2022: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਡੇਰਾ ਸਿਰਸਾ ਮੁਖੀ ਵੱਲੋਂ ਮਾਨਸਾ ’ਚ ਡੇਰਾ ਖੋਲ੍ਹਣ ਦੇ ਐਲਾਨ ’ਤੇ ਪ੍ਰਤੀਕਿਰਿਆ ਦਿੰਦਿਆਂ ਸਰਕਾਰ ਪਾਸੋਂ ਇਸ ਦੀਆਂ ਗਤੀਵਿਧੀਆਂ ’ਤੇ ਤੁਰੰਤ ਰੋਕ ਲਗਾਉਣ ਦੀ ਮੰਗ ਕੀਤੀ ਹੈ। ਐਡਵੋਕੇਟ ਧਾਮੀ ਨੇ ਆਖਿਆ ਕਿ ਡੇਰਾ ਸਿਰਸਾ ਮੁਖੀ ਰਾਮ ਰਹੀਮ ਦਾ ਕਿਰਦਾਰ ਗੈਰ ਸਮਾਜਿਕ ਹੈ ਅਤੇ ਉਸ ’ਤੇ ਲੱਗੇ ਦੋਸ਼ ਬੇਹੱਦ ਸੰਗੀਨ ਹਨ। ਬਲਾਤਕਾਰ ਅਤੇ ਹੱਤਿਆ ਦੇ ਮਾਮਲਿਆਂ ਵਿਚ ਸਜ਼ਾ ਭੁਗਤ ਰਹੇ ਰਾਮ ਰਹੀਮ ਬੇਅਦਬੀ ਮਾਮਲਿਆਂ ਵਿਚ ਵੀ ਮੁੱਖ ਦੋਸ਼ੀ ਹੈ।

ਉਨ੍ਹਾਂ ਆਖਿਆ ਕਿ ਇਸ ਵਿਵਾਦਤ ਵਿਅਕਤੀ ਵੱਲੋਂ ਪੰਜਾਬ ਅੰਦਰ ਡੇਰਾ ਖੋਲ੍ਹਣ ਦੇ ਐਲਾਨ ਨਾਲ ਸਿੱਖ ਭਾਵਨਾਵਾਂ ਨੂੰ ਭਾਰੀ ਸੱਟ ਵੱਜੀ ਹੈ ਅਤੇ ਇਸ ਨਾਲ ਪੰਜਾਬ ਦਾ ਸ਼ਾਂਤ ਮਾਹੌਲ ਖਰਾਬ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਇਸ ਬੇਹੱਦ ਸੰਜੀਦਾ ਮਾਮਲੇ ’ਤੇ ਜ਼ੁੰਮੇਵਾਰੀ ਨਾਲ ਆਪਣੀ ਭੂਮਿਕਾ ਨਿਭਾਵੇ ਅਤੇ ਇਹ ਸੰਕਲਪ ਕਰੇ ਕਿ ਡੇਰਾ ਸਿਰਸਾ ਦੀ ਕੋਈ ਵੀ ਸ਼ਾਖਾ ਪੰਜਾਬ ਵਿਚ ਨਾ ਬਣੇ।

ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਆਪਣੇ ਘਟੀਆ ਕਿਰਦਾਰ ਅਤੇ ਗਤੀਵਿਧੀਆਂ ਕਰਕੇ ਜੇਲ੍ਹ ਅੰਦਰ ਬੰਦ ਰਾਮ ਰਹੀਮ ਨੂੰ ਪਹਿਲਾਂ ਹੀ ਬਾਰ-ਬਾਰ ਪੈਰੋਲ ਦੇ ਕੇ ਸਿੱਖ ਮਾਨਸਿਕਤਾ ਨੂੰ ਸੱਟ ਮਾਰੀ ਜਾ ਰਹੀ ਹੈ ਅਤੇ ਹੁਣ ਉਸ ਵੱਲੋਂ ਮਾਨਸਾ ਅੰਦਰ ਡੇਰਾ ਖੋਲ੍ਹਣ ਦਾ ਐਲਾਨ ਕਰਨਾ ਸਾਜ਼ਿਸ਼ੀ ਹੈ। ਉਨ੍ਹਾਂ ਆਖਿਆ ਕਿ ਸਿੱਖ ਕੌਮ ਉਸ ਦੀ ਇਸ ਹਰਕਤ ਨੂੰ ਕਦੇ ਵੀ ਬਰਦਾਸ਼ਤ ਨਹੀਂ ਕਰੇਗੀ।

ਸਰਕਾਰ ਨੂੰ ਚਾਹੀਦਾ ਹੈ ਕਿ ਅਜਿਹੀਆਂ ਹਰਕਤਾਂ ਕਰਨ ਵਾਲਿਆਂ ਨੂੰ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨਾਲ ਖੇਡਣ ਦੀ ਇਜਾਜ਼ਤ ਨਾ ਦੇਵੇ। ਉਨ੍ਹਾਂ ਇਕ ਵਾਰ ਫਿਰ ਸਪੱਸ਼ਟ ਕੀਤਾ ਕਿ ਡੇਰਾ ਸਿਰਸਾ ਮੁਖੀ ਰਾਮ ਰਹੀਮ ਦੀ ਪੰਜਾਬ ਅੰਦਰ ਕਿਸੇ ਵੀ ਗਤੀਵਿਧੀ ਨੂੰ ਪ੍ਰਵਾਨ ਨਹੀਂ ਕੀਤਾ ਜਾਵੇਗਾ। ਐਡਵੋਕੇਟ ਧਾਮੀ ਨੇ ਸੰਗੀਨ ਦੋਸ਼ਾਂ ਦਾ ਸਾਹਮਣਾ ਕਰ ਰਹੇ ਇਸ ਵਿਅਕਤੀ ਦੇ ਪੈਰੋਲ ’ਤੇ ਆਉਣ ਮੌਕੇ ਸੰਬੋਧਨ ਕਰਨ ’ਤੇ ਵੀ ਰੋਕ ਲਗਾਉਣ ਦੀ ਕੇਂਦਰ ਅਤੇ ਸੂਬਾ ਸਰਕਾਰਾਂ ਤੋਂ ਮੰਗ ਕੀਤੀ |

Scroll to Top