Site icon TheUnmute.com

17 ਅਕਤੂਬਰ ਨੂੰ ਜਲੰਧਰ ‘ਚ ਅੰਮ੍ਰਿਤਪਾਲ ਸਿੰਘ ਦੇ ਖ਼ਿਲਾਫ ਮਸੀਹੀ ਭਾਈਚਾਰਾ ਕਰੇਗਾ ਚੱਕਾ ਜਾਮ

Amritpal Singh

ਅੰਮ੍ਰਿਤਸਰ 15 ਅਕਤੂਬਰ 2022: ਬੀਤੇ ਦਿਨੀਂ ਵਾਰਿਸ ਪੰਜਾਬ ਦੇ ਮੁਖੀ ਭਾਈ ਅਮ੍ਰਿਤਪਾਲ ਸਿੰਘ (Amritpal Singh) ਵਲੋਂ ਪ੍ਰਭੂ ਯਿਸ਼ੂ ਮਸੀਹ ਬਾਰੇ ਦਿੱਤੇ ਬਿਆਨ ਨੂੰ ਲੈ ਕੇ ਅੱਜ ਮਸੀਹ ਭਾਈਚਾਰੇ (Christian community) ਵਲੋਂ ਅੰਮ੍ਰਿਤਸਰ ਦੇ ਵਿੱਚ ਨਿੱਜੀ ਹੋਟਲ ਵਿੱਚ ਪ੍ਰੈਸ ਵਾਰਤਾ ਕੀਤੀ ਗਈ । ਇਸ ਦੌਰਾਨ ਮਸੀਹ ਭਾਈਚਾਰੇ ਨੇ ਪੰਜਾਬ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਨੂੰ ਅਗਾਹ ਕੀਤਾ ਕਿ ਜਲਦ ਹੀ ਅੰਮ੍ਰਿਤਪਾਲ ਉੱਪਰ ਰੋਕ ਨਾ ਲਗਾਈ ਗਈ ਤਾਂ 17 ਅਕਤੂਬਰ ਨੂੰ ਪੀਏਪੀ ਚੌਕ ਨੂੰ ਬੰਦ ਕੀਤਾ ਜਾਵੇਗਾ |

ਜਾਣਕਾਰੀ ਦਿੰਦੇ ਹੋਏ ਮਸੀਹ ਭਾਈਚਾਰੇ ਦੇ ਆਗੂਆਂ ਨੇ ਕਿਹਾ ਕਿ ਸਾਡੀਆਂ ਵੱਖ ਵੱਖ ਜਥੇਬੰਦੀਆਂ ਵਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਹੈ| ਜਿਸ ਵਿੱਚ ਉਨ੍ਹਾਂ ਕਿਹਾ ਕਿ ਅਮ੍ਰਿਤਪਾਲ ਸਿੰਘ ਦਾ ਜੋ ਬਿਆਨ ਸਾਹਮਣੇ ਆਇਆ ਹੈ | ਉਸ ਨੂੰ ਲੈ ਕੇ ਮਸੀਹ ਭਾਈਚਾਰੇ ਵਿੱਚ ਕਾਫੀ ਰੋਸ ਹੈ । ਉਨ੍ਹਾਂ ਕਿਹਾ ਕਿ ਅੰਮ੍ਰਿਤਪਾਲ ਵੱਲੋਂ ਤਰ੍ਹਾਂ ਤਰ੍ਹਾਂ ਦੇ ਬਿਆਨ ਦੇ ਕੇ ਯੂਥ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ ਤੇ ਸੂਬੇ ਦਾ ਮਾਹੌਲ ਖ਼ਰਾਬ ਕਰਨ ਦੀ ਗੱਲ ਕੀਤੀ ਜਾ ਰਹੀ ਹੈ ।

ਉਨ੍ਹਾਂ ਕਿਹਾ ਕਿ ਅੱਜ ਉਨ੍ਹਾਂ ਵੱਲੋਂ ਪੰਜਾਬ ਪੁਲਿਸ ਕਮਿਸ਼ਨਰ ਨੂੰ ਉਨ੍ਹਾਂ ਵੱਲੋਂ ਇਕ ਮੰਗ ਪੱਤਰ ਦਿੱਤਾ ਗਿਆ ਹੈ, ਜਿਸ ਵਿੱਚ ਉਨ੍ਹਾਂ ਕਿਹਾ ਕਿ ਜਲਦੀ ਹੀ ਇਨ੍ਹਾਂ ਲੋਕਾਂ ਦੇ ਭੜਕਾਊ ਭਾਸ਼ਣਾਂ ਤੇ ਲਗਾਮ ਲਗਾਈ ਜਾਵੇ ਨਹੀਂ ਤਾਂ ਆਉਣ ਵਾਲੇ ਸਮੇਂ ਵਿਚ ਸੰਘਰਸ਼ ਨੂੰ ਤੇਜ਼ ਕੀਤਾ ਜਾਵੇਗਾ ਤੇ 17 ਅਕਤੂਬਰ ਨੂੰ ਪੀਏਪੀ ਚੌਕ ਵਿਖੇ ਧਰਨਾ ਲਾ ਕੇ ਆਵਾਜਾਈ ਬੰਦ ਕੀਤੀ ਜਾਵੇਗੀ |

ਬੁਲਾਰਿਆਂ ਨੇ ਕਿਹਾ ਕਿ ਪਿਛਲੇ ਕੁਝ ਮਹੀਨਿਆਂ ਤੋਂ ਪੰਜਾਬ ਦਾ ਮਾਹੌਲ ਖ਼ਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਦੋਂ ਦੀ ਪੰਜਾਬ ਸਰਕਾਰ ਬਦਲੀ ਹੈ ਉਦੋਂ ਤੋਂ ਹੀ ਸੂਬੇ ਵਿੱਚ ਨਫ਼ਰਤ ਫੈਲਾਉਣ ਦੀ ਗੱਲ ਕੀਤੀ ਜਾ ਰਹੀ ਹੈ, ਜਿਸ ਕਰਕੇ ਈਸਾਈ ਭਾਈਚਾਰੇ ਵਿੱਚ ਕਾਫੀ ਰੋਸ ਹੈ । ਪ੍ਰਭੂ ਯਿਸੂ ਮਸੀਹ ਬਾਰੇ ਅੰਮ੍ਰਿਤਪਾਲ ਸਿੰਘ ਵੱਲੋਂ ਵਰਤੀ ਸ਼ਬਦਾਵਲੀ ਨੂੰ ਲੈ ਕੇ ਉਹਨਾਂ ਕਿਹਾ ਕਿ ਪ੍ਰਭੂ ਨੇ ਖ਼ੁਦ ਇਹ ਕਿਹਾ ਸੀ ਕਿ ਜਦੋਂ ਉਹ ਇਹ ਜੀਵਨ ਤਿਆਗਣਗੇ ਤੇ ਉਸ ਤੋਂ ਤੀਸਰੇ ਦਿਨ ਬਾਅਦ ਫਿਰ ਦੁਆਰਾ ਜੀਵਿਤ ਹੋ ਜਾਣਗੇ ਇਸ ਦਾ ਇਤਿਹਾਸ ਗਵਾਹ ਹੈ ।

ਉਨ੍ਹਾਂ ਨੇ ਪੰਜਾਬ ਪੁਲਿਸ ਤੇ ਪੰਜਾਬ ਸਰਕਾਰ ਕੋਲੋਂ ਮੰਗ ਕੀਤੀ ਹੈ ਕਿ ਅਸੀਂ ਪਿਛਲੇ ਦਿਨੀਂ ਵੀ ਪੰਜਾਬ ਬੰਦ ਕਰਨ ਦੀ ਗੱਲ ਕੀਤੀ ਸੀ ਪਰ ਹੁਣ ਜੇ ਇਨ੍ਹਾਂ ਲੋਕਾਂ ‘ਤੇ ਲਗਾਮ ਨਾ ਪਾਈ ਗਈ ਤਾਂ ਆਉਣ ਵਾਲੇ ਸਮੇਂ ਵਿਚ ਪੰਜਾਬ ਬੰਦ ਦੀ ਕਾਲ ਨੂੰ ਪੂਰਾ ਕੀਤਾ ਜਾਵੇਗਾ । ਇਸ ਦੌਰਾਨ ਮਸੀਹ ਭਾਈਚਾਰਾ ਆਗੂ ਲੁਕਸ ਮਸੀਹ, ਆਲ ਇੰਡੀਆ ਕ੍ਰਿਸਚੀਅਨ ਕਮਿਊਨਿਟੀ ਪੰਜਾਬ ਪ੍ਰਧਾਨ ਜੋਨ ਕੋਟਲੀ ਅਤੇ ਆਲ ਇੰਡੀਆ ਕ੍ਰਿਸਚੀਅਨ ਕਮਿਊਨਿਟੀ ਚੇਅਰਮੈਨ ਪੂਰਨ ਸਫਰੀ ਮੌਜੂਦ ਰਹੇ |

ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਅੰਮ੍ਰਿਤਪਾਲ ਸਿੰਘ ਵੱਲੋਂ ਦਿੱਤੇ ਬਿਆਨ ਵਿਚ ਕਿਹਾ ਗਿਆ ਸੀ ਕਿ ਪ੍ਰਭੂ ਯਸ਼ੂ ਮਸੀਹ ਆਪਣੇ ਆਪ ਨੂੰ ਨਹੀਂ ਬਚਾ ਸਕੇ, ਉਹ ਆਪਣੇ ਲੋਕਾਂ ਦੀ ਰਾਖੀ ਕਿਸ ਤਰ੍ਹਾਂ ਕਰਨਗੇ| ਜਿਸ ਤੋਂ ਬਾਅਦ ਲਗਾਤਾਰ ਮਸੀਹ ਭਾਈਚਾਰੇ ਵੱਲੋਂ ਹੁਣ ਅੰਮ੍ਰਿਤਪਾਲ ਸਿੰਘ ਦੇ ਖਿਲਾਫ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ |

Exit mobile version