July 2, 2024 9:04 pm
ਨਵਾਂਸ਼ਹਿਰ

ਪੰਜਾਬ ਸਰਕਾਰ ਦੀ ਵਾਅਦਾ ਖ਼ਿਲਾਫੀ ਵਿਰੁੱਧ 16 ਨਵੰਬਰ ਨੂੰ ਸੰਯੁਕਤ ਕਿਸਾਨ ਮੋਰਚਾ ਗੈਰ-ਰਾਜਨੀਤਕ ਵਲੋਂ ਸੂਬੇ ‘ਚ ਚੱਕਾ ਜਾਮ ਕਰਨ ਦਾ ਐਲਾਨ

ਚੰਡੀਗੜ੍ਹ 11 ਨਵੰਬਰ 2022: ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਕ ਦੇ ਸੀਨੀਅਰ ਆਗੂ ਤੇ ਸੂਬਾ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਸ. ਜਗਜੀਤ ਸਿੰਘ ਡੱਲੇਵਾਲ ਨੇ ਪ੍ਰੈਸ ਬਿਆਨ ਜਾਰੀ ਕਰਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਵੱਲੋਂ 6 ਅਕਤੂਬਰ ਨੂੰ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਨਾਲ ਹੋਈ ਮੀਟਿੰਗ ਵਿੱਚ ਮੰਨੀਆਂ ਗਈਆਂ ਮੰਗਾ ਸਬੰਧੀ ਨੋਟੀਫਿਕੇਸ਼ਨ ਜਾਰੀ ਨਾਂ ਕਰਕੇ ਪੰਜਾਬ ਸਰਕਾਰ ਵੱਲੋ ਕਿਸਾਨਾਂ ਨਾਲ ਕੀਤੀ ਵਾਅਦਾ ਖ਼ਿਲਾਫੀ ਦੇ ਰੋਸ ਵੱਜੋਂ 16 ਨਵੰਬਰ ਨੂੰ ਪੰਜਾਬ ਵਿੱਚ 4 ਜਗ੍ਹਾ ਧਰੇੜੀ ਜੱਟਾਂ ਟੋਲ ਪਲਾਜ਼ਾ ਰਾਜਪੁਰਾ ਪਟਿਆਲਾ ਰੋਡ, ਟਹਿਣਾ ਟੀ ਪੁਆਇੰਟ ਫਰੀਦਕੋਟ, ਭੰਡਾਰੀ ਪੁਲ ਅੰਮ੍ਰਿਤਸਰ ਸਾਹਿਬ,ਅਤੇ ਮਾਨਸੇ ਵਿਖੇ ਚੱਕਾ ਜਾਮ ਕੀਤਾ ਜਾਵੇਗਾ।

ਸ਼ਹੀਦ ਕਿਸਾਨਾਂ ਦੇ ਪਾਰਿਵਾਰਿਕ ਮੈਂਬਰਾ ਨੂੰ ਮੁਆਵਜ਼ਾ ਤੇ ਸਰਕਾਰੀ ਨੌਕਰੀ,ਜੁਮਲਾ ਮਾਲਕਾਨ ਜਮੀਨ ਦੇ ਮਾਲਕ ਕਿਸਾਨਾਂ ਨੂੰ ਉਨ੍ਹਾਂ ਦਾ ਮਾਲਕੀ ਹੱਕ ਦਬਾਉਣ ਲਈ, ਗੁਲਾਬੀ ਸੁੰਡੀ ਨਾਲ ਨੁਕਸਾਨੇ ਨਰਮੇਂ, ਚਾਈਨਾ ਵਾਇਰਸ ਨਾਲ ਨੁਕਸਾਨੇ ਅਤੇ ਬਰਸਾਤ ਨਾਲ ਨੁਕਸਾਨੇ ਝੋਨੇ ਦਾ ਮੁਆਵਜ਼ਾ, ਕਿਸਾਨਾਂ ਉੱਪਰ ਪਰਾਲੀ ਦੇ ਕੀਤੇ ਪਰਚੇ ਤੇ ਫਰਦ ਵਿੱਚ ਰੈਡ ਐਟਰੀਆਂ ਰੱਦ ਕਰਵਾਉਣ,ਗੁਰੂ ਕਾਸ਼ੀ ਯੂਨੀਵਰਸਿਟੀ ਦੇ ਹਜ਼ਾਰਾਂ ਵਿਦਿਆਰਥੀਆਂ ਦੇ ਭਵਿੱਖ ਨਾਲ ਖਿਲਵਾੜ ਕਰਨ ਵਾਲੇ ਦੋਸ਼ੀ ਵੀ.ਸੀ ਉੱਪਰ ਕਾਰਵਾਈ ਕਰਵਾਉਣ ਲਈ, 5 ਨਵੰਬਰ ਨੂੰ ਖੰਡ ਮਿੱਲਾ ਚਾਲੂ ਕਰਨ ਦਾ ਵਾਅਦਾ ਕਰਕੇ ਮੁਕਰਨ ਦੇ ਰੋਸ ਅਤੇ ਖੰਡ ਮਿੱਲਾਂ ਨੂੰ ਤੁਰੰਤ ਚਾਲੂ ਕਰਨ ਦੀ ਮੰਗ ਨੂੰ ਲੈ ਕੇ,ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਤਾਇਨਾਤ ਜ਼ਮੀਨਾਂ ਦਾ ਮੁਆਵਜ਼ਾ ਵੰਡਣ ਵਿਚ ਘਪਲੇਬਾਜ਼ੀ ਕਰਨ ਵਾਲੇ ਦੋਸ਼ੀ SDM ਉੱਪਰ ਕਾਰਵਾਈ ਕਰਵਾਉਣ,ਆਦਿ ਮੰਗਾਂ ਨੂੰ ਲੈ ਕੇ ਤੇ ਸਰਕਾਰ ਤੱਕ ਆਪਣੀ ਆਵਾਜ ਪਹੁੰਚਾਉਣ ਲਈ ਅਤੇ ਸੁੱਤੀ ਪਈ ਸਰਕਾਰ ਨੂੰ ਜਗਾਉਣ ਲਈ ਚੱਕਾ ਜਾਮ ਕੀਤਾ ਜਾਵੇਗਾ।

ਉਹਨਾਂ ਸਾਰੇ ਪੰਜਾਬ ਵਾਸੀਆਂ ਨੂੰ ਬੇਨਤੀ ਕਰਦੇ ਹੋਏ ਕਿਹਾ ਕਿ ਉਹਨਾਂ ਵੱਲੋਂ ਇਹ ਜੋ ਸੰਘਰਸ਼ ਲੜੇ ਜਾ ਰਹੇ ਹਨ ਇਹ ਤੁਹਾਡੇ ਪੰਜਾਬ ਵਾਸੀਆਂ ਲਈ ਅਤੇ ਤੁਹਾਡੇ ਲਈ ਹੀ ਲੜੇ ਜਾ ਰਹੇ ਹਨ ਹੈ। ਇਸ ਲਈ ਸਾਡਾ ਸਾਥ ਦਿੰਦੇ ਹੋਏ ਉਸ ਦਿਨ ਇਨ੍ਹਾਂ ਪੁਆਇੰਟਾਂ ਉੱਪਰ ਸਫ਼ਰ ਕਰਨ ਤੋਂ ਪਰਹੇਜ਼ ਕਰਦੇ ਹੋਏ ਹੋਰ ਰਸਤਿਆਂ ਤੋਂ ਸਫਰ ਕੀਤਾ ਜਾਵੇ। ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਕਈ ਜਗ੍ਹਾ ਸ਼ਾਂਤਮਈ ਧਰਨੇ ਚਲਦਿਆਂ ਨੂੰ ਮਹੀਨੇ ਬੀਤ ਗਏ ਹਨ ਪ੍ਰੰਤੂ ਸਰਕਾਰ ਦੇ ਕੰਨਾਂ ਤੱਕ ਅਵਾਜ ਨਹੀਂ ਪਹੁੰਚੀ ਇਸ ਲਈ ਸੜਕਾਂ ਉੱਪਰ ਆਕੇ ਸੰਘਰਸ਼ ਕਰਨਾ ਉਨ੍ਹਾਂ ਦੀ ਮਜਬੂਰੀ ਬਣ ਗਈ ਹੈ ਅਤੇ ਜੇਕਰ ਸਰਕਾਰ ਕਿਸਾਨਾਂ,ਮਜ਼ਦੂਰਾਂ ਅਤੇ ਪੰਜਾਬ ਵਾਸੀਆਂ ਪ੍ਰਤੀ ਸੁਹਿਰਦ ਹੁੰਦੀ ਅਤੇ ਮੀਟਿੰਗ ਵਿੱਚ ਮੰਨੀਆਂ ਮੰਗਾਂ ਅਤੇ ਸ਼ਾਂਤਮਈ ਧਰਨਾ ਦੇ ਰਹੇ ਕਿਸਾਨਾਂ ਦੀਆਂ ਮੰਗਾਂ ਨੂੰ ਮੰਨਣ ਉਪਰੰਤ ਉਸ ਦਾ ਨੋਟੀਫ਼ਿਕੇਸ਼ਨ ਜਾਰੀ ਕਰਦੀ ਤਾਂ ਉਹਨਾਂ ਨੂੰ ਸੜਕਾਂ ਉੱਪਰ ਆਉਣ ਦੀ ਜਰੂਰਤ ਹੀ ਨਹੀ ਪੈਣੀ ਸੀ।

ਉਹਨਾਂ ਕਿਹਾ ਕਿ ਪੰਜਾਬ ਸਰਕਾਰ ਦੀ ਕਹਿਣੀ ਅਤੇ ਕਰਨੀ ਵਿਚ ਅੰਤਰ ਦਾ ਪਤਾ ਪੰਜਾਬ ਵਾਸੀ ਇਸ ਗੱਲ ਤੋ ਹੀ ਲਗਾ ਸਕਦੇ ਹਨ ਕਿ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਨਾਲ ਹੋਈ ਮੀਟਿੰਗ ਨੂੰ ਇੱਕ ਮਹੀਨੇ ਤੋਂ ਉੱਪਰ ਦਾ ਸਮਾਂ ਬੀਤ ਗਿਆ ਹੈ ਪਰ ਮਾਣਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਕਿਸਾਨਾਂ ਦੀਆ ਮੰਨੀਆ ਗਈਆ ਮੰਗਾਂ ਦੇ ਸੰਬੰਧ ਵਿੱਚ ਅੱਜ ਤੱਕ ਕੋਈ ਵੀ ਨੋਟੀਫਿਕੇਸ਼ਨ ਜਾਰੀ ਨਹੀ ਕੀਤਾ ਗਿਆ ਹੈ। ਜਗਜੀਤ ਸਿੰਘ ਡੱਲੇਵਾਲ ਨੇ ਅੱਗੇ ਗੱਲਬਾਤ ਕਰਦਿਆਂ ਦੱਸਿਆ ਕਿ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਧਿਆਨ ਵਿੱਚ ਆਇਆਂ ਹੈ ਕਿ ਇਸ ਸਮੇਂ ਤੱਕ ਕੋਆਪ੍ਰੇਟਿਵ ਸੁਸਾਇਟੀਆ ਵਿੱਚ ਜੋ ਡੀ.ਏ.ਪੀ ਖਾਦ ਆਇਆਂ ਹੈ ਉਹ ਵੀ 40 ਤੋਂ 45 ਪ੍ਰਤੀਸ਼ਤ ਹੀ ਹੈ।

ਕਈ ਇਸ ਤਰ੍ਹਾਂ ਦੀਆਂ ਸੁਸਾਇਟੀਆ ਵੀ ਹਨ ਜਿੱਥੇ 40 ਪ੍ਰਤੀਸ਼ਤ ਵੀ ਖਾਦ ਨਹੀ ਆਈ ਉਦਾਹਰਣ ਦੇ ਤੌਰ ਤੇ ਜਿਸ ਕੋਆਪ੍ਰੇਟਿਵ ਸੁਸਾਇਟੀਆ ਨੂੰ 3000 ਥੈਲਾ ਚਾਹੀਦਾ ਸੀ ਉਸ ਨੂੰ 600 ਥੈਲਾ ਦਿੱਤਾ ਗਿਆ ਹੈ ਅਤੇ ਡੀ.ਏ.ਪੀ ਮੁਹੱਈਆ ਕਰਵਾਉਣ ਵਾਲੀਆ ਸਰਕਾਰੀ ਏਜੰਸੀਆਂ ਵੱਲੋਂ ਵੀ ਪੱਖਪਾਤ ਕੀਤਾ ਜਾ ਰਿਹਾ ਹੈ ਉਹਨਾਂ ਸਰਕਾਰ ਨੂੰ ਪੁੱਛਿਆ ਕਿ ਕਿਸਾਨਾਂ ਦੀਆ 3000 ਥੈਲੇ ਦੀ ਮੰਗ ਵਾਲੀਆਂ ਸੁਸਾਇਟੀਆਂ ਇਹ 600 ਥੈਲਾ ਕਿਸ ਤਰ੍ਹਾਂ ਕਿਸਾਨਾਂ ਵਿੱਚ ਵੰਡਣ।

ਉਹਨਾਂ ਕਿਹਾ ਕਿ ਕੋਆਪ੍ਰੇਟਿਵ ਸੁਸਾਇਟੀਆ ਪ੍ਰਤੀ ਸਰਕਾਰ ਦੀ ਇਸ ਬੇਰੁਖੀ ਕਾਰਨ ਹੀ ਕਿਸਾਨਾਂ ਨੂੰ ਮਜਬੂਰੀ ਵੱਸ ਪ੍ਰਾਈਵੇਟ ਡੀਲਰਾਂ ਤੋਂ D.A.P ਲੈਣਾ ਪੈ ਰਿਹਾ ਹੈ ਜਿੱਥੇ ਉਹਨਾਂ ਦੀ DAP ਨਾਲ ਹੋਰ ਵਾਧੂ ਸਮਾਨ ਦੇ ਕੇ ਅੰਨੀ ਲੁੱਟ ਕੀਤੀ ਜਾ ਰਹੀ ਹੈ ਅਤੇ ਸਰਕਾਰ ਦੀ ਕਿਸਾਨੀ ਪ੍ਰਤੀ ਸੰਜੀਦਗੀ ਦਾ ਪਤਾ ਵੀ ਇਸ ਗੱਲ ਤੋ ਹੀ ਲੱਗਦਾ ਹੈ ਕਿ ਬਜਾਰ ਵਿੱਚ ਡੀ.ਏ.ਪੀ ,ਯੂਰੀਆ ਸਪਲਾਈ ਕਰਨ ਵਾਲੀਆ ਕੰਪਨੀਆ ਉੱਤੇ ਵਾਧੂ ਸਮਾਨ ਖਾਦ ਨਾਲ ਭੇਜਣ ਤੋਂ ਰੋਕਣ ਲਈ ਸਰਕਾਰ ਵੱਲੋ ਨਕੇਲ ਕੱਸ ਕੇ ਬਜ਼ਾਰ ਵਿੱਚ ਕਿਸਾਨਾ ਦੀ ਹੋ ਰਹੀ ਅੰਨੀ ਲੁੱਟ ਇਸ ਲਈ ਹੀ ਨਹੀ ਰੋਕੀ ਜਾ ਰਹੀ ਹੈ।