ਬਿਜਲੀ ਵਿਭਾਗ

ਬਿਜਲੀ ਬਿੱਲ ਨਾ ਭਰਨ ‘ਤੇ ਬਿਜਲੀ ਵਿਭਾਗ ਨੇ ਫਿਲੌਰ ਦੇ ਵਿਧਾਇਕ, ਸਬ-ਤਹਿਸੀਲ ਤੇ ਸਕੂਲ ਸਮੇਤ ਕਈ ਮਹਿਕਮਿਆਂ ਦੇ ਕੱਟੇ ਕਨੈਕਸਨ

ਫਿਲੌਰ 20 ਅਕਤੂਬਰ 2022: ਜਲੰਧਰ ਦੇ ਫਿਲੌਰ ਹਲਕੇ ਵਿਚ ਬਿਜਲੀ ਵਿਭਾਗ ਵਲੋਂ ਕਈ ਸਰਕਾਰੀ ਵਿਭਾਗਾਂ ਦੇ ਖ਼ਿਲਾਫ਼ ਵੱਡੀ ਕਾਰਵਾਈ ਕੀਤੀ ਜਾ ਰਹੀ ਹੈ । ਸਬ-ਡਿਵੀਜ਼ਨ ਪੀਐਸਪੀਸੀਐਲ ਦਫ਼ਤਰ ਗੋਰਾਇਆ ਦੇ ਅਧੀਨ ਆਉਂਦੀ ਸਬ-ਤਹਿਸੀਲ ਗੋਰਾਇਆ, ਫਿਲੌਰ, ਸਰਕਾਰੀ ਦਫਤਰਾਂ, ਸਕੂਲਾਂ, ਸੁਵਿਧਾ ਕੇਂਦਰਾ ਵੱਲ ਮਹਿਕਮਿਆਂ ਦਾ ਲੱਖਾਂ ਰੁਪਏ ਦਾ ਬਿਜਲੀ ਦਾ ਬਿੱਲ ਬਕਾਇਆ ਹੈ |

ਅੱਜ ਮਹਿਕਮੇ ਨੇ ਵੱਡੀ ਕਾਰਵਾਈ ਕਰਦੇ ਹੋਏ ਇਨ੍ਹਾਂ ਵਿਭਾਗਾਂ ਦੇ ਬਿਜਲੀ ਦੇ ਕੁਨੈਕਸ਼ਨ ਕੱਟ ਦਿੱਤੇ ਹਨ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਪੀਐੱਸਪੀਸੀਐੱਲ ਦਫ਼ਤਰ ਗੋਰਾਇਆ ਦੇ ਐਕਸੀਅਨ ਹਰਦੀਪ ਕੁਮਾਰ ਨੇ ਦੱਸਿਆ ਕਿ ਹਲਕਾ ਫਿਲੌਰ ਤੋਂ ਵਿਧਾਇਕ ਚੌਧਰੀ ਵਿਕਰਮਜੀਤ ਦੀ ਕੋਠੀ ਦਾ ਕਰੀਬ ਤਿੰਨ ਲੱਖ ਤੋਂ ਵੱਧ ਬਿਜਲੀ ਦਾ ਬਿੱਲ ਬਕਾਇਆ ਖੜ੍ਹਾ ਹੈ |

ਇਸਦੇ ਨਾਲ ਹੀ ਸਬ-ਤਹਿਸੀਲ ਗੋਰਾਇਆ ਅਤੇ ਪਟਵਾਰਖਾਨੇ ਵੱਲ ਕਰੀਬ 14 ਲੱਖ ਰੁਪਏ ਤੋਂ ਵੱਧ ਬਿਜਲੀ ਬਿੱਲ ਬਕਾਇਆ ਖੜ੍ਹਾ ਹੈ। ਇਸ ਤੋਂ ਇਲਾਵਾ ਐਸਡੀਐਮ ਦਫਤਰ ਫਿਲੌਰ, ਤਹਿਸੀਲ ਫਿਲੌਰ, ਪਟਵਾਰਖਾਨਾ ਫਿਲੌਰ ਵੱਲ ਦੱਸ ਲੱਖ ਦੇ ਕਰੀਬ ਬਿਜਲੀ ਦਾ ਬਿੱਲ ਬਕਾਇਆ ਹੈ, ਜੰਗਲਾਤ ਵਿਭਾਗ ਫਿਲੌਰ ,ਸੁਵਿਧਾ ਕੇਂਦਰ ਫਿਲੌਰ ,ਅਤੇ ਹਲਕਾ ਫਿਲੌਰ ਦੇ ਅੱਠ ਤੋਂ ਦੱਸ ਸਰਕਾਰੀ ਸਕੂਲਾਂ ਵੱਲ ਬਿਜਲੀ ਦਾ ਬਿੱਲ ਬਕਾਇਆ ਖੜ੍ਹਾ ਹੈ, ਜਿਨ੍ਹਾਂ ਵੱਲੋਂ ਪੈਸੇ ਨਹੀਂ ਦਿੱਤੇ ਜਾ ਰਹੇ ਜਿਸ ‘ਤੇ ਕਾਰਵਾਈ ਕਰਦੇ ਹੋਏ ਇਨ੍ਹਾਂ ਸਾਰੇ ਦਫਤਰਾਂ ਅਤੇ ਸਕੂਲਾਂ ਦੇ ਬਿਜਲੀ ਦੇ ਕੁਨੈਕਸ਼ਨ ਮਹਿਕਮੇ ਵੱਲੋਂ ਕੱਟ ਦਿੱਤੇ ਗਏ ਹਨ।

ਉਨ੍ਹਾਂ ਕਿਹਾ ਕਿ ਵੀਰਵਾਰ ਨੂੰ ਵੀ ਕਾਰਵਾਈ ਜਾਰੀ ਰਹੇਗੀ ਅਤੇ ਜਿੰਨ੍ਹਾਂ ਮਹਿਕਮਿਆਂ ਨੇ ਬਿਜਲੀ ਦੇ ਬਿੱਲ ਨਹੀਂ ਭਰੇ, ਉਨ੍ਹਾਂ ‘ਤੇ ਵੀ ਕਾਰਵਾਈ ਕੀਤੀ ਜਾਵੇਗੀ ਅਤੇ ਕੁਨੈਕਸ਼ਨ ਕੱਟੇ ਜਾਣਗੇ ।ਐਕਸ਼ਨ ਹਰਦੀਪ ਨੇ ਕਿਹਾ ਕਿ ਇਹ ਕੁਨੈਕਸ਼ਨ ਸਿੱਧੇ ਨਹੀਂ ਕੱਟੇ, ਬਕਾਇਦਾ ਨੋਟਿਸ ਜਾਰੀ ਕੀਤੇ ਗਏ ਹਨ ਪਰ ਇਨ੍ਹਾਂ ਵੱਲੋਂ ਕੋਈ ਵੀ ਜਵਾਬ ਨਹੀਂ ਆਇਆ |  ਉੱਥੇ ਹੀ ਪਤਾ ਲੱਗਾ ਹੈ ਕਿ ਕਈ ਮਹਿਕਮੇ ਕੋਲ ਪੈਸੇ ਤਾਂ ਆਏ ਹੋਏ ਹਨ ਪਰ ਮਨਿਸਟਰੀਅਲ ਹੜਤਾਲ ਹੋਣ ਕਾਰਨ ਪੇਮੈਂਟ ਨਹੀਂ ਕੀਤੀ ਜਾ ਰਹੀ, ਜਿਸ ਕਾਰਨ ਕਈ ਦਫਤਰਾਂ ‘ਤੇ ਕਾਰਵਾਈ ਹੋਈ ਹੈ।

ਉਨ੍ਹਾਂ ਅਪੀਲ ਕਰਦੇ ਹੋਏ ਕਿਹਾ ਸਾਰੇ ਹੀ ਉਪਭੋਗਤਾ ਅਤੇ ਦਫ਼ਤਰ ਆਪਣਾ ਆਪਣਾ ਬਿਜਲੀ ਦਾ ਬਿਲ ਜਮ੍ਹਾਂ ਕਰਵਾਉਣ ਤਾਂ ਕਿ ਸਾਨੂੰ ਕੁਨੈਕਸ਼ਨ ਕੱਟਣ ਲਈ ਨਾ ਆਉਣਾ ਪਵੇ । ਇਸ ਸਬੰਧੀ ਨਾਇਬ ਤਹਿਸੀਲਦਾਰ ਗੋਰਾਇਆ ਨਾਲ ਗੱਲਬਾਤ ਕੀਤੀ ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਦਫ਼ਤਰ ਅਤੇ ਪਟਵਾਰ ਖਾਨੇ ਦਾ ਕਰੀਬ ਚੌਦਾਂ ਪੰਦਰਾਂ ਲੱਖ ਰੁਪਏ ਬਿਜਲੀ ਦਾ ਬਿੱਲ ਬਕਾਇਆ ਖੜ੍ਹਾ ਹੈ, ਹੜਤਾਲ ਹੋਣ ਕਾਰਨ ਪੇਮੇਂਟ ਨਹੀਂ ਹੋਈ, ਇਸ ਸੰਬੰਧੀ ਡੀਸੀ ਸਾਹਿਬ ਨੂੰ ਲਿਖ ਕੇ ਭੇਜਿਆ ਜਾ ਰਿਹਾ ਹੈ ।

Scroll to Top