Site icon TheUnmute.com

CM ਭਗਵੰਤ ਸਿੰਘ ਮਾਨ ਦੇ ਨਿਰਦੇਸ਼ਾਂ ਤੋਂ ਬਾਅਦ ਹੜ੍ਹ ਪੀੜਤਾਂ ਨੂੰ ਰਾਹਤ ਰਾਸ਼ੀ ਵੰਡਣ ਦੀ ਪ੍ਰਕਿਰਿਆ ਤੇਜ਼: ਬ੍ਰਮ ਸ਼ੰਕਰ ਜਿੰਪਾ

Bram Shankar Jimpa
ਚੰਡੀਗੜ੍ਹ, 31 ਅਗਸਤ 2023: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਿਰਦੇਸ਼ਾਂ ਤੋਂ ਬਾਅਦ ਹੜ੍ਹ ਪੀੜਤਾਂ (flood victims) ਨੂੰ ਰਾਹਤ ਰਾਸ਼ੀ ਵੰਡਣ ਦੀ ਪ੍ਰਕਿਰਿਆ ਤੇਜ਼ ਕਰ ਦਿੱਤੀ ਗਈ ਹੈ। ਮਾਲ, ਮੁੜ ਵਸੇਬਾ ਅਤੇ ਆਫਤ ਪ੍ਰਬੰਧਨ ਮੰਤਰੀ ਬ੍ਰਮ ਸ਼ੰਕਰ ਜਿੰਪਾ ਨੇ ਦੱਸਿਆ ਕਿ ਹਾਲ ਦੀ ਘੜੀ ਕੇਂਦਰ ਸਰਕਾਰ ਵੱਲੋਂ ਜਾਰੀ ਨਿਯਮਾਂ ਮੁਤਾਬਿਕ ਰਾਹਤ ਰਾਸ਼ੀ ਦਿੱਤੀ ਜਾ ਰਹੀ ਹੈ। ਉਨਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਚਾਹੁੰਦੇ ਸਨ ਕਿ ਵੱਖ-ਵੱਖ ਮਦਾਂ ਤਹਿਤ ਰਾਹਤ ਰਾਸ਼ੀ ਵਧਾਈ ਜਾਵੇ ਪਰ ਕੇਂਦਰ ਸਰਕਾਰ ਵੱਲੋਂ ਕੋਈ ਹਾਂ ਪੱਖੀ ਹੁੰਗਾਰਾ ਨਾ ਮਿਲਣ ਤੋਂ ਬਾਅਦ ਹੁਣ ਜ਼ਿਲ੍ਹਾ ਪੱਧਰ ‘ਤੇ ਰਾਹਤ ਰਾਸ਼ੀ ਵੰਡਣ ਦਾ ਕਾਰਜ ਤੇਜ਼ ਕਰ ਦਿੱਤਾ ਹੈ।
ਜਿੰਪਾ ਨੇ ਦੱਸਿਆ ਕਿ ਫਸਲਾਂ ਦੇ ਖਰਾਬੇ ਸਬੰਧੀ ਹਾਲੇ ਮੁਕੰਮਲ ਰਿਪੋਰਟਾਂ ਪ੍ਰਾਪਤ ਨਹੀਂ ਹੋਈਆਂ ਪਰ ਜਿੱਥੋਂ-ਜਿੱਥੋਂ ਗਿਰਦਾਵਰੀ ਰਿਪੋਰਟ ਮਿਲ ਰਹੀ ਹੈ ਉਨ੍ਹਾਂ ਜ਼ਿਲ੍ਹਿਆਂ ‘ਚ ਰਾਹਤ ਰਾਸ਼ੀ ਵੰਡੀ ਜਾ ਰਹੀ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ 16 ਜ਼ਿਲ੍ਹਿਆਂ ਨੂੰ 186.12 ਕਰੋੜ ਰੁਪਏ ਦੀ ਰਾਸ਼ੀ 21 ਅਗਸਤ ਨੂੰ ਜਾਰੀ ਕੀਤੀ ਸੀ। ਇਸ ਰਾਸ਼ੀ ਵਿਚੋਂ 30 ਅਗਸਤ ਤੱਕ 6 ਕਰੋੜ 78 ਲੱਖ 69,369 ਰੁਪਏ ਵੰਡੇ ਜਾ ਚੁੱਕੇ ਹਨ। ਉਨ੍ਹਾਂ ਕਿਹਾ ਕਿ ਇਹ ਪਹਿਲੀ ਵਾਰ ਹੈ ਜਦੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਨੇ ਝੋਨੇ ਦੀ ਖਰਾਬ ਹੋਈ ਪਨੀਰੀ ਦਾ 6800 ਰੁਪਏ ਪ੍ਰਤੀ ਏਕੜ ਦਾ ਮੁਆਵਜ਼ਾ ਦਿੱਤਾ ਹੈ।
ਉਨ੍ਹਾਂ ਦੱਸਿਆ ਕਿ ਹੜ੍ਹਾਂ (flood victims) ਦੌਰਾਨ ਸੂਬੇ ਵਿਚ 68 ਲੋਕਾਂ ਦੀ ਜਾਨ ਗਈ ਸੀ ਜਿਨ੍ਹਾਂ ਵਿਚੋਂ 62 ਲੋਕਾਂ ਦੇ ਪਰਿਵਾਰਕ ਮੈਂਬਰਾਂ ਨੂੰ ਪ੍ਰਤੀ ਮਨੁੱਖ 4 ਲੱਖ ਰੁਪਏ ਦੀ ਰਾਸ਼ੀ ਦਿੱਤੀ ਜਾ ਚੁੱਕੀ ਹੈ। ਇਸੇ ਤਰ੍ਹਾਂ ਵੱਖ-ਵੱਖ ਜ਼ਿਲ੍ਹਿਆਂ ਵਿਚੋਂ 545 ਘਰਾਂ ਨੂੰ ਨੁਕਸਾਨ ਪੁੱਜਣ ਦੀ ਰਿਪੋਰਟ ਮਿਲੀ ਸੀ ਜਿਨ੍ਹਾਂ ਵਿਚੋਂ 306 ਘਰਾਂ ਨੂੰ ਪ੍ਰਤੀ ਘਰ 1.20 ਲੱਖ ਰੁਪਏ ਮੁਆਵਜ਼ਾਂ ਰਾਸ਼ੀ ਦਿੱਤੀ ਜਾ ਚੁੱਕੀ ਹੈ। ਇਸੇ ਤਰ੍ਹਾਂ 3752 ਮਾਮੂਲੀ ਰੂਪ ਵਿਚ ਨੁਕਸਾਨੇ ਗਏ ਘਰਾਂ ਵਿਚੋਂ 2514 ਘਰਾਂ ਨੂੰ ਬਣਦੀ ਮੁਆਵਜ਼ਾਂ ਰਾਸ਼ੀ ਦਿੱਤੀ ਜਾ ਚੁੱਕੀ ਹੈ।
ਜਿੰਪਾ ਨੇ ਦੱਸਿਆ ਕਿ ਪਸ਼ੂ ਧੰਨ ਦੇ ਨੁਕਸਾਨ ਦੀ ਪੂਰਤੀ ਲਈ ਵੀ ਮੁਆਵਜ਼ਾਂ ਰਾਸ਼ੀ ਦਿੱਤੀ ਜਾ ਰਹੀ ਹੈ। ਹੜ੍ਹਾਂ ਕਾਰਣ ਸੂਬੇ ਵਿਚ ਕੁੱਲ 155 ਮੱਝਾਂ-ਗਾਂਵਾਂ ਦੀ ਜਾਨ ਜਾਣ ਦੀਆਂ ਰਿਪੋਰਟਾਂ ਪ੍ਰਾਪਤ ਹੋਈਆਂ ਸਨ ਜਿਨ੍ਹਾਂ ਵਿਚੋਂ 99 ਪਸ਼ੂਆਂ ਦਾ ਪ੍ਰਤੀ ਪਸ਼ੂ 37,500 ਰੁਪਏ ਦੇ ਹਿਸਾਬ ਨਾਲ ਮੁਆਵਜ਼ਾਂ ਦੇ ਦਿੱਤਾ ਗਿਆ ਹੈ। ਇਸੇ ਤਰ੍ਹਾਂ ਪੋਲਟਰੀ ਧੰਦੇ ਵਿਚ 14821 ਜਾਨਵਰਾਂ ਵਿਚੋਂ 14520 ਦਾ ਬਣਦਾ ਮੁਆਵਜ਼ਾਂ ਦਿੱਤਾ ਜਾ ਚੁੱਕਾ ਹੈ।
ਉਨ੍ਹਾਂ ਕਿਹਾ ਕਿ ਡਿਪਟੀ ਕਮਿਸ਼ਨਰਾਂ ਨੂੰ ਹਦਾਇਤਾਂ ਦਿੱਤੀਆਂ ਗਈਆਂ ਹਨ ਕਿ ਮੁਆਵਜ਼ਾਂ ਰਾਸ਼ੀ ਹੱਕਦਾਰ ਲੋਕਾਂ ਨੂੰ ਪੂਰੀ ਪਾਰਦਰਸ਼ੀ ਅਤੇ ਖੱਜਲ-ਖੁਆਰੀ ਰਹਿਤ ਦਿੱਤੀ ਜਾਵੇ। ਉਨ੍ਹਾਂ ਦੱਸਿਆ ਕਿ ਇਹ ਵੀ ਨਿਰਦੇਸ਼ ਹਨ ਕਿ ਮੁਆਵਜ਼ਾਂ ਦੇਣ ਸਬੰਧੀ ਕੋਈ ਸਿਫਾਰਸ਼ ਜਾਂ ਪ੍ਰਭਾਵਸ਼ਾਲੀ ਲੋਕਾਂ ਦਾ ਪੱਖ ਨਾ ਪੂਰਿਆ ਜਾਵੇ ਅਤੇ ਸਿਰਫ ਸਹੀ ਬੰਦੇ ਨੂੰ ਮੈਰਿਟ ਦੇ ਆਧਾਰ ‘ਤੇ ਮੁਆਵਜ਼ਾਂ ਦਿੱਤਾ ਜਾਵੇ। ਜਿੰਪਾ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿਚ ਬਾਕੀ ਮੁਆਵਜ਼ਾਂ ਰਾਸ਼ੀ ਵੀ ਤੇਜ਼ੀ ਨਾਲ ਵੰਡ ਦਿੱਤੀ ਜਾਵੇਗੀ ਅਤੇ ਜੇਕਰ ਉਕਤ ਫੰਡਾਂ ਤੋਂ ਇਲਾਵਾ ਹੋਰ ਰਾਸ਼ੀ ਦੀ ਲੋੜ ਪਈ ਤਾਂ ਪੰਜਾਬ ਸਰਕਾਰ ਕੋਲ ਫੰਡਾਂ ਦੀ ਕੋਈ ਘਾਟ ਨਹੀਂ ਹੈ। ਉਨ੍ਹਾਂ ਰਾਹਤ ਕਾਰਜਾਂ ਨਾਲ ਜੁੜੇ ਸਾਰੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਵੀ ਅਪੀਲ ਕੀਤੀ ਹੈ ਕਿ ਇਸ ਆਫਤ ਦੀ ਘੜੀ ਸਰਕਾਰ ਦਾ ਡਟਵਾਂ ਸਾਥ ਦਿੱਤਾ ਜਾਵੇ।
Exit mobile version