Site icon TheUnmute.com

ਪੰਜਾਬ ‘ਚ ਅਧਿਕਾਰੀ ਘਰ-ਘਰ ਜਾ ਕੇ ਬਜ਼ੁਰਗਾਂ ਦੀ ਸਿਹਤ ਸਬੰਧੀ ਲੈਣਗੇ ਜਾਣਕਾਰੀ

ਬਜ਼ੁਰਗ

ਚੰਡੀਗੜ੍ਹ 24 ਦਸੰਬਰ 2024: ਪੰਜਾਬ ਦੀ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੰਤਰੀ ਡਾ: ਬਲਜੀਤ ਕੌਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਵਿਭਾਗ ਸੂਬੇ ਦੇ ਬਜ਼ੁਰਗਾਂ ਦੇ ਜੀਵਨ ਨੂੰ ਉੱਚਾ ਚੁੱਕਣ ਲਈ ਤੇਜ਼ੀ ਨਾਲ ਕੰਮ ਕਰ ਰਿਹਾ ਹੈ। ਇਸ ਤਹਿਤ ”ਸਾਡੇ ਬਜ਼ੁਰਗ, ਸਾਡਾ ਮਾਣ” ਮੁਹਿੰਮ ਚਲਾਈ ਜਾ ਰਹੀ ਹੈ, ਜਿਸ ਤਹਿਤ ਵਿਭਾਗ ਦੇ ਅਧਿਕਾਰੀ ਘਰ-ਘਰ ਜਾ ਕੇ ਬਜ਼ੁਰਗਾਂ ਦੀ ਸਿਹਤ ਸਬੰਧੀ ਜਾਣਕਾਰੀ ਇਕੱਤਰ ਕਰਨਗੇ।

ਕੈਬਨਿਟ ਮੰਤਰੀ ਡਾ: ਬਲਜੀਤ ਕੌਰ ਨੇ ਕਿਹਾ ਕਿ ਬਜ਼ੁਰਗਾਂ ਦਾ ਜੀਵਨ ਸੁਖਾਲਾ ਬਣਾਉਣ ਅਤੇ ਉਨ੍ਹਾਂ ਦੀ ਤੰਦਰੁਸਤੀ ਨੂੰ ਯਕੀਨੀ ਬਣਾਉਣ ਲਈ ਸਿਹਤ ਸਰਵੇਖਣ ਲਈ ਉਨ੍ਹਾਂ ਬਾਰੇ ਮੁਕੰਮਲ ਜਾਣਕਾਰੀ ਜ਼ਰੂਰੀ ਹੈ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦਾ ਮੁੱਖ ਟੀਚਾ ਬਜ਼ੁਰਗਾਂ ਨੂੰ ਮਾਣ-ਸਤਿਕਾਰ ਦੇਣਾ ਅਤੇ ਉਨ੍ਹਾਂ ਦਾ ਜੀਵਨ ਸੁਖੀ ਬਣਾਉਣਾ ਹੈ। ਸਾਡੇ ਬਜ਼ੁਰਗ ਸਮਾਜ ਦਾ ਅਹਿਮ ਹਿੱਸਾ ਹਨ ਅਤੇ ਉਨ੍ਹਾਂ ਦੀ ਸੰਭਾਲ ਕਰਨਾ ਸਾਡੀ ਨੈਤਿਕ ਜ਼ਿੰਮੇਵਾਰੀ ਹੈ।

ਡਾ: ਬਲਜੀਤ ਕੌਰ ਦੱਸਿਆ ਕਿ ਆਂਗਣਵਾੜੀ ਸੁਪਰਵਾਈਜ਼ਰ ਘਰ-ਘਰ ਜਾ ਕੇ ਐਮ-ਸੇਵਾ ਮੋਬਾਈਲ ਐਪ ‘ਚ ਡਾਟਾ ਇਕੱਤਰ ਕਰਨਗੇ। ਇਹ ਮੋਬਾਈਲ ਐਪ ਹਰੇਕ ਸੁਪਰਵਾਈਜ਼ਰ ਨੂੰ ਸੌਂਪੇ ਗਏ ਪੈਨਸ਼ਨਰਾਂ ਦੇ ਵੇਰਵੇ ਦਿਖਾਏਗਾ। ਇਸ ‘ਚ ਲਾਭਪਾਤਰੀ ਦਾ ਨਾਮ, ਪਿਤਾ/ਪਤੀ ਦਾ ਨਾਮ, ਪਿੰਡ/ਪਤਾ, ਫ਼ੋਨ ਨੰਬਰ, ਉਮਰ, ਲਿੰਗ ਅਤੇ ਉਹਨਾਂ ਦੀ ਸਿਹਤ ਅਤੇ ਤੰਦਰੁਸਤੀ ਦਾ ਮੁਲਾਂਕਣ ਕਰਨ ਲਈ ਤਿਆਰ ਕੀਤਾ ਗਿਆ ਇੱਕ ਸਰਵੇਖਣ ਸ਼ਾਮਲ ਹੈ। ਉਨ੍ਹਾਂ ਇਹ ਵੀ ਕਿਹਾ ਕਿ ਬਜ਼ੁਰਗ ਦੀ ਫੋਟੋ, ਮੌਤ ਦੀ ਮਿਤੀ ਅਤੇ ਮੌਤ ਹੋਣ ਦੀ ਸੂਰਤ ‘ਚ ਮੌਤ ਦਾ ਸਰਟੀਫਿਕੇਟ ਅਪਲੋਡ ਕੀਤਾ ਜਾਵੇਗਾ ਅਤੇ ਮੁੜ ਜਾਂਚ ਕੀਤੀ ਜਾਵੇਗੀ।

ਉਨ੍ਹਾਂ ਨੇ ਸਿਹਤ ਸਰਵੇਖਣ ਦੌਰਾਨ ਬਜ਼ੁਰਗਾਂ ਨੂੰ ਸਤਿਕਾਰ ਨਾਲ ਪੇਸ਼ ਆਉਣ ਦੀ ਅਪੀਲ ਵੀ ਕੀਤੀ। ਉਨ੍ਹਾਂ ਦੱਸਿਆ ਕਿ ਸੂਬੇ ਭਰ ਦੇ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰਾਂ, ਬਾਲ ਵਿਕਾਸ ਪ੍ਰੋਜੈਕਟ ਅਫ਼ਸਰਾਂ ਅਤੇ ਸੁਪਰਵਾਈਜ਼ਰਾਂ ਨੂੰ ਬਜ਼ੁਰਗਾਂ ਦੇ ਸਿਹਤ ਸਰਵੇਖਣ ਲਈ ਸਿਖਲਾਈ ਦਿੱਤੀ ਗਈ ਹੈ। ਜਿਨ੍ਹਾਂ ਪੈਨਸ਼ਨਰਜ਼ ਦੀ ਪੈਨਸ਼ਨ ਅਧੂਰੀ ਜਾਂ ਗਲਤ ਜਾਣਕਾਰੀ ਕਾਰਨ ਰੋਕੀ ਗਈ ਹੈ, ਉਹ ਡੀਜੀਆਰ ਹੈਲਪਲਾਈਨ (1100) ਰਾਹੀਂ ਆਪਣੀ ਸ਼ਿਕਾਇਤ ਦਰਜ ਕਰਵਾ ਸਕਦੇ ਹਨ।

Read More: ITI Punjab: ਪੰਜਾਬ ‘ਚ ਉਦਯੋਗਿਕ ਸਿਖਲਾਈ ਸੰਸਥਾਵਾਂ ਦੇ ਦਾਖਲਿਆਂ ‘ਚ ਭਾਰੀ ਵਾਧਾ ਦਰਜ

Exit mobile version