Site icon TheUnmute.com

ODI WC 2023: ਵਿਸ਼ਵ ਕੱਪ ਤੋਂ ਪਹਿਲਾਂ ਵੱਡਾ ਉਲਟਫੇਰ, ਅਫਗਾਨਿਸਤਾਨ ਨੇ ਅਭਿਆਸ ਮੈਚ ‘ਚ ਸ਼੍ਰੀਲੰਕਾ ਨੂੰ ਹਰਾਇਆ

Afghanistan

ਚੰਡੀਗੜ੍ਹ, 04 ਅਕਤੂਬਰ 2023: ਏਸ਼ੀਆ ਦੀ ਤੀਜੀ ਸਭ ਤੋਂ ਮਜ਼ਬੂਤ ​​ਟੀਮ ਮੰਨੀ ਜਾਣ ਵਾਲੀ ਸ਼੍ਰੀਲੰਕਾ ਨੂੰ ਅਭਿਆਸ ਮੈਚ ‘ਚ ਅਫਗਾਨਿਸਤਾਨ (Afghanistan)ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ। ਟੂਰਨਾਮੈਂਟ ਸ਼ੁਰੂ ਹੋਣ ਤੋਂ ਪਹਿਲਾਂ ਹੀ ਅਫਗਾਨਿਸਤਾਨ ਨੇ ਸਾਰੀਆਂ ਵੱਡੀਆਂ ਟੀਮਾਂ ਨੂੰ ਚਿਤਾਵਨੀ ਦਿੱਤੀ ਹੈ ਕਿ ਕੋਈ ਵੀ ਇਸ ਨੂੰ ਹਲਕੇ ਵਿੱਚ ਲੈਣ ਦੀ ਕੋਸ਼ਿਸ਼ ਨਾ ਕਰੇ।

ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਸ਼੍ਰੀਲੰਕਾ ਦੀ ਟੀਮ ਨੇ 46.2 ਓਵਰਾਂ ‘ਚ ਸਾਰੀਆਂ 10 ਵਿਕਟਾਂ ਗੁਆ ਕੇ 294 ਦੌੜਾਂ ਬਣਾਈਆਂ। ਕੁਸਲ ਮੈਂਡਿਸ ਨੇ 87 ਗੇਂਦਾਂ ਵਿੱਚ 158 ਦੌੜਾਂ ਦੀ ਪਾਰੀ ਖੇਡੀ। ਉਸ ਤੋਂ ਇਲਾਵਾ ਕੋਈ ਹੋਰ ਬੱਲੇਬਾਜ਼ ਕੁਝ ਖਾਸ ਨਹੀਂ ਕਰ ਸਕਿਆ। ਸ਼੍ਰੀਲੰਕਾ ਦੀ ਟੀਮ ਪਥੁਮ ਨਿਸੰਕਾ ਦੀਆਂ 30 ਦੌੜਾਂ, ਸਮਰਾਵਿਕਰਮਾ ਦੀਆਂ 39 ਦੌੜਾਂ ਅਤੇ ਧਨੰਜੇ ਡੀ ਸਿਲਵਾ ਦੀਆਂ 22 ਦੌੜਾਂ ਦੀ ਮੱਦਦ ਨਾਲ 294 ਦੌੜਾਂ ਤੱਕ ਪਹੁੰਚੀ ਪਰ ਪੂਰੇ 50 ਓਵਰ ਨਹੀਂ ਖੇਡ ਸਕੀ | ਅਫਗਾਨਿਸਤਾਨ (Afghanistan) ਦੇ ਮੁਹੰਮਦ ਨਬੀ ਨੇ ਚਾਰ ਵਿਕਟਾਂ ਲਈਆਂ। ਮੀਂਹ ਨਾਲ ਪ੍ਰਭਾਵਿਤ ਮੈਚ ਵਿੱਚ ਅਫਗਾਨਿਸਤਾਨ ਨੂੰ 257 ਦੌੜਾਂ ਦਾ ਟੀਚਾ ਮਿਲਿਆ ਸੀ।

ਰਹਿਮਾਨੁੱਲਾ ਗੁਰਬਾਜ਼ ਅਤੇ ਰਹਿਮਤ ਸ਼ਾਹ ਨੇ 215 ਦੌੜਾਂ ਦੀ ਸਾਂਝੇਦਾਰੀ ਕੀਤੀ ਅਤੇ ਅਫਗਾਨਿਸਤਾਨ ਨੇ ਇਹ ਮੈਚ ਛੇ ਵਿਕਟਾਂ ਨਾਲ ਜਿੱਤ ਲਿਆ। ਗੁਰਬਾਜ਼ ਨੇ 92 ਗੇਂਦਾਂ ਵਿੱਚ 119 ਦੌੜਾਂ ਬਣਾਈਆਂ। ਰਹਿਮਤ ਸ਼ਾਹ ਨੇ 82 ਗੇਂਦਾਂ ਵਿੱਚ 93 ਦੌੜਾਂ ਦਾ ਯੋਗਦਾਨ ਪਾਇਆ। ਹੁਣ ਮੇਜ਼ਬਾਨ ਭਾਰਤ ਸਮੇਤ ਇੰਗਲੈਂਡ ਅਤੇ ਆਸਟ੍ਰੇਲੀਆ ਵਰਗੀਆਂ ਟੀਮਾਂ ਨੂੰ ਅਫਗਾਨਿਸਤਾਨ ਤੋਂ ਸੂਚੇਤ ਰਹਿਣਾ ਹੋਵੇਗਾ। ਅਫਗਾਨਿਸਤਾਨ ਅਤੇ ਬੰਗਲਾਦੇਸ਼ ਵਰਗੀਆਂ ਟੀਮਾਂ ਜੋ ਕਿ ਦੂਜੀਆਂ ਟੀਮਾਂ ਨਾਲੋਂ ਵੱਡੀਆਂ ਹਨ, ਉਨ੍ਹਾਂ ਨੂੰ ਵੀ ਸਾਵਧਾਨ ਰਹਿਣਾ ਹੋਵੇਗਾ।

ਵਨਡੇ ਵਿਸ਼ਵ ਕੱਪ 2023 5 ਅਕਤੂਬਰ ਤੋਂ ਸ਼ੁਰੂ ਹੋ ਰਿਹਾ ਹੈ। ਸਾਰੀਆਂ ਟੀਮਾਂ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ ਅਤੇ 10 ਟੀਮਾਂ ਕ੍ਰਿਕਟ ਦੇ ਮਹਾਕੁੰਭ ਵਿੱਚ ਆਪਣੀ ਤਾਕਤ ਪਰਖਣ ਲਈ ਤਿਆਰ ਹਨ। ਵਿਸ਼ਵ ਕੱਪ ਭਾਰਤ ਵਿੱਚ ਹੋ ਰਿਹਾ ਹੈ ਅਤੇ ਸਾਰੀਆਂ ਟੀਮਾਂ ਨੂੰ ਟੂਰਨਾਮੈਂਟ ਤੋਂ ਪਹਿਲਾਂ ਦੋ ਅਭਿਆਸ ਮੈਚ ਖੇਡਣ ਦਾ ਮੌਕਾ ਦਿੱਤਾ ਗਿਆ ਸੀ। ਤਾਂ ਜੋ ਸਾਰੀਆਂ ਟੀਮਾਂ ਭਾਰਤੀ ਪਿੱਚਾਂ ਅਤੇ ਹਲਾਤਾਂ ਦੇ ਅਨੁਕੂਲ ਬਣ ਸਕਣ ਅਤੇ ਆਪਣੀਆਂ ਤਿਆਰੀਆਂ ਨੂੰ ਅੰਤਿਮ ਰੂਪ ਦੇ ਸਕਣ।

Exit mobile version