ਚੰਡੀਗੜ੍ਹ 17 ਫਰਵਰੀ 2022: ਨਿਊਜ਼ੀਲੈਂਡ ਅਤੇ ਦੱਖਣੀ ਅਫਰੀਕਾ ਵਿਚਕਾਰ ਖੇਡੇ ਜਾ ਰਹੇ ਪਹਿਲੇ ਟੈਸਟ ਮੈਚ ‘ਚ ਨਿਊਜ਼ੀਲੈਂਡ ਦੇ ਗੇਂਦਬਾਜਾਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ | ਨਿਊਜ਼ੀਲੈਂਡ ਖਿਲਾਫ ਦੱਖਣੀ ਅਫਰੀਕਾ ਦੀ ਪਹਿਲੀ ਪਾਰੀ 95 ਦੌੜਾਂ ‘ਤੇ ਹੀ ਢੇਰ ਹੋ ਗਈ। ਨਿਊਜ਼ੀਲੈਂਡ ਟੀਮ ਖਿਲਾਫ ਇਹ ਦੱਖਣੀ ਅਫਰੀਕਾ ਦਾ ਸਭ ਤੋਂ ਘੱਟ ਟੈਸਟ ਸਕੋਰ ਹੈ। ਕ੍ਰਾਈਸਟਚਰਚ ‘ਚ ਖੇਡੇ ਜਾ ਰਹੇ ਪਹਿਲੇ ਟੈਸਟ ਦੇ ਪਹਿਲੇ ਹੀ ਦਿਨ ਦੱਖਣੀ ਅਫਰੀਕਾ ਦੇ ਬੱਲੇਬਾਜ਼ ਤਾਸ਼ ਦੇ ਪੱਤਿਆਂ ਵਾਂਗ ਖਿੱਲਰ ਗਏ। ਕਿਸੇ ਵੀ ਬੱਲੇਬਾਜ਼ ਨੇ ਵਿਕਟ ‘ਤੇ ਟਿਕੇ ਰਹਿਣ ਦੀ ਹਿੰਮਤ ਨਹੀਂ ਦਿਖਾਈ। ਉਹ ਕੀਵੀ ਗੇਂਦਬਾਜ਼ ਮੈਟ ਹੈਨਰੀ ਦਾ ਸਾਹਮਣਾ ਕਰਨ ‘ਚ ਨਾਕਾਮ ਰਹੇ । ਨਤੀਜੇ ਵਜੋਂ ਪੂਰੀ ਟੀਮ ਮਿਲ ਕੇ 100 ਦੌੜਾਂ ਵੀ ਨਹੀਂ ਬਣਾ ਸਕੀ। ਟੈਸਟ ਕ੍ਰਿਕਟ ‘ਚ ਦੱਖਣੀ ਅਫਰੀਕਾ ਦੀ ਇਹ ਬੁਰੀ ਹਾਲਤ 90 ਸਾਲ ਬਾਅਦ ਹੋਈ ਹੈ। ਦੱਖਣੀ ਅਫਰੀਕਾ ਦੀ ਪਾਰੀ ਆਖਰੀ ਵਾਰ 1932 ‘ਚ 100 ਦੌੜਾਂ ‘ਤੇ ਸਿਮਟ ਗਈ ਸੀ। ਫਿਰ ਉਸ ਨੇ ਮੈਲਬੋਰਨ ‘ਚ ਖੇਡੇ ਗਏ ਟੈਸਟ ‘ਚ ਆਸਟਰੇਲੀਆ ਖ਼ਿਲਾਫ਼ ਇੱਕ ਪਾਰੀ ‘ਚ ਸਿਰਫ਼ 36 ਦੌੜਾਂ ਬਣਾਈਆਂ ਸਨ।
ਮੈਚ ‘ਚ ਦੱਖਣੀ ਅਫਰੀਕਾ ਲਈ ਸਭ ਤੋਂ ਵੱਡੀ ਸਮੱਸਿਆ ਟਰੈਂਟ ਬੋਲਟ ਦੀ ਥਾਂ ਟੀਮ ‘ਚ ਸ਼ਾਮਲ ਹੋਏ ਗੇਂਦਬਾਜ਼ ਮੈਟ ਹੈਨਰੀ ਬਣੇ , ਜਿਸ ਨੇ ਇਕੱਲੇ ਹੀ 23 ਦੌੜਾਂ ‘ਤੇ ਆਪਣੀਆਂ 7 ਵਿਕਟਾਂ ਝਟਕਾਈਆਂ। ਇਨ੍ਹਾਂ ਤੋਂ ਇਲਾਵਾ ਜੈਮੀਸਨ, ਸਾਊਦੀ ਅਤੇ ਨੀਲ ਵੈਗਨਰ ਨੂੰ 1-1 ਵਿਕਟ ਮਿਲੀ। ਮੈਚ ‘ਚ ਦੱਖਣੀ ਅਫ਼ਰੀਕਾ ਲਈ ਉਸ ਦੇ ਸਿਰਫ਼ 4 ਬੱਲੇਬਾਜ਼ ਹੀ ਦੋਹਰੇ ਅੰਕੜੇ ਤੱਕ ਪਹੁੰਚ ਸਕੇ, ਜਿਨ੍ਹਾਂ ‘ਚ ਸੇਰਲੇ ਇਰਵੀ, ਏਡਾਨ ਮਾਰਕਰਮ, ਜ਼ੁਬੈਰ ਹਮਜ਼ਾ ਅਤੇ ਵਿਕਟਕੀਪਰ ਬੱਲੇਬਾਜ਼ ਕਾਇਲ ਵੀਰੀਨ ਸ਼ਾਮਲ ਹਨ। ਜ਼ੁਬੈਰ ਹਮਜ਼ਾ 25 ਦੌੜਾਂ ਬਣਾ ਕੇ ਟੀਮ ਦੇ ਸਭ ਤੋਂ ਵੱਧ ਸਕੋਰਰ ਰਹੇ।