ਚੰਡੀਗੜ੍ਹ 05 ਦਸੰਬਰ 2022: ਭਾਰਤ-ਪਾਕਿਸਤਾਨ ਸਰਹੱਦ ‘ਤੇ ਸਥਿਤ ਜੇਸੀਪੀ ‘ਅਟਾਰੀ-ਵਾਹਗਾ’ ਦਾ ਬੀਟਿੰਗ ਰੀਟਰੀਟ ਸੈਰੇਮਨੀ ਵਿੱਚ ਸ਼ਾਮਲ ਹੋਣ ਲਈ ਦੁਨੀਆ ਭਰ ਤੋਂ ਬਹੁਤ ਸਾਰੇ ਸੈਲਾਨੀ ਅੰਮ੍ਰਿਤਸਰ ਪਹੁੰਚਦੇ ਹਨ, ਹੁਣ ਇਸਦੀ ਆਨਲਾਈਨ ਬੁਕਿੰਗ ਦੀ ਸਹੂਲਤ ਸ਼ੁਰੂ ਕਰ ਰਹੀ ਹੈ। ਇਹ ਸਹੂਲਤ 1 ਜਨਵਰੀ 2023 ਤੋਂ ਸ਼ੁਰੂ ਹੋਵੇਗੀ। ਇਹ ਸੇਵਾ ਐਤਵਾਰ ਨੂੰ ਅੰਮ੍ਰਿਤਸਰ ‘ਚ ਆਯੋਜਿਤ ‘ਸੀਮਾ ਸੁਰੱਖਿਆ ਬਲ’ ਦੀ 58ਵੀਂ ਸਥਾਪਨਾ ਦਿਵਸ ਪਰੇਡ ਮੌਕੇ ਸ਼ੁਰੂ ਕਰਨ ਦਾ ਐਲਾਨ ਕੀਤਾ ਗਿਆ ਹੈ।
ਬੀਐੱਸਐੱਫ ਨੇ ਆਨਲਾਈਨ ਬੁਕਿੰਗ ਲਈ https://attari.bsf.gov.in/ ਲਿੰਕ ਜਾਰੀ ਕੀਤਾ ਹੈ। ਸੀਮਾ ਸੁਰੱਖਿਆ ਬਲ ਦਾ ਬੀਟਿੰਗ ਰੀਟਰੀਟ ਸਮਾਗਮ 1959 ਤੋਂ ਕਰਵਾਇਆ ਜਾ ਰਿਹਾ ਹੈ। ‘ਅਟਾਰੀ-ਵਾਹਗਾ’ ਸਰਹੱਦ ‘ਤੇ ਇਹ ਰਸਮ ਰੋਜ਼ਾਨਾ ਸੂਰਜ ਡੁੱਬਣ ਤੋਂ ਪਹਿਲਾਂ ਹੁੰਦੀ ਹੈ। ਇਸ ਸਮਾਗਮ ਨੂੰ ਦੇਖਣ ਲਈ ਵੱਡੀ ਗਿਣਤੀ ਵਿੱਚ ਸੈਲਾਨੀ ਅੰਮ੍ਰਿਤਸਰ ਪਹੁੰਚਦੇ ਹਨ। ਰੋਜ਼ਾਨਾ ਹੋਣ ਵਾਲੇ ਰਿਟਰੀਟ ਸੈਰੇਮਨੀ ਵਿੱਚ ਹਿੱਸਾ ਲੈਣ ਲਈ ਸੈਲਾਨੀਆਂ ਨੂੰ ਦੁਪਹਿਰ 3.30 ਵਜੇ ਤੱਕ ਉੱਥੇ ਪਹੁੰਚਣਾ ਪੈਂਦਾ ਹੈ।
ਸਮਾਗਮ ਦੀ ਮਿਆਦ ਇੱਕ ਤੋਂ ਦੋ ਘੰਟੇ ਤੱਕ ਰਹਿੰਦੀ ਹੈ | ਦਰਸ਼ਕਾਂ ਨੂੰ ਇਸ ਸਮੇਂ ਬੀਟਿੰਗ ਰੀਟਰੀਟ ਸਮਾਗਮ ਨੂੰ ਦੇਖਣ ਲਈ ਹੱਥੀਂ ਰਜਿਸਟਰ ਕਰਨਾ ਪੈਂਦਾ ਹੈ। ਖਾਸ ਮੌਕਿਆਂ ‘ਤੇ ਲੰਬੀ ਕਤਾਰ ਲੱਗ ਜਾਂਦੀ ਹੈ। ਆਨਲਾਈਨ ਬੁਕਿੰਗ ਸ਼ੁਰੂ ਹੋਣ ਤੋਂ ਬਾਅਦ ਲੋਕਾਂ ਨੂੰ ਕਾਫੀ ਰਾਹਤ ਮਿਲੇਗੀ।