Site icon TheUnmute.com

ਹੁਣ ਤਾਂ ਸਾਬਤ ਹੋ ਗਿਆ ਕਿ ਪ੍ਰਤਾਪ ਸਿੰਘ ਬਾਜਵਾ ਪ੍ਰਤਾਪ ਸਿੰਘ ‘ਭਾਜਪਾ’ ਬਣ ਗਏ ਹਨ: ਮਲਵਿੰਦਰ ਕੰਗ

Pratap Singh Bajwa

ਚੰਡੀਗੜ੍ਹ 26 ਅਕਤੂਬਰ 2022 : ਆਮ ਆਦਮੀ ਪਾਰਟੀ (ਆਪ) ਨੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ (Pratap Singh Bajwa) ਦੇ ਬਿਆਨ ‘ਤੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ। ‘ਆਪ’ ਪੰਜਾਬ ਦੇ ਮੁੱਖ ਬੁਲਾਰੇ ਮਲਵਿੰਦਰ ਸਿੰਘ ਕੰਗ ਨੇ ਕਿਹਾ ਕਿ ਹੁਣ ਇਹ ਸਾਬਤ ਹੋ ਗਿਆ ਹੈ ਕਿ ਪੰਜਾਬ ‘ਚ ਭਾਜਪਾ ਦੇ ‘ਆਪ੍ਰੇਸ਼ਨ ਲੋਟਸ’ ਨੂੰ ਸਫਲ ਬਣਾਉਣ ਲਈ ਕਾਂਗਰਸ ਅਤੇ ਇਸ ਦੇ ਸਾਰੇ ਵੱਡੇ ਆਗੂ ਭਾਜਪਾ ਨਾਲ ਮਿਲ ਕੇ ਕੰਮ ਕਰ ਰਹੇ ਹਨ।

ਬੁੱਧਵਾਰ ਨੂੰ ਚੰਡੀਗੜ੍ਹ ਪਾਰਟੀ ਹੈੱਡਕੁਆਰਟਰ ਵਿਖੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕੰਗ ਨੇ ਕਿਹਾ ਕਿ ਪ੍ਰਤਾਪ ਸਿੰਘ ਬਾਜਵਾ ਨੇ ਹਾਲ ਹੀ ਵਿਚ ਕਾਂਗਰਸੀ ਵਰਕਰਾਂ ਨੂੰ ਇਕ ਖੁਸ਼ਖਬਰੀ ਸੁਣਾਉਂਦਿਆਂ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਜਲਦੀ ਹੀ ਮਹਾਰਾਸ਼ਟਰ ਵਾਂਗ ਭਾਜਪਾ ਪੰਜਾਬ ਵਿਚ ਵੀ ਸਰਕਾਰ ਡੇਗ ਦੇਵੇਗੀ।

ਕੰਗ ਨੇ ਕਿਹਾ ਕਿ ਉਨ੍ਹਾਂ ਨੂੰ ਇਹ ਸੁਣ ਕੇ ਬਹੁਤ ਹੈਰਾਨੀ ਹੋਈ, ਪਰ ਇਹ ਸਾਬਤ ਹੋ ਗਿਆ ਕਿ ਪ੍ਰਤਾਪ ਸਿੰਘ ਬਾਜਵਾ ਹੁਣ ਪ੍ਰਤਾਪ ਸਿੰਘ ‘ਭਾਜਪਾ’ ਬਣ ਗਏ ਹਨ। ਬਾਜਵਾ ਪੰਜਾਬ ਵਿੱਚ ਭਾਜਪਾ ਦੇ ਏਜੰਟ ਵਜੋਂ ਕੰਮ ਕਰ ਰਿਹਾ ਹੈ, ਜਿਸਦਾ ਇੱਕੋ ਇੱਕ ਉਦੇਸ਼, ਤਿੰਨ ਕਰੋੜ ਲੋਕਾਂ ਦੁਆਰਾ ਚੁਣੀ ਗਈ ਸਰਕਾਰ ਨੂੰ ਅਸਥਿਰ ਕਰਨਾ, ਹੈ।

ਕੰਗ ਨੇ ਪ੍ਰਤਾਪ ਸਿੰਘ ਬਾਜਵਾ ਨੂੰ ਅਪੀਲ ਕਰਦਿਆਂ ਕਿਹਾ ਕਿ ਜੇਕਰ ਉਹ ਵਿਰੋਧੀ ਪਾਰਟੀ ਦੇ ਨੇਤਾ ਹਨ ਅਤੇ ਵਿਰੋਧੀ ਧਿਰ ਦੇ ਆਗੂ ਦੀ ਭੂਮਿਕਾ ਨਿਭਾਉਣ, ਨਾ ਕਿ ਭਾਜਪਾ ਦੇ ਏਜੰਟ ਦੀ। ਜੇਕਰ ਉਹ ਪੰਜਾਬੀਆਂ ਦੀ ਚੁਣੀ ਹੋਈ ਸਰਕਾਰ ਨੂੰ ਡੇਗਣ ਦੀ ਕੋਸ਼ਿਸ਼ ਕਰਨਗੇ ਤਾਂ ਪੰਜਾਬ ਦੇ ਲੋਕ ਉਨ੍ਹਾਂ ਨੂੰ ਕਦੇ ਮੁਆਫ ਨਹੀਂ ਕਰਨਗੇ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਵਿਧਾਇਕ ਵਿਕਣ ਵਾਲੇ ਨਹੀਂ ਹਨ। ਅਸੀਂ ਰਾਜਨੀਤੀ ਵਿੱਚ ਸੇਵਾ ਕਰਨ ਆਏ ਹਾਂ, ਕਾਂਗਰਸੀਆਂ ਵਾਂਗ ਵਿਕ ਕੇ ਪੈਸਾ ਕਮਾਉਣ ਲਈ ਨਹੀਂ।

Exit mobile version