ਚੰਡੀਗੜ੍ਹ 14 ਜਨਵਰੀ 2022: ਉੱਤਰੀ ਕੋਰੀਆ (North Korea) ਨੇ ਸ਼ੁੱਕਰਵਾਰ ਨੂੰ ਘੱਟੋ-ਘੱਟ ਇੱਕ ਬੈਲਿਸਟਿਕ ਮਿਜ਼ਾਈਲ ਦਾ ਪ੍ਰੀਖਣ ਕੀਤਾ। ਇਸ ਮਹੀਨੇ ਇਹ ਤੀਜੀ ਵਾਰ ਹੈ ਜਦੋਂ ਉੱਤਰੀ ਕੋਰੀਆ (North Korea) ਨੇ ਮਿਜ਼ਾਈਲ ਪ੍ਰੀਖਣ ਕੀਤਾ।ਅਮਰੀਕਾ ਦੇ ਜੋਅ ਬਾਈਡੇਨ ਪ੍ਰਸ਼ਾਸਨ ਨੇ ਉੱਤਰੀ ਕੋਰੀਆ ਦੇ ਮਿਜ਼ਾਈਲ ਪ੍ਰੀਖਣਾਂ ਕਾਰਨ ਉਸ ‘ਤੇ ਨਵੀਆਂ ਪਾਬੰਦੀਆਂ ਲਗਾਈਆਂ ਹਨ ਅਤੇ ਮੰਨਿਆ ਜਾ ਰਿਹਾ ਹੈ ਕਿ ਇਹ ਪ੍ਰੀਖਣ ਉਨ੍ਹਾਂ ਪਾਬੰਦੀਆਂ ਦੇ ਜਵਾਬ ‘ਚ ਕੀਤਾ ਗਿਆ ਹੈ| ਦੱਖਣੀ ਕੋਰੀਆ ਦੇ ਜੁਆਇੰਟ ਚੀਫ਼ ਆਫ਼ ਸਟਾਫ ਨੇ ਕਿਹਾ ਕਿ ਮਿਜ਼ਾਈਲ (ballistic missile) ਨੂੰ ਪੂਰਬੀ ਦਿਸ਼ਾ ਵਿੱਚ ਦਾਗਿਆ ਗਿਆ ਸੀ, ਹਾਲਾਂਕਿ ਉਸ ਨੇ ਇਹ ਨਹੀਂ ਦੱਸਿਆ ਕਿ ਮਿਜ਼ਾਈਲ ਕਿੱਥੇ ਡਿੱਗੀ। ਉਸ ਨੇ ਮਿਜ਼ਾਈਲ ਬਾਰੇ ਹੋਰ ਕੋਈ ਜਾਣਕਾਰੀ ਨਹੀਂ ਦਿੱਤੀ।
ਇਸਦੇ ਚਲਦੇ ਜਾਪਾਨ ਦੇ ਪ੍ਰਧਾਨ ਮੰਤਰੀ ਦਫ਼ਤਰ ਅਤੇ ਰੱਖਿਆ ਮੰਤਰਾਲੇ ਨੇ ਵੀ ਕਿਹਾ ਕਿ ਉਨ੍ਹਾਂ ਨੇ ਉੱਤਰੀ ਕੋਰੀਆ ਦੇ ਇਸ ਪ੍ਰੀਖਣ ਬਾਰੇ ਪਤਾ ਚੱਲਿਆ ਅਤੇ ਇਹ ਨਿਸ਼ਚਿਤ ਤੌਰ ‘ਤੇ ਬੈਲਿਸਟਿਕ ਮਿਜ਼ਾਈਲ ਹੈ। ਜਾਪਾਨ ਦੇ ਕੋਸਟ ਗਾਰਡ ਨੇ ਇੱਕ ਸੁਰੱਖਿਆ ਸਲਾਹ ਜਾਰੀ ਕਰਦਿਆਂ ਕਿਹਾ ਕਿ ਕੋਈ ਵਸਤੂ ਡਿੱਗ ਸਕਦੀ ਸੀ। ਕੋਸਟ ਗਾਰਡ ਨੇ ਕੋਰੀਆਈ ਪ੍ਰਾਇਦੀਪ ਅਤੇ ਜਾਪਾਨ ਦੇ ਨਾਲ-ਨਾਲ ਪੂਰਬੀ ਚੀਨ ਸਾਗਰ ਅਤੇ ਉੱਤਰੀ ਪ੍ਰਸ਼ਾਂਤ ਦੇ ਵਿਚਕਾਰ ਸਮੁੰਦਰੀ ਜਹਾਜ਼ਾਂ ਨੂੰ ਅਪੀਲ ਕੀਤੀ ਕਿ ਉਹ “ਅੱਗੇ ਦਿੱਤੀ ਜਾਣ ਵਾਲੀ ਕਿਸੇ ਹੋਰ ਜਾਣਕਾਰੀ ‘ਤੇ ਨਜ਼ਰ ਬਣਾਏ ਰੱਖਣ।” ਬਾਈਡੇਨ ਪ੍ਰਸ਼ਾਸਨ ਨੇ ਬੁੱਧਵਾਰ ਨੂੰ ਕਿਹਾ ਕਿ ਉਸ ਨੇ ਉੱਤਰੀ ਕੋਰੀਆ ਦੇ ਮਿਜ਼ਾਈਲਾਂ ਦੇ ਪ੍ਰੀਖਣ ਦੇ ਜਵਾਬ ਵਿੱਚ ਇਸ ਦੇ ਮਿਜ਼ਾਈਲ ਪ੍ਰੋਗਰਾਮਾਂ ਲਈ ਉਪਕਰਨ ਅਤੇ ਤਕਨਾਲੋਜੀ ਪ੍ਰਾਪਤ ਕਰਨ ਵਿੱਚ ਉਨ੍ਹਾਂ ਦੀ ਭੂਮਿਕਾ ਲਈ ਉੱਤਰੀ ਕੋਰੀਆ ਦੇ ਪੰਜ ਲੋਕਾਂ ‘ਤੇ ਪਾਬੰਦੀ ਲਗਾਈ ਸੀ। ਬਾਈਡੇਨ ਪ੍ਰਸ਼ਾਸਨ ਨੇ ਇਹ ਵੀ ਕਿਹਾ ਕਿ ਉਹ ਸੰਯੁਕਤ ਰਾਸ਼ਟਰ ਤੋਂ ਨਵੀਆਂ ਪਾਬੰਦੀਆਂ ਦੀ ਮੰਗ ਕਰੇਗਾ।
ਇਸ ਤੋਂ ਪਹਿਲਾਂ ਮੰਗਲਵਾਰ ਨੂੰ ਉੱਤਰੀ ਕੋਰੀਆ ਨੇ ਕਿਹਾ ਕਿ ਉਸ ਦੇ ਨੇਤਾ ਕਿਮ ਜੋਂਗ ਉਨ ਨੇ ਹਾਈਪਰਸੋਨਿਕ ਮਿਜ਼ਾਈਲ ਦੇ ਸਫਲ ਪ੍ਰੀਖਣ ਨੂੰ ਦੇਖਿਆ ਹੈ ਅਤੇ ਦਾਅਵਾ ਕੀਤਾ ਹੈ ਕਿ ਇਹ ਪ੍ਰੀਖਣ ਦੇਸ਼ ਦੀ ਪ੍ਰਮਾਣੂ “ਯੁੱਧ ਟਾਲਣ” ਸਮਰੱਥਾ ਨੂੰ ਵਧਾਏਗਾ। ਉੱਤਰੀ ਕੋਰੀਆ ਦੀ ਅਧਿਕਾਰਤ ਕੋਰੀਅਨ ਸੈਂਟਰਲ ਨਿਊਜ਼ ਏਜੰਸੀ (ਕੇਸੀਐਨਏ) ਨੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਦੇ ਹਵਾਲੇ ਨਾਲ ਕਥਿਤ ਹਾਈਪਰਸੋਨਿਕ ਮਿਜ਼ਾਈਲ ਦੇ ਪ੍ਰੀਖਣ ਨੂੰ ਜਾਇਜ਼ ਠਹਿਰਾਉਂਦੇ ਹੋਏ ਇਸ ਨੂੰ ਸਵੈ-ਰੱਖਿਆ ਅਭਿਆਸ ਦੱਸਿਆ। ਮਿਜ਼ਾਈਲ ਦਾਗੇ ਜਾਣ ਤੋਂ ਘੰਟੇ ਪਹਿਲਾਂ ਉੱਤਰੀ ਕੋਰੀਆ ਨੇ ਇੱਕ ਬਿਆਨ ਜਾਰੀ ਕਰਕੇ ਇਸ ਮਹੀਨੇ ਦੇ ਸ਼ੁਰੂ ਵਿੱਚ ਮਿਜ਼ਾਈਲ ਪ੍ਰੀਖਣਾਂ ਨੂੰ ਲੈ ਕੇ ਬਾਈਡੇਨ ਪ੍ਰਸ਼ਾਸਨ ਦੁਆਰਾ ਲਗਾਈਆਂ ਗਈਆਂ ਨਵੀਆਂ ਪਾਬੰਦੀਆਂ ਦੀ ਨਿੰਦਾ ਕੀਤੀ ਸੀ। ਉੱਤਰੀ ਕੋਰੀਆ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਅਮਰੀਕਾ ਟਕਰਾਅ ਵਾਲਾ ਰੁਖ਼ ਰੱਖਦਾ ਹੈ ਤਾਂ ਉਹ ਹੋਰ ਕਦਮ ਚੁੱਕੇਗਾ।