Site icon TheUnmute.com

ਮੋਹਾਲੀ ਜ਼ਿਲ੍ਹੇ ‘ਚ ਮੰਕੀਪਾਕਸ ਦਾ ਕੋਈ ਵੀ ਕੇਸ ਸਾਹਮਣੇ ਨਹੀਂ ਆਇਆ: ਸਿਵਲ ਸਰਜਨ

ਮੋਹਾਲੀ ਜ਼ਿਲ੍ਹੇ 'ਚ ਮੰਕੀਪਾਕਸ

ਮੋਹਾਲੀ 22 ਜੁਲਾਈ 2022: ਸਿਵਲ ਸਰਜਨ ਡਾ. ਆਦਰਸ਼ਪਾਲ ਕੌਰ ਅਤੇ ਐਪੀਡੀਮੋੋਲੋਜਿਸਟ ਡਾ. ਹਰਮਨਦੀਪ ਕੌਰ ਨੇ ਜਿਲ੍ਹਾਂ ਮੋਹਾਲੀ ਦੇ ਇਕ ਸਕੂਲ ‘ਚ ਮੰਕੀਪਾਕਸ ਬੀਮਾਰੀ ਦੇ ਆਏ ਕੇਸ ਸਬੰਧੀ ਛਪੀ ਖ਼ਬਰ ਨੂੰ ਮੁੱਢੋਂ ਹੀ ਰੱਦ ਕਰਦਿਆਂ ਕਿਹਾ ਕਿ ਜਿ਼ਲ੍ਹੇ ਵਿਚ ਮੰਕੀਪਾਕਸ ਬੀਮਾਰੀ ਦਾ ਕੋਈ ਵੀ ਕੇਸ ਸਾਹਮਣੇ ਨਹੀਂ ਆਇਆ ਹੈ। ਜਿ਼ਕਰਯੋਗ ਹੈ ਕਿ ਅੱਜ ਇਕ ਪ੍ਰਮੁੱਖ ਅਖ਼ਬਾਰ ਵਿਚ ਖ਼ਬਰ ਛਪੀ ਹੈ ਜਿਸ ਵਿਚ ਕਿਹਾ ਗਿਆ ਹੈ ਕਿ ਸ਼ਹਿਰ ਦੇ ਇਕ ਸਕੂਲ ਦੇ ਵਿਦਿਆਰਥੀਆਂ ਅੰਦਰ ਮੰਕੀਪਾਕਸ ਦੇ ਕੁਝ ਪਾਜ਼ੇਟਿਵ ਕੇਸ ਸਾਹਮਣੇ ਆਏ ਹਨ| ਇਸ ਦੌਰਾਨ ਸਿਹਤ ਅਧਿਕਾਰੀਆਂ ਨੇ ਕਿਹਾ ਕਿ ਇਹ ਖ਼ਬਰ ਪੂਰੀ ਤਰ੍ਹਾਂ ਤੱਥਹੀਣ ਅਤੇ ਬੇਬੁਨਿਆਦ ਹੈ।

ਇਸ ਖ਼ਬਰ ਨੂੰ ਲੈ ਕੇ ਉਨ੍ਹਾਂ ਸਪੱਸ਼ਟ ਕੀਤਾ ਕਿ ਸਬੰਧਤ ਸਕੂਲ ਦੇ ਤਿੰਨ ਵਿਦਿਆਰਥੀਆਂ ਅੰਦਰ ਹੈਂਡ, ਫ਼ੁੱਟ ਐਂਡ ਮਾਊਥ ਬੀਮਾਰੀ ਜਿਸ ਨੂੰ ਹੱਥਾਂ, ਪੈਰਾਂ ਅਤੇ ਮੂੰਹ ਦੀ ਬੀਮਾਰੀ ਵੀ ਕਿਹਾ ਜਾਂਦਾ ਹੈ, ਦੇ ਕੁਝ ਲੱਛਣ ਵੇਖੇ ਗਏ ਸਨ ਜਿਨ੍ਹਾਂ ਦੇ ਸੈਂਪਲ ਸਬੰਧਤ ਲੈਬ ਵਿਚ ਜਾਂਚ ਲਈ ਭੇਜ ਗਏ ਸਨ।

ਇਸਦੇ ਨਾਲ ਹੀ ਇਕ ਸੈਂਪਲ ਦੀ ਰੀਪੋਰਟ ਆ ਗਈ ਹੈ ਜਿਸ ਵਿਚ ਸਬੰਧਤ ਬੱਚੇ ਨੂੰ ਹੱਥਾਂ, ਪੈਰਾਂ ਅਤੇ ਮੂੰਹ ਦੀ ਬੀਮਾਰੀ ਹੋਣ ਦੀ ਪੁਸ਼ਟੀ ਹੋਈ ਹੈ ਜਦਕਿ ਬਾਕੀ ਦੋ ਸੈਂਪਲਾਂ ਦੀ ਰੀਪੋਰਟ ਜਲਦ ਹੀ ਆ ਜਾਵੇਗੀ।ਉਨ੍ਹਾਂ ਕਿਹਾ ਕਿ ਪੂਰੇ ਦੇਸ਼ ਵਿਚ ਮੰਕੀਪਾਕਸ ਦੇ ਹਾਲੇ ਦੋ ਮਾਮਲੇ ਸਾਹਮਣੇ ਆਏ ਹਨ ਜਦਕਿ ਪੰਜਾਬ ਵਿਚ ਅਜਿਹਾ ਕੋਈ ਮਾਮਲਾ ਸਾਹਮਣੇ ਨਹੀਂ ਆਇਆ।

ਇਸ ਸੰਬੰਧੀ ਜਾਣਕਾਰੀ ਦਿੰਦਿਆਂ ਅਧਿਕਾਰੀਆਂ ਨੇ ਦੱਸਿਆ ਕਿ ਇਹ ਬੀਮਾਰੀ ਆਮ ਤੌਰ ਤੇ 10 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਹੁੰਦੀ ਹੈ ਜਿਸ ਦੇ ਪ੍ਰਮੁੱਖ ਲੱਛਣਾਂ ਵਿਚ ਮੂੰਹ ਵਿਚ ਛਾਲੇ ਹੋਣਾ ਅਤੇ ਹੱਥਾਂ ਤੇ ਪੈਰਾਂ ਉਤੇ ਲਾਲ ਰੰਗ ਦੇ ਧੱਫੜ ਉਭਰਨਾ ਸ਼ਾਮਲ ਹੈ।ਉਨ੍ਹਾਂ ਕਿਹਾ ਕਿ ਇਸ ਬੀਮਾਰੀ ਤੋਂ ਘਬਰਾਉਣ ਦੀ ਲੋੜ ਨਹੀਂ ਕਿਉਂਕਿ ਬਹੁਤੇ ਮਾਮਲਿਆਂ ਵਿਚ ਇਹ ਬੀਮਾਰੀ ਕੁਝ ਦਿਨਾਂ ਬਾਅਦ ਅਪਣੇ ਆਪ ਠੀਕ ਹੋ ਜਾਂਦੀ ਹੈ।

Exit mobile version