ਨਵੀਂ ਦਿੱਲੀ, 04 ਦਸੰਬਰ 2024: ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਅੱਜ ਕੇਂਦਰੀ ਸੜਕ ਅਤੇ ਟਰਾਂਸਪੋਰਟ ਮੰਤਰੀ ਨਿਤਿਨ ਗਡਕਰੀ (Nitin Gadkari) ਨਾਲ ਮੁਲਾਕਾਤ ਕਰਕੇ ਕਈਂ ਮੰਗਾਂ ਰੱਖੀਆਂ ਹਨ | ਇਸ ਦੌਰਾਨ ਹਰਜੋਤ ਸਿੰਘ ਬੈਂਸ ਦੇ ਨਾਲ ਰਾਜ ਸਭਾ ਮੈਂਬਰ ਸੰਜੀਵ ਅਰੋੜਾ ਵੀ ਮੌਜੂਦ ਸਨ।
ਹਰਜੋਤ ਸਿੰਘ ਬੈਂਸ (Harjot Singh Bains) ਨੇ ਮੁਲਾਕਾਤ ਦੌਰਾਨ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੂੰ ਸ੍ਰੀ ਅਨੰਦਪੁਰ ਸਾਹਿਬ ਦੀ ਇਤਿਹਾਸਕ ਅਤੇ ਭੂਗੋਲਿਕ ਮਹੱਤਤਾ ਬਾਰੇ ਦੱਸਿਆ ਅਤੇ ਇਲਾਕੇ ‘ਚ ਸੜਕਾਂ ਸਬੰਧੀ ਜ਼ਰੂਰਤਾਂ ਬਾਰੇ ਗੱਲਬਾਤ ਕੀਤੀ |
ਉਨ੍ਹਾਂ ਕਿਹਾ ਕਿ ਸਿੱਖਾਂ ਦੇ ਧਰਮ ਦੇ ਇਤਿਹਾਸਕ ਸਥਾਨ ਸ੍ਰੀ ਕੀਰਤਪੁਰ ਸਾਹਿਬ, ਸ੍ਰੀ ਅਨੰਦਪੁਰ ਸਾਹਿਬ ਅਤੇ ਹਿੰਦੂਆਂ ਦੇ ਸ਼ਕਤੀ ਪੀਠ ਸ੍ਰੀ ਨੈਣਾ ਦੇਵੀ ਨੂੰ ਜੋੜਨ ਵਾਲੀਆਂ ਸੜਕਾਂ ਨੂੰ ਤੁਰੰਤ ਚਾਰ ਮਾਰਗੀ ਬਣਾਉਣ ਦੀ ਲੋੜ ਹੈ, ਤਾਂ ਜੋ ਇਨ੍ਹਾਂ ਅਸਥਾਨਾਂ ‘ਤੇ ਆਉਣ ਵਾਲੇ ਸ਼ਰਧਾਲੂਆਂ ਦੀ ਆਵਾਜਾਈ ਨੂੰ ਸੁਖਾਲਾ ਬਣਾਇਆ ਜਾ ਸਕੇ।
ਇਨ੍ਹਾਂ ਪ੍ਰੋਜੈਕਟਾਂ ਦੀ ਵਿਸਤ੍ਰਿਤ ਪ੍ਰੋਜੈਕਟ ਰਿਪੋਰਟ (ਡੀ.ਪੀ.ਆਰ.) ਪਹਿਲਾਂ ਹੀ ਤਿਆਰ ਕੀਤੀ ਜਾ ਚੁੱਕੀ ਹੈ। ਹਰਜੋਤ ਸਿੰਘ ਬੈਂਸ ਪਿਛਲੇ ਦਿਨੀਂ ਕੇਂਦਰ ਸਰਕਾਰ ਨੂੰ ਪੱਤਰ ਲਿਖ ਚੁੱਕੇ ਹਨ। ਹਰਜੋਤ ਬੈਂਸ ਨੇ ਕਿਹਾ ਕਿ ਸਭ ਤੋਂ ਪਹਿਲਾਂ ਊਨਾ ਜ਼ਿਲ੍ਹੇ ਦੇ ਸ੍ਰੀ ਕੀਰਤਪੁਰ ਸਾਹਿਬ ਤੋਂ ਹਿਮਾਚਲ ਦੀ ਸਰਹੱਦ ਮਹਿਤਪੁਰ ਤੱਕ ਸੜਕ ਨੂੰ ਚਾਰ ਮਾਰਗੀ ਬਣਾਉਣ ਦੀ ਲੋੜ ਹੈ।
ਉਨ੍ਹਾਂ ਕਿਹਾ ਕਿ ਮਾਂਝਾ, ਦੁਆਬਾ ਅਤੇ ਮਾਲਵਾ ਖੇਤਰਾਂ ਤੋਂ ਵੱਡੀ ਗਿਣਤੀ ‘ਚ ਸ਼ਰਧਾਲੂ ਸ੍ਰੀ ਅਨੰਦਪੁਰ ਸਾਹਿਬ ਅਤੇ ਨੈਣਾ ਦੇਵੀ ਦੇ ਦਰਸ਼ਨਾਂ ਲਈ ਬੰਗਾ-ਸ੍ਰੀ ਅਨੰਦਪੁਰ ਸਾਹਿਬ ਮਾਰਗ ਦੀ ਵਰਤੋਂ ਕਰਦੇ ਹਨ। ਇਹ ਰਸਤਾ ਲਿੰਕ ਰੋਡ ਹੈ, ਜਿਸ ‘ਤੇ ਅਕਸਰ ਹਾਦਸੇ ਵਾਪਰਦੇ ਰਹਿੰਦੇ ਹਨ। ਉਨ੍ਹਾਂ ਮੰਗ ਕੀਤੀ ਕਿ ਇਸ ਮਾਰਗ ਨੂੰ ਨੈਸ਼ਨਲ ਹਾਈਵੇ ਦਾ ਦਰਜਾ ਦੇ ਕੇ ਚਾਰ ਮਾਰਗੀ ਬਣਾਇਆ ਜਾਵੇ।
ਬੈਂਸ ਨੇ ਬੇਨਤੀ ਕੀਤੀ ਕਿ ਲੁਧਿਆਣਾ ਨੂੰ ਹਿਮਾਚਲ ਨਾਲ ਜੋੜਨ ਲਈ ਸ੍ਰੀ ਅਨੰਦਪੁਰ ਸਾਹਿਬ ਤੋਂ ਸ੍ਰੀ ਚਮਕੌਰ ਸਾਹਿਬ ਤੱਕ ਇੱਕ ਨਵਾਂ 50 ਕਿਲੋਮੀਟਰ ਲੰਬਾ ਗ੍ਰੀਨਫੀਲਡ ਐਕਸਪ੍ਰੈਸ ਵੇਅ ਬਣਾਇਆ ਜਾਵੇ | ਇਹ ਐਕਸਪ੍ਰੈਸ ਵੇਅ ਰੋਪੜ-ਲੁਧਿਆਣਾ ਹਾਈਵੇਅ ਅਤੇ ਕੀਰਤਪੁਰ-ਮਨਾਲੀ ਹਾਈਵੇਅ ਨੂੰ ਜੋੜੇਗਾ | ਜਿਸ ਦਾ ਨਾਂ “ਗੁਰੂ ਗੋਬਿੰਦ ਸਿੰਘ ਐਕਸਪ੍ਰੈਸਵੇ” ਰੱਖਣ ਦਾ ਸੁਝਾਅ ਦਿੱਤਾ ਹੈ |
ਕੇਂਦਰੀ ਮੰਤਰੀ ਨਿਤਿਨ ਗਡਕਰੀ (Nitin Gadkari) ਨੇ ਸ੍ਰੀ ਕੀਰਤਪੁਰ ਸਾਹਿਬ ਤੋਂ ਹਿਮਾਚਲ ਬਾਰਡਰ ਮਹਿਤਪੁਰ ਤੱਕ ਸੜਕ ਨੂੰ ਚਾਰ-ਮਾਰਗੀ ਕਰਨ, ਬੰਗਾ ਤੋਂ ਸ੍ਰੀ ਅਨੰਦਪੁਰ ਸਾਹਿਬ ਤੱਕ ਸੜਕ ਨੂੰ ਰਾਸ਼ਟਰੀ ਰਾਜ ਮਾਰਗ ਦਾ ਦਰਜਾ ਦੇ ਕੇ ਚੌੜਾ ਕਰਨ ਅਤੇ ਸ੍ਰੀ ਅਨੰਦਪੁਰ ਸਾਹਿਬ ਤੋਂ ਸ੍ਰੀ ਚਮਕੌਰ ਸਾਹਿਬ ਤੱਕ ਨਵੇਂ ਗ੍ਰੀਨਫੀਲਡ ਐਕਸਪ੍ਰੈਸਵੇ “ਗੁਰੂ ਗੋਬਿੰਦ ਸਿੰਘ ਐਕਸਪ੍ਰੈਸਵੇ” ਬਣਾਉਣ ਸਬੰਧੀ ਸਹਿਮਤੀ ਦਿੱਤੀ ਹੈ | ਕੇਂਦਰੀ ਮੰਤਰੀ ਨੇ ਭਰੋਸਾ ਦਿੱਤਾ ਹੈ ਕਿ ਛੇਤੀ ਇਸਦਾ ਕੰਮ ਸ਼ੁਰੂ ਕੀਤਾ ਜਾਵੇਗਾ |
ਗਡਕਰੀ ਨੇ ਕੀਰਤਪੁਰ-ਨੰਗਲ ਸੜਕ ਦਾ ਕੰਮ ਛੇਤੀ ਸ਼ੁਰੂ ਕਰਨ, ਬੰਗਾ-ਸ੍ਰੀ ਆਨੰਦਪੁਰ ਸਾਹਿਬ ਸੜਕ ਨਾਲ ਸਬੰਧਤ ਫਾਈਲ ਸੌਂਪਣ ਅਤੇ ਨਵੇਂ ਐਕਸਪ੍ਰੈਸ ਵੇਅ ਦੇ ਅਧਿਐਨ ਦਾ ਕੰਮ ਸ਼ੁਰੂ ਕਰਨ ਦੇ ਵੀ ਆਦੇਸ਼ ਦਿੱਤੇ।
Read More: Scholarship: ਪੰਜਾਬ ਸਰਕਾਰ ਵੱਲੋਂ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਤਹਿਤ 92 ਕਰੋੜ ਰੁਪਏ ਜਾਰੀ