ਚੰਡੀਗੜ੍ਹ 17 ਜੁਲਾਈ 2023: ਪੰਜਾਬੀ ਗਾਇਕ ਸ਼ੁੱਭਦੀਪ ਸਿੰਘ ਉਰਫ਼ ਸਿੱਧੂ ਮੂਸੇਵਾਲਾ (Sidhu Moosewala) ਦੇ ਕਤਲ ਕਾਂਡ ਨੂੰ ਲੈ ਕੇ ਰਾਸ਼ਟਰੀ ਜਾਂਚ ਏਜੰਸੀ (ਐੱਨ.ਆਈ.ਏ.) ਨੇ ਖ਼ੁਲਾਸਾ ਕੀਤਾ ਹੈ ਕਿ ਸਿੱਧੂ ਮੂਸੇਵਾਲਾ ਦੇ ਕਤਲ ਵਿੱਚ ਪਾਕਿਸਤਾਨੀ ਸਪਲਾਇਰ ਨੇ ਹਥਿਆਰ ਸਪਲਾਈ ਕੀਤੇ ਸਨ।
ਖ਼ਬਰਾਂ ਮੁਤਾਬਕ ਦੁਬਈ ‘ਚ ਰਹਿਣ ਵਾਲੇ ਪਾਕਿਸਤਾਨੀ ਹਥਿਆਰ ਸਪਲਾਇਰ ਹਾਮਿਦ ਨੇ ਇਹ ਹਥਿਆਰ ਪਾਕਿਸਤਾਨ ਤੋਂ ਡਿਲੀਵਰ ਕੀਤੇ ਸਨ। ਮੂਸੇਵਾਲਾ ਦੇ ਕਤਲ ਵਿੱਚ ਆਸਟਰੀਆ ਦਾ ਗਲਾਕ-30, ਜਿਗਾਨਾ ਪਿਸਤੌਲ, ਜਰਮਨ ਦਾ ਬਣਿਆ ਹੈਕਲਰ ਐਂਡ ਕੋਚ, ਸਟਾਰ ਅਤੇ ਏਕੇ 47 ਦੀ ਵਰਤੋਂ ਕੀਤੀ ਗਈ ਸੀ।
ਐੱਨ.ਆਈ.ਏ. ਨੇ 8 ਦਸੰਬਰ 2022 ਨੂੰ ਬੁਲੰਦਸ਼ਹਿਰ ਤੋਂ ਹਵਾਲਾ ਕਾਰੋਬਾਰੀ ਸ਼ਾਹਬਾਜ਼ ਅੰਸਾਰੀ ਨੂੰ ਗ੍ਰਿਫਤਾਰ ਕੀਤਾ ਸੀ। ਸ਼ਾਹਬਾਜ਼ ਅੰਸਾਰੀ ਤੋਂ ਪੁੱਛਗਿੱਛ ਦੌਰਾਨ ਪਤਾ ਲੱਗਾ ਕਿ ਉਹ ਲਾਰੈਂਸ ਬਿਸ਼ਨੋਈ ਅਤੇ ਗੋਲਡੀ ਬਰਾੜ ਦਾ ਕਰੀਬੀ ਹੈ। ਸ਼ਾਹਬਾਜ਼ ਅੰਸਾਰੀ ਕਈ ਵਾਰ ਦੁਬਈ ਅਤੇ ਕੈਨੇਡਾ ਗਿਆ ਸੀ। ਜਿੱਥੇ ਉਹ ਗੋਲਡੀ ਬਰਾੜ ਦੇ ਸੰਪਰਕ ਵਿੱਚ ਆਇਆ।
ਜਿਕਰਯੋਗ ਹੈ ਸਿੱਧੂ ਮੂਸੇਵਾਲਾ ਨੂੰ 29 ਮਈ 2022 ਨੂੰ ਮਾਨਸਾ ਦੇ ਪਿੰਡ ਜਵਾਹਰਕੇ ਵਿਖੇ ਕਤਲ ਕਰ ਦਿੱਤਾ ਗਿਆ ਸੀ, ਜਿੱਥੇ ਛੇ ਸ਼ੂਟਰਾਂ ਨੇ ਸਿੱਧੂ ਨੂੰ ਅਸਾਲਟ ਰਾਈਫਲਾਂ ਅਤੇ ਪਿਸਤੌਲਾਂ ਨਾਲ ਗੋਲੀ ਮਾਰ ਦਿੱਤੀ ਸੀ। ਗੈਂਗਸਟਰ ਗੋਲਡੀ ਬਰਾੜ ਨੇ ਸਿੱਧੂ ਮੂਸੇਵਾਲਾ ਦੇ ਕਤਲ ਦੀ ਜ਼ਿੰਮੇਵਾਰੀ ਲਈ ਸੀ।