July 7, 2024 4:32 pm
NIA

NIA ਵਲੋਂ ਸਾਲ 2022 ‘ਚ ਅੱਤਵਾਦ ਨਾਲ ਜੁੜੇ ਸਭ ਤੋਂ ਵੱਧ ਕੇਸਾਂ ਦੀ ਜਾਂਚ, 368 ਮੁਲਜ਼ਮਾਂ ਖ਼ਿਲਾਫ਼ ਚਾਰਜਸ਼ੀਟ ਦਾਖ਼ਲ

ਚੰਡੀਗੜ੍ਹ 31 ਦਸੰਬਰ 2022: ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (National Investigation Agency) ਨੇ ਸਾਲ 2022 ‘ਚ ਜਿਹਾਦੀ ਅੱਤਵਾਦ ਨੂੰ ਜ਼ਬਰਦਸਤ ਝਟਕਾ ਦਿੱਤਾ ਹੈ। ਪਿਛਲੇ ਕੁਝ ਸਾਲਾਂ ਦੇ ਮੁਕਾਬਲੇ ਇਸ ਵਾਰ ਐਨਆਈਏ ਨੇ ਅੱਤਵਾਦ ਨਾਲ ਜੁੜੇ ਸਭ ਤੋਂ ਵੱਧ ਕੇਸਾਂ ਦੀ ਜਾਂਚ ਕੀਤੀ ਹੈ।

2022 ਵਿੱਚ ਐਨਆਈਏ (NIA) ਨੇ 73 ਕੇਸ ਦਰਜ ਕੀਤੇ ਹਨ। ਪਿਛਲੇ ਸਾਲਾਂ ਵਿੱਚ ਇਹ ਅੰਕੜਾ 61 ਤੋਂ ਘੱਟ ਰਿਹਾ ਹੈ। ਇਸ ਸਾਲ ਵੱਖ-ਵੱਖ ਮਾਮਲਿਆਂ ਵਿੱਚ 368 ਮੁਲਜ਼ਮਾਂ ਖ਼ਿਲਾਫ਼ 59 ਦੋਸ਼ ਪੱਤਰ ਦਾਖ਼ਲ ਕੀਤੇ ਗਏ ਹਨ। ਇਨ੍ਹਾਂ ਮਾਮਲਿਆਂ ਵਿੱਚ ਦੋਸ਼ੀ ਠਹਿਰਾਏ ਜਾਣ ਦੀ ਦਰ 94.39 ਫ਼ੀਸਦੀ ਰਹੀ ਹੈ।

ਰਾਸ਼ਟਰੀ ਜਾਂਚ ਏਜੰਸੀ ਨੇ ਪਿਛਲੇ ਸਾਲ 61 ਮਾਮਲੇ ਦਰਜ ਕੀਤੇ ਸਨ। ਇਸ ਸਾਲ ਕੇਸ ਦਰਜ ਕਰਨ ਵਿੱਚ 19.67 ਫੀਸਦੀ ਦਾ ਵਾਧਾ ਹੋਇਆ ਹੈ। ਐਨਆਈਏ ਵੱਲੋਂ ਦਰਜ 73 ਕੇਸਾਂ ਵਿੱਚੋਂ 35 ਕੇਸ ਜੇਹਾਦੀ ਦਹਿਸ਼ਤ ਨਾਲ ਸਬੰਧਤ ਦਰਜ ਕੀਤੇ ਗਏ ਹਨ। ਜਿਨ੍ਹਾਂ ਰਾਜਾਂ ‘ਚ ਜੇਹਾਦੀ ਅੱਤਵਾਦੀ ਮਾਮਲੇ ਦਰਜ ਕੀਤੇ ਗਏ ਹਨ, ਉਨ੍ਹਾਂ ‘ਚ ਜੰਮੂ ਕਸ਼ਮੀਰ, ਅਸਾਮ, ਬਿਹਾਰ, ਦਿੱਲੀ, ਕਰਨਾਟਕ, ਕੇਰਲ, ਮੱਧ ਪ੍ਰਦੇਸ਼, ਮਹਾਰਾਸ਼ਟਰ, ਰਾਜਸਥਾਨ, ਤਾਮਿਲਨਾਡੂ, ਤੇਲੰਗਾਨਾ ਅਤੇ ਪੱਛਮੀ ਬੰਗਾਲ ਸ਼ਾਮਲ ਹਨ।

ਜੰਮੂ-ਕਸ਼ਮੀਰ ‘ਚ 11 ਮਾਮਲੇ ਦਰਜ ਕੀਤੇ ਗਏ ਹਨ। ਨਕਸਲ ਪ੍ਰਭਾਵਿਤ ਖੇਤਰਾਂ ਵਿੱਚ 10 ਮਾਮਲੇ, ਉੱਤਰ ਪੂਰਬ ਵਿੱਚ 5 ਮਾਮਲੇ, ਪੀਐਫਆਈ ਨਾਲ ਸਬੰਧਤ ਮਾਮਲਿਆਂ ਵਿੱਚ 7 ​​ਕੇਸ ਦਰਜ ਕੀਤੇ ਗਏ ਹਨ। ਪੰਜਾਬ ਵਿੱਚ ਚਾਰ ਕੇਸ ਦਰਜ ਕੀਤੇ ਗਏ ਹਨ। ਇਸ ਤੋਂ ਇਲਾਵਾ ਗੈਂਗਸਟਰ, ਅੱਤਵਾਦ ਅਤੇ ਸਮੱਗਲਰ ਗਠਜੋੜ ਸਬੰਧੀ ਤਿੰਨ ਕੇਸ ਦਰਜ ਕੀਤੇ ਗਏ ਹਨ। ਟੈਟਰ ਫੰਡਿੰਗ ਦਾ ਇੱਕ ਮਾਮਲਾ ਅਤੇ ਜਾਅਲੀ ਭਾਰਤੀ ਕਰੰਸੀ ਨੋਟਾਂ ‘ਐਫਆਈਸੀਐਨ’ ਦੇ ਦੋ ਕੇਸ ਦਰਜ ਕੀਤੇ ਗਏ ਹਨ।

ਐਨਆਈਏ ਨੇ ਇਸ ਸਾਲ 456 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ, ਇਨ੍ਹਾਂ ਵਿੱਚ 19 ਭਗੌੜੇ ਵੀ ਸ਼ਾਮਲ ਹਨ। ਦੋ ਮੁਲਜ਼ਮਾਂ ਨੂੰ ਡਿਪੋਰਟ ਕਰ ਦਿੱਤਾ ਗਿਆ ਹੈ। ਇਕ ਦੋਸ਼ੀ ਨੂੰ ਹਵਾਲਗੀ ਕਰ ਦਿੱਤਾ ਗਿਆ ਹੈ। ਇਸ ਸਾਲ 38 ਕੇਸਾਂ ਵਿੱਚ ਅਦਾਲਤ ਦਾ ਫੈਸਲਾ ਆਇਆ ਹੈ,ਜਿਨ੍ਹਾਂ ਵਿੱਚ ਸਾਰਿਆਂ ਨੂੰ ਦੋਸ਼ੀ ਠਹਿਰਾਇਆ ਗਿਆ ਹੈ। 109 ਜਣਿਆਂ ਨੂੰ ਸਖ਼ਤ ਸਜ਼ਾ ਸੁਣਾਈ ਗਈ ਹੈ। ਉਨ੍ਹਾਂ ਨੂੰ ਜੁਰਮਾਨਾ ਵੀ ਲਗਾਇਆ ਗਿਆ ਹੈ। ਛੇ ਜਣਿਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ। ਯੂਏਪੀਏ ਤਹਿਤ ਅੱਠ ਜਣਿਆਂ ਨੂੰ ਵਿਅਕਤੀਗਤ ਅੱਤਵਾਦੀ ਐਲਾਨਿਆ ਗਿਆ ਹੈ।

ਐਨਆਈਏ ਨੇ ਨਵੰਬਰ ‘ਚ ‘ਨੋ ਮਨੀ ਫਾਰ ਟੈਰਰ’ ਮਨਿਸਟਰੀਅਲ ਕਾਨਫਰੰਸ (ਕਾਊਂਟਰ-ਟੈਰਰਿਜ਼ਮ ਫਾਈਨਾਂਸਿੰਗ) ਦਾ ਸਫਲਤਾਪੂਰਵਕ ਆਯੋਜਨ ਕੀਤਾ ਹੈ। ਇਸ ਵਿੱਚ 78 ਦੇਸ਼ਾਂ ਅਤੇ 16 ਬਹੁ-ਰਾਸ਼ਟਰੀ ਸੰਸਥਾਵਾਂ ਨੇ ਭਾਗ ਲਿਆ। ਆਉਣ ਵਾਲੇ ਸਮੇਂ ‘ਚ ਭਾਰਤ ਵਿਸ਼ਵ ਪੱਧਰ ‘ਤੇ ਅੱਤਵਾਦ ਨੂੰ ਖ਼ਤਮ ਕਰਨ ‘ਚ ਅਹਿਮ ਭੂਮਿਕਾ ਨਿਭਾਏਗਾ।