ਚੰਡੀਗੜ੍ਹ, 15 ਨਵੰਬਰ 2025: ਨਿਊਜ਼ੀਲੈਂਡ ਦੀ ਸੰਸਦ ‘ਚ ਹੰਗਾਮੇ ਦੀ ਇਕ ਵੀਡੀਓ ਸ਼ੋਸ਼ਲ ਮੀਡੀਆ ‘ਤੇ ਕਾਫ਼ੀ ਵਾਇਰਲ ਹੋ ਰਹੀ ਹੈ | ਇਹ ਵੀਡੀਓ ਨਿਊਜ਼ੀਲੈਂਡ ਦੀ ਹੁਣ ਤੱਕ ਦੀ ਸਭ ਤੋਂ ਛੋਟੀ ਉਮਰ ਦੀ ਐਮਪੀ ਹਾਨਾ-ਰਿਤੀ ਮਾਈਪ-ਕਲਾਰਕ ਦੀ ਸੰਸਦ ‘ਚ ਕਾਰਵਾਈ ਦੌਰਾਨ ਦੀ ਹੈ। ਹਾਲ ਹੀ ‘ਚ ਸੰਸਦ ਵਿੱਚ ਉਨ੍ਹਾਂ ਦਾ ਇੱਕ ਵਿਵਾਦਪੂਰਨ ਪ੍ਰਦਰਸ਼ਨ ਦੇਖਣ ਨੂੰ ਮਿਲਿਆ।
22 ਸਾਲਾ ਹਾਨਾ ਮਾਔਰੀ ਕਬੀਲੇ ਨਾਲ ਸਬੰਧਤ ਹੈ। ਉਨ੍ਹਾਂ ਨੇ ਮਾਔਰੀ ਸੱਭਿਆਚਾਰ ਦਾ ‘ਹਾਕਾ’ ਨਾਚ ਕਰਦੇ ਹੋਏ ਪਾਰਲੀਮੈਂਟ ‘ਚ ‘ਸਵਦੇਸ਼ੀ ਸੰਧੀ ਬਿੱਲ’ ਦੀ ਕਾਪੀ ਪਾੜ ਦਿੱਤੀ। ਇਸ ਦੀ ਵੀਡੀਓ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਹੈ, ਜਿਸ ‘ਚ ਹਾਨਾ ਹਾਕਾ ਡਾਂਸ ਕਰਦੇ ਹੋਏ ਬਿੱਲ ਦੀ ਕਾਪੀ ਪਾੜਦੀ ਨਜ਼ਰ ਆ ਰਹੀ ਹੈ।
ਦਰਅਸਲ, ਵਿਵਾਦ ਦਾ ਕਾਰਨ 1840 ਦੀ ਵੈਤਾਂਗੀ ਦੀ ਸੰਧੀ ਨਾਲ ਜੁੜੇ ਸਿਧਾਂਤ ਹਨ, ਜਿਸ ਤਹਿਤ ਮਾਓਰੀ ਕਬੀਲਿਆਂ ਨੂੰ ਬ੍ਰਿਟਿਸ਼ ਸ਼ਾਸਨ ਸਵੀਕਾਰ ਕਰਨ ਦੇ ਬਦਲੇ ਉਨ੍ਹਾਂ ਦੀ ਜ਼ਮੀਨ ਅਤੇ ਅਧਿਕਾਰਾਂ ਦੀ ਸੁਰੱਖਿਆ ਦਾ ਵਾਅਦਾ ਕੀਤਾ ਗਿਆ ਸੀ। ਪਰ ਮੌਜੂਦਾ ਬਿੱਲ ਨੇ ਸਾਰੇ ਨਾਗਰਿਕਾਂ ‘ਤੇ ਬਰਾਬਰ ਸਿਧਾਂਤ ਲਾਗੂ ਕਰਨ ਦੀ ਗੱਲ ਆਖੀ ਗਈ ਹੈ, ਜਿਸ ਨੂੰ ਹਾਨਾ ਸਵਦੇਸ਼ੀ ਅਧਿਕਾਰਾਂ ਦੀ ਉਲੰਘਣਾ ਮੰਨਦੇ ਹਨ।
ਸਥਾਨਕ ਮੀਡੀਆ ਰਿਪੋਰਟਾਂ ਮੁਤਾਬਕ ਸੰਸਦ ‘ਚ ਹਾਨਾ ਦੇ ਵਿਰੋਧ ਨੂੰ ਗੈਲਰੀ ‘ਚ ਬੈਠੇ ਦਰਸ਼ਕਾਂ ਅਤੇ ਕੁਝ ਹੋਰ ਸੰਸਦ ਮੈਂਬਰਾਂ ਨੇ ਸਮਰਥਨ ਦਿੱਤਾ, ਜਿਸ ਤੋਂ ਬਾਅਦ ਸੰਸਦ ‘ਚ ਭਾਰੀ ਹੰਗਾਮਾ ਹੋਇਆ। ਇਸ ਕਾਰਨ ਸਪੀਕਰ ਨੇ ਸੈਸ਼ਨ ਨੂੰ ਕੁਝ ਸਮੇਂ ਲਈ ਮੁਲਤਵੀ ਕਰ ਦਿੱਤਾ। ਬਿੱਲ ਦਾ ਵਿਰੋਧ ਕਰਨ ਵਾਲਿਆਂ ਦਾ ਕਹਿਣਾ ਹੈ ਕਿ ਇਸ ਨਾਲ ਨਸਲੀ ਵਿਵਾਦ ਅਤੇ ਸੰਵਿਧਾਨਕ ਉਥਲ-ਪੁਥਲ ਦਾ ਖਤਰਾ ਹੈ।
ਜਿਕਰਯੋਗ ਹੈ ਕਿ ਹਾਕਾ ਕੋਈ ਆਮ ਨਾਚ ਨਹੀਂ ਹੈ। ਇਹ ਇਕ ਪ੍ਰਾਚੀਨ ਜੰਗੀ ਨਾਚ ਹੈ, ਜਿਸ ਨੂੰ ਮਾਔਰੀ ਕਬੀਲੇ ਦੇ ਲੋਕ ਪੂਰੀ ਤਾਕਤ ਅਤੇ ਭਾਵਾਂ ਨਾਲ ਪੇਸ਼ ਕਰਦੇ ਹਨ, ਜਿਵੇਂ ਕਿ ਤੁਸੀਂ ਹਾਨਾ ਦੀ ਵਾਇਰਲ ਵੀਡੀਓ ‘ਚ ਦੇਖਿਆ ਹੈ। ਇਹ ਨਾਚ ਮਾਓਰੀ ਕਬੀਲੇ ਦੇ ਮਾਣਮੱਤੇ ਇਤਿਹਾਸ, ਤਾਕਤ ਅਤੇ ਏਕਤਾ ਦਾ ਇੱਕ ਅਗਨੀ ਪ੍ਰਦਰਸ਼ਨ ਹੈ।