ਚੰਡੀਗੜ੍ਹ, 24 ਸਤੰਬਰ 2024: ਪ੍ਰਧਾਨ ਮੰਤਰੀ ਨਰਿੰਦਰ ਮੋਦੀ (PM Modi) ਨੇ ਬੀਤੇ ਦਿਨ ਨਿਊਯਾਰਕ (New York) ‘ਚ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ (Volodymyr Zelensky ) ਨਾਲ ਦੁਵੱਲੀ ਬੈਠਕ ਕੀਤੀ ਹੈ । ਇਸ ਦੌਰਾਨ ਪੀਐਮ ਮੋਦੀ ਨੇ ਯੂਕਰੇਨ ‘ਚ ਸੰਘਰਸ਼ ਦੇ ਛੇਤੀ ਹੱਲ ਅਤੇ ਖੇਤਰ ‘ਚ ਸ਼ਾਂਤੀ ਅਤੇ ਸਥਿਰਤਾ ਦੀ ਬਹਾਲੀ ਲਈ ਭਾਰਤ ਦੇ ਸਮਰਥਨ ਨੂੰ ਮੁੜ ਤੋਂ ਦੁਹਰਾਇਆ ਹੈ। ਇਸ ਤੋਂ ਇਲਾਵਾ ਪੀਐਮ ਮੋਦੀ ਨੇ ਸੰਯੁਕਤ ਰਾਸ਼ਟਰ ਮਹਾਂਸਭਾ ‘ਚ ‘ਭਵਿੱਖ ਦੇ ਸਿਖਰ ਸੰਮਲੇਨ’ ਦੌਰਾਨ ਅਰਮੇਨੀਆ ਦੇ ਪ੍ਰਧਾਨ ਮੰਤਰੀ ਨਿਕੋਲ ਪਸ਼ਿਯਾਨ ਅਤੇ ਵੀਅਤਨਾਮ ਦੇ ਰਾਸ਼ਟਰਪਤੀ ਟੋ ਲੈਮ ਨਾਲ ਵੀ ਮੁਲਾਕਾਤ ਕੀਤੀ।
ਇਸ ਤੋਂ ਪਹਿਲਾਂ 23 ਅਗਸਤ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੀਵ ‘ਚ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨਾਲ ਮੁਲਾਕਾਤ ਕੀਤੀ ਸੀ। ਇਹ ਮੁਲਾਕਾਤ ਯੁੱਧਗ੍ਰਸਤ ਦੇਸ਼ ਦੇ ਇਤਿਹਾਸਕ ਦੌਰੇ ਦਾ ਹਿੱਸਾ ਸੀ। ਜ਼ੇਲੇਂਸਕੀ ਇਸ ਮੁਲਾਕਾਤ ਤੋਂ ਬਾਅਦ ਬਹੁਤ ਖੁਸ਼ ਨਜ਼ਰ ਆਏ। ਪ੍ਰਧਾਨ ਮੰਤਰੀ ਮੋਦੀ ਦੇ ਯੂਕਰੇਨ ਦੌਰੇ ਦੀ ਤਾਰੀਫ ਕਰਦੇ ਹੋਏ ਉਨ੍ਹਾਂ ਕਿਹਾ ਸੀ ਕਿ ਇਹ ਮਹੱਤਵਪੂਰਨ ਹੈ ਕਿ ਭਾਰਤ ਅੰਤਰਰਾਸ਼ਟਰੀ ਕਾਨੂੰਨ ਪ੍ਰਤੀ ਵਚਨਬੱਧ ਹੈ ਅਤੇ ਕੀਵ ਦੀ ਪ੍ਰਭੂਸੱਤਾ ਅਤੇ ਖੇਤਰੀ ਅਖੰਡਤਾ ਦਾ ਸਮਰਥਨ ਕਰਦਾ ਹੈ।
ਪ੍ਰਧਾਨ ਮੰਤਰੀ ਮੋਦੀ (PM Modi) ਨੇ ਐਕਸ ‘ਤੇ ਇਕ ਪੋਸਟ ਵਿਚ ਕਿਹਾ, ‘ਨਿਊਯਾਰਕ ਵਿਚ ਰਾਸ਼ਟਰਪਤੀ ਜ਼ੇਲੇਂਸਕੀ ਨਾਲ ਮੁਲਾਕਾਤ ਕੀਤੀ। ਅਸੀਂ ਦੁਵੱਲੇ ਸਬੰਧਾਂ ਨੂੰ ਮਜ਼ਬੂਤ ਕਰਨ ਲਈ ਪਿਛਲੇ ਮਹੀਨੇ ਯੂਕਰੇਨ ਦੀ ਸਾਡੀ ਯਾਤਰਾ ਦੇ ਨਤੀਜਿਆਂ ਨੂੰ ਲਾਗੂ ਕਰਨ ਲਈ ਵਚਨਬੱਧ ਹਾਂ। ਯੂਕਰੇਨ-ਰੂਸ ਸੰਘਰਸ਼ ਦੇ ਛੇਤੀ ਹੱਲ ਅਤੇ ਸ਼ਾਂਤੀ ਅਤੇ ਸਥਿਰਤਾ ਦੀ ਬਹਾਲੀ ਲਈ ਭਾਰਤ ਦੇ ਸਮਰਥਨ ਨੂੰ ਦੁਹਰਾਇਆ।
ਪੀਐਮ ਮੋਦੀ ਨਾਲ ਮੁਲਾਕਾਤ ਤੋਂ ਬਾਅਦ ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਂਸਕੀ ਨੇ ਟਵੀਟ ਕੀਤਾ ਕਿ ਇਸ ਸਾਲ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਇਹ ਤੀਜੀ ਦੁਵੱਲੀ ਮੁਲਾਕਾਤ ਹੈ। ਅਸੀਂ ਸਰਗਰਮੀ ਨਾਲ ਆਪਣੇ ਸਬੰਧਾਂ ਨੂੰ ਵਿਕਸਤ ਕਰ ਰਹੇ ਹਾਂ ਅਤੇ ਵੱਖ-ਵੱਖ ਖੇਤਰਾਂ ਵਿੱਚ ਸਹਿਯੋਗ ਨੂੰ ਮਜ਼ਬੂਤ ਕਰਨ ਲਈ ਮਿਲ ਕੇ ਕੰਮ ਕਰ ਰਹੇ ਹਾਂ।
ਉਨ੍ਹਾਂ ਕਿਹਾ ਕਿ ਸਾਡੀ ਗੱਲਬਾਤ ਦਾ ਮੁੱਖ ਫੋਕਸ ਅੰਤਰਰਾਸ਼ਟਰੀ ਫੋਰਮਾਂ, ਖਾਸ ਤੌਰ ‘ਤੇ ਸੰਯੁਕਤ ਰਾਸ਼ਟਰ ਅਤੇ ਜੀ-20 ਵਿੱਚ ਸਾਡੀ ਸ਼ਮੂਲੀਅਤ ਵਧਾਉਣ ਦੇ ਨਾਲ-ਨਾਲ ਸ਼ਾਂਤੀ ਫਾਰਮੂਲੇ ਨੂੰ ਲਾਗੂ ਕਰਨ ਅਤੇ ਦੂਜੇ ਸ਼ਾਂਤੀ ਸੰਮੇਲਨ ਦੀਆਂ ਤਿਆਰੀਆਂ ‘ਤੇ ਸੀ। ਅਸੀਂ ਉਪਲਬਧ ਮੌਕਿਆਂ ‘ਤੇ ਠੋਸ ਚਰਚਾ ਕੀਤੀ। ਸਾਡੀ ਪ੍ਰਭੂਸੱਤਾ ਅਤੇ ਖੇਤਰੀ ਅਖੰਡਤਾ ਲਈ ਤੁਹਾਡੇ ਸਪੱਸ਼ਟ ਸਮਰਥਨ ਲਈ ਮੈਂ ਤੁਹਾਡਾ ਧੰਨਵਾਦੀ ਹਾਂ।
ਵਿਦੇਸ਼ ਸਕੱਤਰ ਵਿਕਰਮ ਮਿਸਰੀ ਨੇ ਇੱਕ ਵਿਸ਼ੇਸ਼ ਬ੍ਰੀਫਿੰਗ ਦੌਰਾਨ ਕਿਹਾ ਕਿ ਬੈਠਕ ਦੌਰਾਨ, ਜ਼ੇਲੇਨਸਕੀ ਨੇ ਯੂਕਰੇਨ ਵਿੱਚ ਸੰਘਰਸ਼ ਵੱਲ ਭਾਰਤ ਦੇ ਧਿਆਨ ਦੀ ਸ਼ਲਾਘਾ ਕੀਤੀ ਅਤੇ ਪ੍ਰਧਾਨ ਮੰਤਰੀ ਮੋਦੀ ਦਾ ਇਸ ਵਿੱਚੋਂ ਕੋਈ ਰਸਤਾ ਲੱਭਣ ਦੇ ਯਤਨਾਂ ਲਈ ਧੰਨਵਾਦ ਕੀਤਾ। ਮਿਸ਼ਰੀ ਨੇ ਕਿਹਾ ਕਿ ਦੋਵੇਂ ਆਗੂਆਂ ਨਜ਼ਦੀਕੀ ਸੰਪਰਕ ‘ਚ ਰਹਿਣ ਲਈ ਵੀ ਸਹਿਮਤ ਹੋਏ।