ਚੰਡੀਗੜ੍ਹ 02 ਜਨਵਰੀ 2023: ਨੇਪਾਲ ਦੇ ਨਵੇਂ ਚੁਣੇ ਗਏ ਪ੍ਰਧਾਨ ਮੰਤਰੀ ਪੁਸ਼ਪ ਕਮਲ ਦਹਿਲ ਉਰਫ਼ ਪ੍ਰਚੰਡ (Pushpa Kamal Dahal Prachanda) ਨੂੰ ਹੁਣ ਸੰਸਦ ਦੀ ਪ੍ਰੀਖਿਆ ਦਾ ਸਾਹਮਣਾ ਕਰਨਾ ਪਵੇਗਾ। ਉਹ 10 ਜਨਵਰੀ, 2023 ਨੂੰ ਆਪਣਾ ਭਰੋਸੇ ਦੇ ਮਤ ਪ੍ਰਾਪਤ ਕਰਨਗੇ । ਸੰਸਦ ਸਕੱਤਰੇਤ ਦੇ ਬੁਲਾਰੇ ਰੋਜਨਾਥ ਪਾਂਡੇ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਤੋਂ ਭਰੋਸੇ ਦੇ ਮਤ ਸਬੰਧੀ ਸੰਸਦ ਨੂੰ ਪੱਤਰ ਵੀ ਭੇਜਿਆ ਗਿਆ ਹੈ। ਦੱਸ ਦੇਈਏ ਕਿ ਪ੍ਰਚੰਡ ਨੂੰ ਭਾਰੀ ਬਹੁਮਤ ਨਾਲ ਪ੍ਰਧਾਨ ਮੰਤਰੀ ਨਿਯੁਕਤ ਕੀਤੇ ਜਾਣ ਦੇ ਬਾਵਜੂਦ 30 ਦਿਨਾਂ ਦੇ ਅੰਦਰ ਹੇਠਲੇ ਸਦਨ ਤੋਂ ਭਰੋਸੇ ਦਾ ਮਤ ਹਾਸਲ ਕਰਨਾ ਹੋਵੇਗਾ।
ਦਰਅਸਲ, ਨੇਪਾਲ ਦੀ ਰਾਸ਼ਟਰਪਤੀ ਵਿਦਿਆ ਦੇਵੀ ਭੰਡਾਰੀ ਨੇ ਨਵੇਂ ਬਣੇ ਮੰਤਰੀ ਮੰਡਲ ਦੀ ਸਿਫ਼ਾਰਸ਼ ‘ਤੇ 9 ਜਨਵਰੀ 2023 ਨੂੰ ਸਦਨ ਦਾ ਅਗਲਾ ਸੈਸ਼ਨ ਬੁਲਾਇਆ ਹੈ। 20 ਨਵੰਬਰ ਨੂੰ ਹੋਣ ਵਾਲੀਆਂ ਚੋਣਾਂ ਤੋਂ ਬਾਅਦ ਹਾਊਸ ਆਫ ਰਿਪ੍ਰਜ਼ੈਂਟੇਟਿਵ ਅਤੇ ਨੈਸ਼ਨਲ ਅਸੈਂਬਲੀ ਦੀ ਪਹਿਲੀ ਵਾਰ ਬੈਠਕ ਹੋਣ ਜਾ ਰਹੀ ਹੈ।
ਪਿਛਲੇ ਮਹੀਨੇ ‘ਪ੍ਰਚੰਡ’ ਨੇ ਤੀਜੀ ਵਾਰ ਨੇਪਾਲ ਦੇ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕੀ ਸੀ। ਪ੍ਰਚੰਡ ਨੇ ਨਾਟਕੀ ਢੰਗ ਨਾਲ ਨੇਪਾਲੀ ਕਾਂਗਰਸ ਦੀ ਅਗਵਾਈ ਵਾਲੇ ਪ੍ਰੀ-ਪੋਲ ਗਠਜੋੜ ਨੂੰ ਤੋੜ ਦਿੱਤਾ ਅਤੇ ਵਿਰੋਧੀ ਧਿਰ ਦੇ ਨੇਤਾ ਕੇਪੀ ਸ਼ਰਮਾ ਓਲੀ ਨਾਲ ਹੱਥ ਮਿਲਾਇਆ। ਪ੍ਰਚੰਡ ਅਤੇ ਓਲੀ ਵਾਰੀ-ਵਾਰੀ ਸਰਕਾਰ ਦੀ ਅਗਵਾਈ ਕਰਨ ਲਈ ਸਹਿਮਤ ਹੋ ਗਏ ਹਨ। ਓਲੀ ਨੇ ਪ੍ਰਚੰਡ ਨੂੰ ਪਹਿਲਾ ਪ੍ਰਧਾਨ ਮੰਤਰੀ ਬਣਾਉਣ ਲਈ ਆਪਣੀ ਸਹਿਮਤੀ ਪ੍ਰਗਟਾਈ ਸੀ।
ਨਵੀਂ ਕੈਬਨਿਟ ਵਿੱਚ ਤਿੰਨ ਉਪ ਪ੍ਰਧਾਨ ਮੰਤਰੀ ਹਨ, ਜਿਨ੍ਹਾਂ ਵਿੱਚ ਕੇਪੀ ਸ਼ਰਮਾ ਓਲੀ ਦੀ ਸੀਪੀਐਨ-ਯੂਐਮਐਲ ਤੋਂ ਵਿਸ਼ਨੂੰ ਪੌਡੇਲ, ਸੀਪੀਐਨ-ਮਾਓਵਾਦੀ ਕੇਂਦਰ ਤੋਂ ਨਰਾਇਣ ਕਾਜੀ ਸ੍ਰੇਸ਼ਠ ਅਤੇ ਰਾਸ਼ਟਰੀ ਸੁਤੰਤਰ ਪਾਰਟੀ (ਆਰਐਸਪੀ) ਦੇ ਰਵੀ ਲਾਮਿਛਾਣੇ ਸ਼ਾਮਲ ਹਨ। ਪੌਡੇਲ ਨੂੰ ਵਿੱਤ ਮੰਤਰਾਲਾ, ਸ੍ਰੇਸ਼ਠ ਨੂੰ ਬੁਨਿਆਦੀ ਢਾਂਚਾ ਅਤੇ ਟਰਾਂਸਪੋਰਟ ਮੰਤਰਾਲਾ ਅਤੇ ਲਾਮਿਛਨੇ ਨੂੰ ਗ੍ਰਹਿ ਮੰਤਰਾਲਾ ਦਿੱਤਾ ਗਿਆ ਹੈ।