ਚੰਡੀਗੜ੍ਹ 06 ਫਰਵਰੀ 2022: ਕੋਰੋਨਾ ਵਾਇਰਸ ਦੇ ਮੱਦੇਨਜਰ ਭਾਰਤ ਦੇ ਹਰ ਸੂਬੇ ‘ਚ ਰਾਸ਼ਟਰੀ ਟੀਕਾਕਰਨ ਪ੍ਰੋਗਰਾਮ ਚਲਾਇਆ ਜਾ ਰਿਹਾ ਹੈ | ਇਸ ਦੌਰਾਨ ਰਾਸ਼ਟਰੀ ਟੀਕਾਕਰਨ ਪ੍ਰੋਗਰਾਮ ਦੇ ਤਹਿਤ ਹੁਣ ਤੱਕ ਬਹੁਤ ਸਾਰੇ ਲੋਕਾਂ ਨੇ ਕੋਰੋਨਾ ਵੈਕਸੀਨ ਨਹੀਂ ਲਈ ਹੈ। ਇਸ ‘ਚ ਕੁਝ ਲੋਕ ਅਜਿਹੇ ਵੀ ਹਨ ਜਿਨ੍ਹਾਂ ਨੇ ਟੀਕੇ ਦੇ ਡਰ ਕਾਰਨ ਟੀਕਾ ਨਹੀਂ ਲਗਵਾਇਆ ਹੈ।ਇਸ ਦੌਰਾਨ ਵੱਡੀ ਖ਼ਬਰ ਆ ਰਹੀ ਹੈ ਕਿ ZYCOV-D ਵੈਕਸੀਨ ਅਜਿਹੇ ਲੋਕਾਂ ਲਈ ਆ ਗਈ ਹੈ। ਇਹ ਕੋਰੋਨਾ ਵੈਕਸੀਨ ਦਰਦ ਰਹਿਤ ਅਤੇ ਸੂਈ ਰਹਿਤ ਹੈ। ZYCOV-D ਵੈਕਸੀਨ ਸ਼ੁੱਕਰਵਾਰ ਨੂੰ ਹੀ ਪਟਨਾ ‘ਚ ਲਾਂਚ ਕੀਤੀ ਗਈ ਹੈ। ਪਹਿਲੇ ਦਿਨ ਹੀ ਬਹੁਤ ਸਾਰੇ ਲੋਕ ਟੀਕਾ ਲਗਵਾਉਣ ਲਈ ਪਹੁੰਚੇ।
ਇਸ ਦੌਰਾਨ ਸਿਵਲ ਸਰਜਨ ਡਾ: ਵਿਭਾ ਸਿੰਘ ਨੇ ਦੱਸਿਆ ਕਿ ZYCOV-D ਵੈਕਸੀਨ ਦੀਆਂ ਤਿੰਨ ਖੁਰਾਕਾਂ ਲੈਣੀਆਂ ਪੈਣਗੀਆਂ। ਪਹਿਲੇ ਦਿਨ ਟੀਕਾ ਲਗਵਾਉਣ ਤੋਂ ਬਾਅਦ, ਵੈਕਸੀਨ ਦੀ ਅਗਲੀ ਖੁਰਾਕ 28 ਅਤੇ ਫਿਰ 56 ਦਿਨਾਂ ਦੇ ਅੰਤਰਾਲ ‘ਤੇ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਇਹ ਪ੍ਰੋਗਰਾਮ 3 ਟੀਕਾਕਰਨ ਕੇਂਦਰਾਂ ‘ਤੇ ਸ਼ੁਰੂ ਕੀਤਾ ਗਿਆ ਹੈ। ਇਹ ਉਹਨਾਂ ਲੋਕਾਂ ਲਈ ਚੰਗਾ ਹੈ ਜੋ ਸੂਈਆਂ ਤੋਂ ਡਰਦੇ ਹਨ
ਤੁਹਾਨੂੰ ਦੱਸ ਦੇਈਏ ਕਿ ਫਾਰਮਾਸਿਊਟੀਕਲ ਕੰਪਨੀ ਜ਼ਾਈਡਸ ਨੇ ਬੁੱਧਵਾਰ ਨੂੰ ਹੀ ਐਲਾਨ ਕੀਤਾ ਸੀ ਕਿ ਉਸ ਨੇ ਆਪਣੀ ਕੋਵਿਡ-19 ਵੈਕਸੀਨ ZYCOV-D ਦੀ ਸਪਲਾਈ ਸ਼ੁਰੂ ਕਰ ਦਿੱਤੀ ਹੈ। ਨਾਲ ਹੀ, ਕੰਪਨੀ ਨੇ ਇੱਕ ਬਿਆਨ ‘ਚ ਕਿਹਾ ਕਿ ਉਹ ਆਪਣੀ ਕੋਰੋਨਾ ਵੈਕਸੀਨ ਨੂੰ ਨਿੱਜੀ ਬਾਜ਼ਾਰ ਵਿੱਚ ਉਪਲਬਧ ਕਰਵਾਉਣ ਦੀ ਵੀ ਯੋਜਨਾ ਬਣਾ ਰਹੀ ਹੈ। ਇਹ ਕੋਵਿਡ -19 ਦੇ ਵਿਰੁੱਧ ਇੱਕ ‘ਪਲਾਜ਼ਮੀਡ ਡੀਐਨਏ ਵੈਕਸੀਨ’ ਹੈ। ਵੈਕਸੀਨ ਨੂੰ ਭਾਰਤੀ ਡਰੱਗ ਰੈਗੂਲੇਟਰ ਨੇ ਪਿਛਲੇ ਸਾਲ 20 ਅਗਸਤ ਨੂੰ ਐਮਰਜੈਂਸੀ ਵਰਤੋਂ ਲਈ ਮਨਜ਼ੂਰੀ ਦਿੱਤੀ ਸੀ।