July 2, 2024 8:15 pm
Rahul Gandhi

ਮੋਦੀ ਸਰਕਾਰ ਵਿਰੁੱਧ ਵੀ ‘ਕਰੋ ਜਾਂ ਮਰੋ’ ਅੰਦੋਲਨ ਸ਼ੁਰੂ ਕਰਨ ਦੀ ਲੋੜ: ਰਾਹੁਲ ਗਾਂਧੀ

ਚੰਡੀਗੜ੍ਹ 08 ਅਗਸਤ 2022: ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ (Rahul Gandhi) ਨੇ ਇੱਕ ਵਾਰ ਫਿਰ ਮੋਦੀ ਸਰਕਾਰ ‘ਤੇ ਨਿਸ਼ਾਨਾ ਸਾਧਿਆ ਹੈ। ਰਾਹੁਲ ਨੇ ਕਿਹਾ ਕਿ ਮੌਜੂਦਾ ‘ਤਾਨਾਸ਼ਾਹੀ ਸਰਕਾਰ’ ਵਿਰੁੱਧ 1942 ਵਿੱਚ ਸ਼ੁਰੂ ਕੀਤੇ ‘ਕਰੋ ਜਾਂ ਮਰੋ’ ਅੰਦੋਲਨ ਵਾਂਗ ਇੱਕ ਹੋਰ ‘ਕਰੋ ਜਾਂ ਮਰੋ’ ਅੰਦੋਲਨ ਦੀ ਜ਼ਰੂਰਤ ਹੈ। ਉਨ੍ਹਾਂ ਅੱਗੇ ਕਿਹਾ ਕਿ ਤਾਨਾਸ਼ਾਹੀ, ਮਹਿੰਗਾਈ ਅਤੇ ਬੇਰੁਜ਼ਗਾਰੀ ਨੂੰ ਭਾਰਤ ਛੱਡਣਾ ਪਵੇਗਾ।

ਅੱਜ ਦੇਸ਼ ਭਾਰਤ ਛੱਡੋ ਅੰਦੋਲਨ ਦੀ ਸ਼ੁਰੂਆਤ ਦੀ ਵਰ੍ਹੇਗੰਢ ਮਨਾ ਰਿਹਾ ਹੈ। ਇਸ ਮੌਕੇ ਰਾਹੁਲ ਗਾਂਧੀ ਨੇ ਹਿੰਦੀ ਵਿੱਚ ਇੱਕ ਫੇਸਬੁੱਕ ਪੋਸਟ ਵਿੱਚ ਕਿਹਾ ਕਿ 8 ਅਗਸਤ 1942 ਨੂੰ ਬੰਬਈ ਤੋਂ ਸ਼ੁਰੂ ਹੋਏ ਅੰਦੋਲਨ ਨੇ ਅੰਗਰੇਜ਼ਾਂ ਦੀਆਂ ਰਾਤਾਂ ਦੀ ਨੀਂਦ ਹਰਾਮ ਕਰ ਦਿੱਤੀ ਸੀ। ਉਨ੍ਹਾਂ ਕਿਹਾ ਮਹਾਤਮਾ ਗਾਂਧੀ ਨੇ ‘ਕਰੋ ਜਾਂ ਮਰੋ’ ਦਾ ਨਾਅਰਾ ਦਿੱਤਾ ਸੀ | ਇਸ ਵਿੱਚ 940 ਦੇ ਕਰੀਬ ਲੋਕ ਸ਼ਹੀਦ ਹੋਏ ਅਤੇ ਹਜ਼ਾਰਾਂ ਅੰਦੋਲਨਕਾਰੀਆਂ ਨੂੰ ਅੰਗਰੇਜ਼ ਸਰਕਾਰ ਨੇ ਗ੍ਰਿਫ਼ਤਾਰ ਕਰ ਲਿਆ ਸੀ।

ਇਸਦੇ ਨਾਲ ਹੀ ਰਾਹੁਲ ਗਾਂਧੀ (Rahul Gandhi) ਨੇ ਕਿਹਾ, ‘ਅੱਜ ਭਾਰਤ ਛੱਡੋ ਅੰਦੋਲਨ ਦੀ ਸ਼ੁਰੂਆਤ ਦੀ ਵਰ੍ਹੇਗੰਢ ‘ਤੇ ਮੈਂ ਦੇਸ਼ ਦੀ ਆਜ਼ਾਦੀ ਲਈ ਆਪਣੀਆਂ ਜਾਨਾਂ ਕੁਰਬਾਨ ਕਰਨ ਵਾਲੇ ਆਜ਼ਾਦੀ ਘੁਲਾਟੀਆਂ ਨੂੰ ਸ਼ਰਧਾਂਜਲੀ ਭੇਟ ਕਰਦਾ ਹਾਂ।’ ਕਾਂਗਰਸ ਆਗੂ ਰਾਹੁਲ ਗਾਂਧੀ ਨੇ ਅੱਗੇ ਕਿਹਾ ਕਿ ਅੱਜ ਤਾਨਾਸ਼ਾਹ ਸਰਕਾਰ ਵਿਰੁੱਧ ਇੱਕ ਹੋਰ ‘ਕਰੋ ਜਾਂ ਮਰੋ’ ਅੰਦੋਲਨ ਦੀ ਲੋੜ ਹੈ। ਦੇਸ਼ ਦੀ ਰਾਖੀ ਲਈ ਸਮਾਂ ਆ ਗਿਆ ਹੈ ਜਦੋਂ ਬੇਇਨਸਾਫ਼ੀ ਵਿਰੁੱਧ ਬੋਲਣਾ ਜ਼ਰੂਰੀ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਤਾਨਾਸ਼ਾਹੀ, ਮਹਿੰਗਾਈ ਅਤੇ ਬੇਰੁਜ਼ਗਾਰੀ ਨੂੰ ਭਾਰਤ ਛੱਡ ਦੇਣਾ ਚਾਹੀਦਾ ਹੈ।