ਚੰਡੀਗੜ੍ਹ 19 ਅਪ੍ਰੈਲ 2022: ਅੱਜ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ( Navjot Singh Sidhu) ਨੇ ਪ੍ਰੈੱਸ ਕਾਨਫ਼ਰੰਸ ਕੀਤੀ । ਇਸ ਪ੍ਰੈੱਸ ਕਾਨਫ਼ਰੰਸ ਦੌਰਾਨ ਉਨ੍ਹਾਂ ਨੇ ਪੰਜਾਬ ਸਰਕਾਰ ‘ਤੇ ਤਿੱਖੇ ਹਮਲੇ ਕਰਦਿਆਂ ਕਿਹਾ ਕਿ ਪੰਜਾਬ ‘ਚ ਅਮਨ-ਕਾਨੂੰਨ ਦੀ ਹਾਲਤ ਖ਼ਰਾਬ ਹੈ। ਸਿੱਧੂ ਨੇ ਕਿਹਾ ਕਿ ਕਬੱਡੀ ਜੇਲ੍ਹਾਂ ‘ਚੋਂ ਚੱਲ ਰਹੀ ਹੈ। ਪਾਰਟੀ ਵਰਕਰਾਂ ਨੂੰ ਕੋਈ ਵੀ ਮਾਰ ਦਿੰਦਾ ਹੈ। ਟਰੱਕ ਯੂਨੀਅਨਾਂ ‘ਤੇ ਕਬਜ਼ੇ ਹੋ ਰਹੇ ਹਨ।ਉਨ੍ਹਾਂ ਕਿਹਾ ਪੰਜਾਬ ਅੰਦਰ ਲਾਅ ਐਂਡ ਆਰਡਰ ਕਿੱਥੇ ਹੈ।
ਇਸ ਦੌਰਾਨ ਨਵਜੋਤ ਸਿੰਘ ਸਿੱਧੂ (Navjot Singh Sidhu) ਨੇ ਕਿਹਾ ਕਿ ਉਹ 21 ਅਪ੍ਰੈਲ ਨੂੰ ਪੰਜਾਬ ਦੇ ਰਾਜਪਾਲ ਨੂੰ ਮਿਲਣਗੇ। ਸਿੱਧੂ ਨੇ ਕਿਹਾ ਕਿ ਜੇਕਰ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਵੀ ਜਾਣਾ ਚਾਹੁਣ ਤਾਂ ਮੈਂ ਪਿੱਛੇ ਹਟ ਜਾਵਾਂਗਾ ਤੇ ਉਨ੍ਹਾਂ ਨੂੰ ਅੱਗੇ ਲਾ ਕੇ ਜਾਵਾਂਗੇ ਪਰ ਅਸੀਂ ਪੰਜਾਬ ਦੇ ਮੁੱਦਿਆਂ ‘ਤੇ ਰਾਜਪਾਲ ਨੂੰ ਜ਼ਰੂਰ ਮਿਲਾਂਗੇ। ਉਨ੍ਹਾਂ ਕਿਹਾ ਕਿ ਰਾਜਾ ਵੜਿੰਗ ਸਭ ਦੇ ਘਰ ਜਾ ਰਹੇ, ਜਿਸ ਦਿਨ ਮੇਰੇ ਘਰ ਆਉਣਗੇ ਮੈਂ ਜ਼ਰੂਰ ਮਿਲਾਂਗਾ।
ਇਸਦੇ ਨਾਲ ਹੀ ਪ੍ਰੈਸ ਕਾਨਫ਼ਰੰਸ ਦੌਰਾਨ ਉਨ੍ਹਾਂ ਵਲੋਂ ਵੱਡੇ ਖ਼ੁਲਾਸੇ ਕਰਦਿਆਂ ਕਿਹਾ ਕਿ ਇਸ ਵੇਲ੍ਹੇ ਦੁਨੀਆ ਅੰਦਰ ਕਣਕ ਦੀ ਕਮੀ ਹੈ। ਸਾਰਾ ਵਿਸ਼ਵ ਕਣਕ ਖ਼ਰੀਦਣ ਲਈ ਤਿਆਰ ਹੈ ਪਰ ਫ਼ਿਰ ਵੀ ਕਣਕ ਦਾ ਸਹੀ ਮੁੱਲ ਕਿਸਾਨਾਂ ਨੂੰ ਨਹੀਂ ਮਿਲ ਰਿਹਾ। ਉਨ੍ਹਾਂ ਕਿਸਾਨ ਕਾਰੋਬਾਰੀ ਅਡਾਨੀ ਨੇ ਮਿਸਰ ਨਾਲ ਕਣਕ ਦਾ ਕੰਟਰੈਕਟ ਕੀਤਾ ਹੈ। ਉਨ੍ਹਾਂ ਕੇਂਦਰ ਸਰਕਾਰ ‘ਤੇ ਸਵਾਲ ਕੀਤਾ ਕਿ ਕਿਸਾਨ ਲਈ ਕਣਕ ਦੀ ਐੱਮ.ਐੱਸ.ਪੀ. 9 ਫ਼ੀਸਦੀ ਵਧਾਈ, ਪਰ ਡੀਜ਼ਲ ਪੈਟਰੋਲ ਦੁੱਗਣੇ ਵਧਾ ਦਿੱਤੇ। ਉਨ੍ਹਾਂ ਮੰਗ ਕੀਤੀ ਕਿ ਬਾਰਡਰ ਪਾਰ ਕਣਕ ਜਾਣ ਦਿੱਤੀ ਜਾਵੇ ਤਾਂ ਜੋ ਕਿਸਾਨਾਂ ਨੂੰ ਸਹੀ ਰੇਟ ਮਿਲੇ।