ਚੰਡੀਗੜ੍ਹ 20 ਫਰਵਰੀ 2022: ਪੰਜਾਬ ਚੋਣਾਂ ਮੱਦੇਨਜਰ ਵੱਡੇ ਸਿਆਸੀ ਚਿਹਰੇ ਆਪਣਾ ਵੋਟ ਪਾ ਰਹੇ ਹਨ | ਇਸਦੇ ਨਾਲ ਹੀ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਨੇ ਅੱਜ ਆਪਣੀ ਪਤਨੀ ਨਵਜੋਤ ਕੌਰ ਸਣੇ ਵੋਟ ਪਾਈ। ਜਿਕਰਯੋਗ ਹੈ ਕਿ ਨਵਜੋਤ ਸਿੰਘ ਸਿੱਧੂ ਕਾਂਗਰਸ ਪਾਰਟੀ ਵਲੋਂ ਅੰਮ੍ਰਿਤਸਰ ਪੂਰਬੀ ਤੋਂ ਚੋਣ ਲੜ ਰਹੇ ਹਨ। ਇਸ ਮੌਕੇ ਨਵਜੋਤ ਸਿੰਘ ਸਿੱਧੂ ਨੇ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ‘ਤੇ ਨਿਸ਼ਾਨਾ ਸਾਧਿਆ । ਸਿੱਧੂ ਨੇ ਕਿਹਾ ਕਿ ਭਗਤ ਸਿੰਘ ਦਾ ਚੇਲਾ ਸਮਝੌਤਾ ਨਹੀਂ ਕਰਦਾ। ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਵੋਟ ਪਾਉਣ ਤੋਂ ਬਾਅਦ ਕਿਹਾ ਕਿ ਕੇਜਰੀਵਾਲ ਆਪਣੇ ਆਪ ਨੂੰ ਭਗਤ ਸਿੰਘ ਦਾ ਚੇਲਾ ਦੱਸਦਾ ਹੈ ਪਰ ਕੀ ਭਗਤ ਸਿੰਘ ਦਾ ਚੇਲਾ ਬਣ ਕੇ ਕੋਈ ਸਮਝੌਤਾ ਹੋਵੇਗਾ|
ਸਿੱਧੂ ਨੇ ਕੇਜਰੀਵਾਲ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਭਗਤ ਸਿੰਘ ਦਾ ਚੇਲਾ ਦੰਗਿਆਂ ਤੋਂ ਮੂੰਹ ਨਹੀਂ ਮੋੜ ਸਕਦਾ। ਅਸੀਂ ਉਨ੍ਹਾਂ ਲੋਕਾਂ ਨਾਲ ਕਿਉਂ ਹੱਥ ਮਿਲਾਈਏ ਜੋ ਆਪਣਾ ਸੱਚ ਛੁਪਾਉਂਦੇ ਹਨ ਅਤੇ ਆਪਣਾ ਨਕਲੀ ਚਿਹਰਾ ਦਿਖਾਉਂਦੇ ਹਨ? ਤੁਸੀਂ ਜਾਣਦੇ ਹੋ ਕਿ ਮੇਰੇ ਵਿਰੋਧੀ ਪੈਸੇ ਇਸ ਲਈ ਵੰਡ ਰਹੇ ਹਨ ਕਿਉਂਕਿ ਉਨ੍ਹਾਂ ਕੋਲ ਬੇਹਿਸਾਬ ਪੈਸਾ ਹੈ ਪਰ ਇਹ ਪੈਸਾ ਪੰਜਾਬ ਦੇ ਲੋਕਾਂ ਨੂੰ ਧੋਖਾ ਦੇ ਕੇ ਕਮਾਇਆ ਗਿਆ ਹੈ।
ਉਨ੍ਹਾਂ ਕਿਹਾ ਕਿ ਜੇ ਪੰਜਾਬ ਵਿਚ ਕਾਂਗਰਸ ਦੀ ਸਰਕਾਰ ਬਣਦੀ ਹੈ ਤਾਂ ਸਭ ਤੋਂ ਪਹਿਲਾਂ ਪੰਜਾਬ ‘ਚ ਮਾਫ਼ੀਆ ਰਾਜ ਖ਼ਤਮ ਕੀਤਾ ਜਾਵੇਗਾ ਤੇ ਜਿਨ੍ਹਾਂ ਅਦਾਰਿਆਂ ਅੰਦਰ ਮਾਫ਼ੀਆ ਰਾਜ ਚੱਲ ਰਿਹਾ, ਉਨ੍ਹਾਂ ਦੀ ਕਾਰਪੋਰੇਸ਼ਨਾਂ ਬਣਾਈਆਂ ਜਾਣਗੀਆਂ। ਉਨ੍ਹਾਂ ਪੰਜਾਬ ਦੇ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਇਸ ਵਾਰ ਸੋਚ ਸਮਝ ਕੇ ਆਪਣੀ ਵੋਟ ਦਾ ਇਸਤੇਮਾਲ ਕਰਨ। ਇਸ ਦੇ ਨਾਲ ਹੀ ਵੋਟ ਕਰਨ ਪਹੁੰਚੇ ਅੰਮ੍ਰਿਤਸਰ ਤੋਂ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਨੇ ਕਿਹਾ ਕਿ ਬੂਥਾਂ ’ਤੇ ਸਵੇਰ ਤੋਂ ਲੱਗੀ ਭੀੜ ਦੱਸ ਰਹੀ ਹੈ ਕਿ ਇਸ ਵਾਰ ਪੰਜਾਬ ਵਿਚ ਚਰਨਜੀਤ ਸਿੰਘ ਚੰਨੀ ਦੀ ਸਰਕਾਰ ਬਣਨ ਜਾ ਰਹੀ ਹੈ।