ਤਿਰੰਗਾ

ਰਾਸ਼ਟਰੀ ਤਿਰੰਗਾ ਦੇਸ਼ ਦੀ ਆਜ਼ਾਦੀ ਦਾ ਪ੍ਰਤੀਕ: ਕੁਲਦੀਪ ਸਿੰਘ ਧਾਲੀਵਾਲ

ਚੰਡੀਗੜ੍ਹ/ਗੁਰਦਾਸਪੁਰ 12 ਅਗਸਤ 2022: ਰਾਸ਼ਟਰੀ ਤਿਰੰਗਾ ਦੇਸ਼ ਦੀ ਆਜ਼ਾਦੀ ਦਾ ਪ੍ਰਤੀਕ ਹੈ ਅਤੇ ਦੇਸ਼ ਦੀ ਖਾਤਰ ਕੁਰਬਾਨੀਆਂ ਦੇਣ ਵਾਲੇ ਸੂਰਬੀਰ ਯੋਧਿਆਂ ਨੂੰ ਹਮੇਸ਼ਾਂ ਯਾਦ ਰੱਖਣਾ ਚਾਹੀਦਾ ਹੈ। ਇਹ ਪ੍ਰਗਟਾਵਾ ਕੁਲਦੀਪ ਸਿੰਘ ਧਾਲੀਵਾਲ, ਪੇਂਡੂ ਵਿਕਾਸ ਅਤੇ ਪੰਚਾਇਤ, ਖੇਤੀਬਾੜੀ ਤੇ ਐਨ.ਆਰ.ਆਈ ਮੰਤਰੀ ਪੰਜਾਬ ਨੇ ਜ਼ਿਲ੍ਹਾ ਪੱਧਰੀ ‘ਤਿਰੰਗਾ ਰੈਲੀ’ ਵਿਚ ਸ਼ਿਰਕਤ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਇਸ ਮੌਕੇ ਅਮਨਸ਼ੇਰ ਸਿੰਘ ਸੈਰੀ ਕਲਸੀ, ਹਲਕਾ ਵਿਧਾਇਕ ਬਟਾਲਾ, ਜਨਾਬ ਮੁਹੰਮਦ ਇਸ਼ਫਾਕ ਡਿਪਟੀ ਕਮਿਸ਼ਨਰ, ਪ੍ਰਭਾਕਰ ਜੋਸ਼ੀ ਡੀ.ਆਈ.ਜੀ ਬੀ.ਐਸ.ਐਫ ਤੇ ਦੀਪਕ ਹਿਲੋਰੀ ਐਸ.ਐਸ.ਪੀ ਗੁਰਦਾਸਪੁ ਵੀ ਮੋਜੂਦ ਸਨ।

‘ਤਿਰੰਗਾ ਰੈਲੀ’ ਦਾ ਪੂਰੇ ਉਤਸ਼ਾਹ ਨਾਲ ਸਵਾਗਤ

ਅੱਜ 75ਵੇਂ ਆਜ਼ਾਦੀ ਕਾ ਅੰਮ੍ਰਿਤ ਮਹਾਂਉਤਸ਼ਵ ਤਹਿਤ ਜ਼ਿਲ੍ਹੇ ਵਿਚ 13 ਤੋਂ 15 ਅਗਸਤ ਨੂੰ ‘ਹਰ ਘਰ ਤਿਰੰਗਾ’ ਮੁਹਿੰਮ ਤਹਿਤ ਲੋਕਾਂ ਨੂੰ ਜਾਗਰੂਕ ਕਰਨ ਲਈ ਇੰਸਟੀਚਿਊਟ ਆਫ ਹੋਟਲ ਮੈਨਜੇਮੈਂਟ ਤੋਂ ‘ਤਿਰੰਗਾ ਰੈਲੀ’ ਕੱਢੀ ਗਈ ਸੀ , ਜੋ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਤੋ ਲੰਘੀ ਤੇ ਸ਼ਹਿਰ ਵਾਸੀਆਂ ਨੇ ‘ਤਿਰੰਗਾ ਰੈਲੀ’ ਦਾ ਪੂਰੇ ਉਤਸ਼ਾਹ ਨਾਲ ਸਵਾਗਤ ਕੀਤਾ। ਰੇਲਵੇ ਫਾਟਰ, ਜਹਾਜ਼ ਚੋਂਕ ਤੇ ਹਨੂੰਮਾਨ ਚੋਂਕ ਤੇ ਪੂਰੇ ਰਸਟੇ ਵਿਚ ਸ਼ਹਿਰਵਾਸੀਆਂ ਨੇ ਭਰਵਾਂ ਸਵਾਗਤ ਕੀਤਾ ਤੇ ਫੁੱਲਾਂ ਦੀ ਵਰਖਾ ਕੀਤੀ।

‘ਤਿਰੰਗਾ ਰੈਲੀ’ ਵਿਚ ਪੰਜਾਬ ਪੁਲਿਸ, ਬੀ.ਐਸ.ਐਫ ਅਤੇ ਜੀਓਜੀ ਦੇ ਵਾਲੰਟੀਅਰਾਂ ਵਲੋਂ ਮੋਟਰਸਾਈਕਲਾਂ ਰਾਹੀਂ ਹਿੱਸਾ ਲਿਆ ਗਿਆ, ਜੋ ਸਾਰਿਆਂ ਦਾ ਖਿੱਚ ਦਾ ਕੇਂਦਰ ਬਣੇ। ਇਸ ਮੌਕੇ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਧਾਲੀਵਾਲ ਨੇ ਕਿਹਾ ਕਿ 75ਵੇਂ ਆਜ਼ਾਦੀ ਕਾ ਅੰਮ੍ਰਿਤ ਮਹਾਂਉਤਸ਼ਵ ਤਹਿਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਸੂਬੇ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਵਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ 13 ਤੋਂ 15 ਅਗਸਤ ਤਕ ਹਰ ਘਰ ਵਿਚ ਤਿਰੰਗਾ ਲਹਿਰਾਇਆ ਜਾਵੇ।

ਤਿਰੰਗਾ ਸਾਡੀ ਆਜ਼ਾਦੀ ਦਾ ਪ੍ਰਤੀਕ

ਉਨਾਂ ਕਿਹਾ ਕਿ ਤਿਰੰਗਾ ਸਾਡੀ ਆਜ਼ਾਦੀ ਦਾ ਪ੍ਰਤੀਕ ਹੈ ਅਤੇ ਦੇਸ਼ ਦੀ ਖਾਤਰ ਜਾਨਾਂ ਨਿਛਾਵਰ ਕਰਨ ਵਾਲਿਆਂ ਨੂੰ ਹਮੇਸ਼ਾ ਸਿਜਦਾ ਕਰਨਾ ਚਾਹੀਦਾ ਹੈ। ਉਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਦੇਸ਼ ਤੇ ਸੂਬੇ ਨੂੰ ਬਾਹਰੀ ਤਾਕਤਾਂ ਤੋਂ ਬਚਾਉਣ ਲਈ ਇੱਕਜੁੱਟ ਹੋ ਕੇ ਦੇਸ਼ ਭਗਤੀ ਦਾ ਜ਼ਜਬਾ ਦਿਖਾਉਣਾ ਚਾਹੀਦਾ ਹੈ ਤੇ ਦੇਸ਼ ਤੇ ਸੂਬੇ ਦੀ ਖੁਸ਼ਹਾਲੀ ਤੇ ਤਰੱਕੀ ਵਿਚ ਵੱਧ ਤੋਂ ਵੱਧ ਯੋਗਦਾਨ ਪਾਉਣ ਚਾਹੀਦਾ ਹੈ।

ਉਨਾਂ ਅੱਗੇ ਕਿਹਾ ਕਿ ਪੂਰੇ ਸੂਬੇ ਅੰਦਰ ਸਮਾਗਮ ਕਰਵਾਏ ਜਾ ਰਹੇ ਹਨ ਅਤੇ ਸ਼ਹੀਦਾਂ ਨੂੰ ਸਿਜਦਾ ਕੀਤਾ ਜਾ ਰਿਹਾ ਹੈ। ਉਨਾਂ ਕਿਹਾ ਕਿ ਰਾਸ਼ਟਰੀ ਤਿਰੰਗਾ, ਸਾਡੀ ਆਜ਼ਾਦੀ ਤੇ ਖੁਸ਼ਹਾਲੀ ਦਾ ਪ੍ਰਤੀਕ ਹੈ ਅਤੇ ਸਾਨੂੰ ਮਾਣ ਹੈ ਕਿ ਅਸੀਂ ਭਾਰਤ ਦੇ ਨਾਗਰਿਕ ਹਾਂ। ਉਨਾਂ ਕਿਹਾ ਕਿ ਦੇਸ਼ ਦੀ ਖਾਤਰ ਕੁਰਬਾਨੀਆਂ ਦੇਣ ਵਾਲੇ ਸੂਰਬੀਰ ਯੋਧਿਆਂ ਨੂੰ ਯਾਦ ਰੱਖਣਾ ਸਾਡਾ ਪਹਿਲਾ ਕਰੱਤਵ ਹੈ ਅਤੇ ਉਨਾਂ ਦੀ ਯਾਦ ਵਿਚ ਵੱਧ ਤੋਂ ਵੱਧ ਸਮਾਗਮ ਕਰਵਾਉਣੇ ਚਾਹੀਦੇ ਹਨ।

ਕੈਬਨਿਟ ਮੰਤਰੀ ਪੰਜਾਬ ਧਾਲੀਵਾਲ ਨੇ ਅੱਗੇ ਕਿਹਾ ਕਿ ਮਾਣਯੋਗ ਮੁੱਖ ਮੰਤਰੀ ਪੰਜਾਬ, ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਸ਼ਹੀਦਾਂ ਦੇ ਪਰਿਵਾਰ ਦਾ ਪੂਰਾ ਮਾਣ ਸਤਿਕਾਰ ਕਰਨ ਲਈ ਵਚਨਬੱਧ ਹੈ ਅਤੇ ਸੂਬਾ ਸਰਕਾਰ ਸ਼ਹੀਦਾਂ ਦੇ ਪਰਿਵਾਰਾਂ ਦੇ ਨਾਲ ਖੜ੍ਹੀ ਹੈ।

ਇਸ ਮੌਕੇ ਸੰਬੋਧਨ ਕਰਦਿਆਂ ਅਮਨਸ਼ੇਰ ਸਿੰਘ ਸੈਰੀ ਕਲਸੀ, ਹਲਕਾ ਵਿਧਾਇਕ ਬਟਾਲਾ ਨੇ ਕਿਹਾ ਕਿ ਸਾਨੂੰ ਹਮੇਸ਼ਾਂ ਸ਼ਹੀਦਾਂ ਨੂੰ ਯਾਦ ਰੱਖਣਾ ਚਾਹੀਦਾ ਹੈ ਅਤੇ ਦੇਸ਼ ਦੇ ਸੂਬੇ ਦੀ ਮਜ਼ਬੂਤੀ ਲਈ ਇਕੱਠੇ ਹੋ ਕੇ ਅੱਗੇ ਵੱਧਣਾ ਚਾਹੀਦਾ ਹੈ। ਉਨਾਂ ਕਿਹਾ ਕਿ ਸ਼ਹੀਦਾਂ ਦੇ ਬਦੋਲਤ ਹੀ ਅਸੀਂ ਆਜ਼ਾਦ ਹਾਂ ਤੇ ਤਿਰੰਗਾ ਸਾਡੇ ਅਜਾਦੀ ਦਾ ਪ੍ਰਤੀਕ ਹੈ।

ਗੱਲ ਕਰਦਿਆਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜਿਲਾ ਪ੍ਰਸ਼ਾਸਨ ਵਲੋਂ ‘ਹਰ ਘਰ ਤਿਰੰਗਾ’ ਮੁਹਿੰਮ ਚਲਾਈ ਜਾ ਰਹੀ ਹੈ ਅਤੇ 13 ਤੋਂ 15 ਅਗਸਤ ਤਕ ਹਰ ਘਰ ਤਿਰੰਗਾ ਲਗਾਉਣ ਲਈ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਉਨਾਂ ਅੱਗੇ ਦੱਸਿਆ ਕਿ ਅੱਜ ਇੰਸਟੀਚਿਊਟ ਆਫ ਹੋਟਲ ਮੈਨਜੇਮੈਂਟ ਤੋਂ ‘ ਤਿਰੰਗਾ ਰੈਲੀ’ ਸ਼ੁਰੂ ਕੀਤੀ ਗਈ, ਉਪਰੰਤ ਬਰਿਆਰ ਬਾਈਪਾਸ ਚੋਂਕ, ਰੇਲਵੇ ਫਾਟਕ (ਪੰਡੋਰੀ ਰੋਡ), ਜਹਾਜ਼ ਚੌਂਕ, ਹਨੂੰਮਾਨ ਚੌਂਕ ਅਤੇ ਹਨੂੰਮਾਨ ਚੌਂਕ ਤੋਂ ਯੂ ਟਰਨ ਲੈ ਕੇ ਵਾਪਸ ਜਹਾਜ਼ ਚੌਂਕ ਤੋ ਹੁੰਦੀ ਹੋਈ ਪੰਚਾਇਤ ਭਵਨ ਗੁਰਦਾਸਪੁਰ ਵਿਖੇ ਸਮਾਪਤ ਹੋਈ। ਉਨਾਂ ‘ਤਿਰੰਗਾ ਰੈਲੀ’ ਦਾ ਸ਼ਹਿਰ ਵਿਚ ਪੂਰੇ ਉਤਸ਼ਾਹ ਨਾਲ ਦੇਰ ਸ਼ਾਮ ਤਕ ਸਵਾਗਤ ਕੀਤੇ ਜਾਣ ’ਤੇ ਸ਼ਹਿਰ ਵਾਸੀਆਂ ਦਾ ਧੰਨਵਾਦ ਕੀਤਾ।

Scroll to Top