ਚੰਡੀਗੜ੍ਹ 26 ਜੁਲਾਈ 2022: ਨੈਸ਼ਨਲ ਹੈਰਾਲਡ ਮਾਮਲੇ (National Herald case) ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ ‘ਚ ਕਾਂਗਰਸ ਦੀ ਪ੍ਰਧਾਨ ਸੋਨੀਆ ਗਾਂਧੀ (Sonia Gandhi) ਤੋਂ ਈਡੀ ਵਲੋਂ ਦੂਜੇ ਦੌਰ ਦੀ ਪੁੱਛਗਿੱਛ ਕੀਤੀ ਜਾਵੇਗੀ | ਇਸ ਦੌਰਾਨ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਕਾਂਗਰਸ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਤੋਂ ਈਡੀ ਦੀ ਪੁੱਛਗਿੱਛ ‘ਤੇ ਨਾਰਾਜ਼ਗੀ ਜਤਾਈ ਹੈ।
ਅਸ਼ੋਕ ਗਹਿਲੋਤ ਨੇ ਜਾਂਚ ਏਜੰਸੀ ‘ਤੇ ਗੰਭੀਰ ਦੋਸ਼ ਲਾਉਂਦਿਆਂ ਕਿਹਾ ਹੈ ਕਿ ਈਡੀ ਨੇ ਦੇਸ਼ ‘ਚ ਦਹਿਸ਼ਤ ਪੈਦਾ ਕਰ ਦਿੱਤੀ ਹੈ। ਈਡੀ ਨੇ ਅੱਜ ਸੋਨੀਆ ਗਾਂਧੀ ਨੂੰ ਦੂਜੇ ਦੌਰ ਦੀ ਪੁੱਛਗਿੱਛ ਲਈ ਬੁਲਾਇਆ ਹੈ। ਕਾਂਗਰਸੀ ਆਗੂ ਦੀ ਸਿਹਤ ਨੂੰ ਧਿਆਨ ਵਿੱਚ ਰੱਖਦਿਆਂ ਈਡੀ ਨੇ ਪੁੱਛਗਿੱਛ ਲਈ ਵਿਸ਼ੇਸ਼ ਤਿਆਰੀਆਂ ਕੀਤੀਆਂ ਹਨ। ਇਸ ਦੇ ਨਾਲ ਹੀ ਕਾਂਗਰਸ ਵੱਲੋਂ ਵੀ ਪੁੱਛਗਿੱਛ ਨੂੰ ਲੈ ਕੇ ਵਿਰੋਧ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ।
ਇਸ ਦੇ ਤਹਿਤ ਰਾਜਸਥਾਨ ਦੇ ਸੀਐਮ ਅਸ਼ੋਕ ਗਹਿਲੋਤ ਨੇ ਕਿਹਾ, “ਏਜੰਸੀਆਂ ਦੀ ਸਾਖ਼ ਖ਼ਰਾਬ ਹੋ ਰਹੀ ਹੈ। ਹਰ ਕੋਈ ਡਰਿਆ ਹੋਇਆ ਹੈ ਕਿ ਕਦੋਂ ਛਾਪੇਮਾਰੀ ਹੋ ਜਾਵੇ । ਜਦੋਂ ਛਾਪੇਮਾਰੀ ਹੁੰਦੀ ਹੈ ਤਾਂ ਪੂਰੀ ਤਰ੍ਹਾਂ ਪੱਕਾ ਹੋ ਜਾਂਦਾ ਹੈ, ਇਹ ਤੰਗ ਕਰਦੇ ਹਨ, ਕੁਝ ਵੀ ਨਹੀਂ ਮਿਲਦਾ | ਉਨ੍ਹਾਂ ਕਿਹਾ ਕਿ ਏਜੰਸੀਆਂ ਦੀ ਭਰੋਸੇਯੋਗਤਾ ਖਤਮ ਹੋ ਰਹੀ ਹੈ ਅਤੇ ਦੇਸ਼ ਵਿੱਚ ਦਹਿਸ਼ਤ ਦਾ ਮਾਹੌਲ ਹੈ | ਈਡੀ ਕੋਲ ਬਹੁਤ ਸ਼ਕਤੀ ਹੈ, ਏਜੰਸੀ ਆਪਣੇ ਆਪ ਨੂੰ ਵੱਖਰਾ ਸਮਝ ਰਹੀ ਹੈ, ਪਹਿਲਾਂ ਰਾਹੁਲ ਗਾਂਧੀ ਨੂੰ ਪੰਜ ਵਾਰ ਬੁਲਾਇਆ, ਹੁਣ ਵਾਰ-ਵਾਰ ਸੋਨੀਆ ਜੀ ਨੂੰ ਬੁਲਾ ਰਿਹਾ ਹੈ।
ਜਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀਰਵਾਰ ਨੂੰ ਜਦੋਂ ਈਡੀ ਨੇ ਸੋਨੀਆ ਗਾਂਧੀ (Sonia Gandhi) ਤੋਂ ਪੁੱਛਗਿੱਛ ਕੀਤੀ ਸੀ, ਉਦੋਂ ਵੀ ਕਾਂਗਰਸ ਨੇਤਾਵਾਂ ਅਤੇ ਵਰਕਰਾਂ ਨੇ ਜ਼ੋਰਦਾਰ ਪ੍ਰਦਰਸ਼ਨ ਕੀਤਾ ਸੀ। ਰਾਹੁਲ ਗਾਂਧੀ ਦੀ ਪੁੱਛਗਿੱਛ ਦੌਰਾਨ ਵੀ ਅਜਿਹਾ ਹੀ ਹੋਇਆ। ਕਾਂਗਰਸ ਰਾਹੁਲ ਅਤੇ ਸੋਨੀਆ ਤੋਂ ਜਾਂਚ ਏਜੰਸੀ ਦੀ ਪੁੱਛਗਿੱਛ ਦੇ ਖਿਲਾਫ ਪ੍ਰਦਰਸ਼ਨਾਂ ਨੂੰ ਸਤਿਆਗ੍ਰਹਿ ਦੱਸ ਰਹੀ ਹੈ ਅਤੇ ਉਨ੍ਹਾਂ ਨੂੰ ਅੱਜ ਵੀ ਦੇਸ਼ ਭਰ ਵਿੱਚ ਕਰਨ ਲਈ ਕਹਿ ਚੁੱਕੀ ਹੈ। ਹਾਲਾਂਕਿ ਦਿੱਲੀ ‘ਚ ਸੋਨੀਆ ਗਾਂਧੀ ਦੀ ਰਿਹਾਇਸ਼ ਅਤੇ ਕਾਂਗਰਸ ਦਫਤਰ ਦੇ ਬਾਹਰ ਪ੍ਰਸ਼ਾਸਨ ਵਲੋਂ ਸੁਰੱਖਿਆ ਦੇ ਸਖਤ ਇੰਤਜ਼ਾਮ ਕੀਤੇ ਗਏ ਹਨ ਅਤੇ ਰਾਜਧਾਨੀ ਦਿੱਲੀ ‘ਚ ਰਾਜ ਘਾਟ ਦੇ ਆਲੇ-ਦੁਆਲੇ ਧਾਰਾ 144 ਲਾਗੂ ਕਰ ਦਿੱਤੀ ਗਈ ਹੈ।