ਚੰਡੀਗੜ੍ਹ 16 ਦਸੰਬਰ 2021: ਅਮਰੀਕੀ ਪੁਲਾੜ ਏਜੰਸੀ ਨਾਸਾ (NASA) ਦੇ ਪੁਲਾੜ ਯਾਨ ‘ਪਾਰਕਰ ਸੋਲਰ ਪ੍ਰੋਬ’ (Parker Solar Probe) ਨੇ ਸੂਰਜ ਤੱਕ ਪਹੁੰਚਣ ਅਤੇ ‘ਛੋਹਣ’ ਦਾ ਬੇਮਿਸਾਲ ਕਾਰਨਾਮਾ ਕੀਤਾ ਹੈ। ਕਿਸੇ ਸਮੇਂ ਅਸੰਭਵ ਮੰਨੀ ਜਾਂਦੀ ਇਹ ਪ੍ਰਾਪਤੀ ਪੁਲਾੜ ਯਾਨ ਨੇ 8 ਮਹੀਨੇ ਪਹਿਲਾਂ ਭਾਵ ਅਪ੍ਰੈਲ ‘ਚ ਹੀ ਹਾਸਲ ਕਰ ਲਈ ਸੀ | ਪਰ ਪੁਲਾੜ ‘ਚ ਲੱਖਾਂ ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਇਸ ਵਾਹਨ ਤੋਂ ਸੂਚਨਾਵਾਂ ਤੱਕ ਪਹੁੰਚਣ ਅਤੇ ਫਿਰ ਜਾਣਕਾਰੀ ਦਾ ਵਿਸ਼ਲੇਸ਼ਣ ਕਰਨ ‘ਚ ਵਿਗਿਆਨੀਆਂ ਨੂੰ ਕਾਫੀ ਸਮਾਂ ਲੱਗ ਗਿਆ।
ਨਾਸਾ (NASA) ਨੇ 12 ਅਗਸਤ 2018 ਨੂੰ ਆਪਣਾ ਪਾਰਕਰ ਸੋਲ ਪ੍ਰੋਬ (Parker Solar Probe) ਪੁਲਾੜ ਯਾਨ ਲਾਂਚ ਕੀਤਾ। ਨਾਸਾ (NASA) ਦਾ ਕਹਿਣਾ ਹੈ ਕਿ ਪਾਰਕਰ ਪ੍ਰੋਬ ਤੋਂ ਸਾਨੂੰ ਜੋ ਜਾਣਕਾਰੀ ਮਿਲਦੀ ਹੈ, ਉਹ ਸੂਰਜ ਬਾਰੇ ਸਾਡੀ ਸਮਝ ਨੂੰ ਹੋਰ ਵਿਕਸਤ ਕਰੇਗੀ। ਸੂਰਜ ਦੇ ਵਾਯੂਮੰਡਲ ਦਾ ਤਾਪਮਾਨ ਲਗਭਗ 1.1 ਮਿਲੀਅਨ ਡਿਗਰੀ ਸੈਲਸੀਅਸ (ਲਗਭਗ 20 ਲੱਖ ਡਿਗਰੀ ਫਾਰਨਹੀਟ) ਹੈ।
ਅਜਿਹੀ ਗਰਮੀ ਧਰਤੀ ‘ਤੇ ਪਾਏ ਜਾਣ ਵਾਲੇ ਸਾਰੇ ਪਦਾਰਥਾਂ ਨੂੰ ਕੁਝ ਸਕਿੰਟਾਂ ‘ਚ ਪਿਘਲਾ ਸਕਦੀ ਹੈ, ਇਸ ਲਈ ਵਿਗਿਆਨੀਆਂ ਨੇ ਪੁਲਾੜ ਯਾਨ (spacecraft) ‘ਚ ਵਿਸ਼ੇਸ਼ ਤਕਨੀਕ ਵਾਲੀਆਂ ਹੀਟ ਸ਼ੀਲਡਾਂ ਲਗਾਈਆਂ ਹਨ, ਜੋ ਲੱਖਾਂ ਡਿਗਰੀ ਦੇ ਤਾਪਮਾਨ ‘ਚ ਵੀ ਪੁਲਾੜ ਯਾਨ ਨੂੰ ਸੂਰਜ ਦੀ ਗਰਮੀ ਤੋਂ ਬਚਾਉਣ ਦਾ ਕੰਮ ਕਰਦੀਆਂ ਹਨ। ਅਜਿਹੀ ਸਥਿਤੀ ਵਿੱਚ, ਇਸ ਯੰਤਰ ਨੂੰ ਟੰਗਸਟਨ, ਨਿਓਬੀਅਮ, ਮੋਲੀਬਡੇਨਮ ਅਤੇ ਨੀਲਮ ਵਰਗੇ ਉੱਚ ਪਿਘਲਣ ਵਾਲੇ ਪਦਾਰਥਾਂ ਨੂੰ ਮਿਲਾ ਕੇ ਤਿਆਰ ਕੀਤਾ ਗਿਆ ਹੈ।