July 7, 2024 11:20 am
ਨਾਗਾਲੈਂਡ

ਨਾਗਾਲੈਂਡ ਗੋਲੀਬਾਰੀ : ਲੋਕ ਸਭਾ ’ਚ ਉਠਿਆ ਮੁੱਦਾ, ਗ੍ਰਹਿ ਮੰਤਰੀ ਦੇਣਗੇ ਬਿਆਨ

ਚੰਡੀਗੜ੍ਹ, 6 ਦਸੰਬਰ 2021 : ਨਾਗਾਲੈਂਡ ਦੇ ਮੋਨ ਜ਼ਿਲੇ ‘ਚ ਸੁਰੱਖਿਆ ਬਲਾਂ ਦੀ ਕਥਿਤ ਗੋਲੀਬਾਰੀ ‘ਚ 14 ਲੋਕਾਂ ਦੀ ਮੌਤ ਦਾ ਮਾਮਲਾ ਕਾਫੀ ਭਖਦਾ ਨਜ਼ਰ ਆ ਰਿਹਾ ਹੈ। ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਨੇ ਅੱਜ ਸੰਸਦ ਦੇ ਦੋਵਾਂ ਸਦਨਾਂ ਵਿੱਚ ਮੁਲਤਵੀ ਮਤਾ ਦਿੱਤਾ ਹੈ। ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਦੇ ਰੁਖ਼ ਨੂੰ ਦੇਖਦਿਆਂ ਸੰਸਦ ਦੇ ਦੋਵਾਂ ਸਦਨਾਂ ਵਿੱਚ ਜ਼ੋਰਦਾਰ ਹੰਗਾਮਾ ਹੋਣ ਦੀ ਸੰਭਾਵਨਾ ਹੈ।

ਇਸ ਦੇ ਨਾਲ ਹੀ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਗਾਲੈਂਡ ਦੀ ਘਟਨਾ ‘ਤੇ ਲੋਕ ਸਭਾ ਅਤੇ ਰਾਜ ਸਭਾ ‘ਚ ਬਿਆਨ ਦੇਣਗੇ। ਦੱਸ ਦਈਏ ਕਿ ਲੋਕ ਸਭਾ ‘ਚ ਕਾਂਗਰਸ ਦੇ ਸੰਸਦ ਮੈਂਬਰ ਮਾਨਿਕਮ ਟੈਗੋਰ ਅਤੇ ਮਨੀਸ਼ ਤਿਵਾੜੀ ਨੇ 14 ਨਾਗਰਿਕਾਂ ਦੀ ਮੌਤ ਦੇ ਮਾਮਲੇ ‘ਤੇ ਚਰਚਾ ਲਈ ਮੁਲਤਵੀ ਪ੍ਰਸਤਾਵ ਰੱਖਿਆ ਹੈ।

ਇਸ ਦੇ ਨਾਲ ਹੀ ਰਾਸ਼ਟਰੀ ਜਨਤਾ ਦਲ ਦੇ ਸੰਸਦ ਮੈਂਬਰ ਮਨੋਜ ਝਾਅ ਅਤੇ ਟੀਐੱਮਸੀ ਸੰਸਦ ਸੁਖੇਂਦੂ ਸ਼ੇਖਰ ਰਾਏ ਨੇ ਇਸ ਮਾਮਲੇ ‘ਤੇ ਰਾਜ ਸਭਾ ‘ਚ ਚਰਚਾ ਕਰਨ ਲਈ ਸਰਕਾਰ ਨੂੰ ਮੁਲਤਵੀ ਮਤਾ ਦਿੱਤਾ ਹੈ। ਨਾਗਾਲੈਂਡ ਦੇ ਮੋਨ ਜ਼ਿਲ੍ਹੇ ਵਿੱਚ ਸੁਰੱਖਿਆ ਬਲਾਂ ਵੱਲੋਂ ਗੋਲੀਬਾਰੀ ਦੀਆਂ ਤਿੰਨ ਘਟਨਾਵਾਂ ਵਿੱਚ ਘੱਟੋ-ਘੱਟ 14 ਲੋਕ ਮਾਰੇ ਗਏ ਅਤੇ 11 ਹੋਰ ਜ਼ਖ਼ਮੀ ਹੋ ਗਏ।

ਇਸ ਘਟਨਾ ਵਿੱਚ ਫੌਜ ਦਾ ਇੱਕ ਜਵਾਨ ਵੀ ਸ਼ਹੀਦ ਹੋ ਗਿਆ ਹੈ। ਪੁਲਸ ਨੇ ਐਤਵਾਰ ਨੂੰ ਕਿਹਾ ਕਿ ਗੋਲੀਬਾਰੀ ਦੀ ਪਹਿਲੀ ਘਟਨਾ ਸ਼ਾਇਦ ਗਲਤ ਪਛਾਣ ਦਾ ਮਾਮਲਾ ਸੀ। ਉਸ ਤੋਂ ਬਾਅਦ ਹੋਏ ਦੰਗਿਆਂ ਵਿੱਚ ਇੱਕ ਸਿਪਾਹੀ ਦੀ ਵੀ ਮੌਤ ਹੋ ਗਈ ਸੀ। ਨਾਗਾਲੈਂਡ ਸਰਕਾਰ ਨੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ 5-5 ਲੱਖ ਰੁਪਏ ਦੀ ਐਕਸ-ਗ੍ਰੇਸ਼ੀਆ ਦੇਣ ਦਾ ਐਲਾਨ ਕੀਤਾ ਹੈ।