ਚੰਡੀਗੜ੍ਹ, 27 ਨਵੰਬਰ 2024: ਭਾਰਤ ਦੇ ਟੋਕੀਓ ਓਲੰਪਿਕ ਦੇ ਕਾਂਸੀ ਤਮਗਾ ਜੇਤੂ ਭਲਵਾਨ ਬਜਰੰਗ ਪੂਨੀਆ (Bajrang Punia) ‘ਤੇ ਰਾਸ਼ਟਰੀ ਡੋਪਿੰਗ ਰੋਕੂ ਏਜੰਸੀ ਨੇ ਚਾਰ ਸਾਲ ਲਈ ਪਾਬੰਦੀ ਲਗਾ ਦਿੱਤੀ ਹੈ। ਇਸ ਪਾਬੰਦੀ ਤੋਂ ਬਾਅਦ ਹੁਣ ਪੂਨੀਆ ਅਗਲੇ ਚਾਰ ਸਾਲਾਂ ਤੱਕ ਕੁਸ਼ਤੀ ਨਹੀਂ ਖੇਡ ਸਕਦਾ ਅਤੇ ਨਾ ਹੀ ਦੇਸ਼ ਜਾਂ ਵਿਦੇਸ਼ ‘ਚ ਕਿਸੇ ਕੁਸ਼ਤੀ ਮੁਕਾਬਲੇ ‘ਚ ਹਿੱਸਾ ਲੈ ਸਕਦਾ ਹੈ।
ਰਾਸ਼ਟਰੀ ਡੋਪਿੰਗ ਰੋਕੂ ਏਜੰਸੀ (NADA) ਨੇ ਇਹ ਫੈਸਲਾ 10 ਮਾਰਚ, 2024 ਨੂੰ ਹੋਏ ਰਾਸ਼ਟਰੀ ਟੀਮ ਚੋਣ ਟਰਾਇਲਾਂ ਦੌਰਾਨ ਡੋਪਿੰਗ ਟੈਸਟ ਲਈ ਯੂਰਿਨ ਦਾ ਨਮੂਨਾ ਦੇਣ ਤੋਂ ਇਨਕਾਰ ਕਰਨ ਕਾਰਨ ਲਿਆ ਗਿਆ ਹੈ। ਨਾਡਾ ਨੇ ਬਜਰੰਗ ਨੂੰ ਡੋਪਿੰਗ ਰੋਕੂ ਨਿਯਮ 2.3 ਦੀ ਉਲੰਘਣਾ ਕਰਨ ਦਾ ਦੋਸ਼ੀ ਪਾਇਆ ਅਤੇ ਬਾਅਦ ‘ਚ ਉਨ੍ਹਾਂ ਵਿਰੁੱਧ ਇਹ ਸਜ਼ਾ ਲਗਾਈ ਗਈ।
ਜਿਕਰਯੋਗ ਹੈ ਕਿ ਬਜਰੰਗ ਪੂਨੀਆ (Bajrang Punia) ਨੇ 10 ਮਾਰਚ ਨੂੰ ਟਰਾਇਲ ਦੌਰਾਨ ਡੋਪਿੰਗ ਟੈਸਟ ਲਈ ਯੂਰਿਨ ਦਾ ਨਮੂਨਾ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਫਿਰ ਨਾਡਾ ਨੇ ਜਾਂਚ ਸ਼ੁਰੂ ਕੀਤੀ ਅਤੇ 23 ਅਪ੍ਰੈਲ ਨੂੰ ਉਨ੍ਹਾਂ ਨੂੰ ਅਸਥਾਈ ਤੌਰ ‘ਤੇ ਮੁਅੱਤਲ ਕਰ ਦਿੱਤਾ। ਬਾਅਦ ‘ਚ ਵਿਸ਼ਵ ਕੁਸ਼ਤੀ ਮਹਾਸੰਘ (UWW) ਨੇ ਵੀ ਉਸ ਨੂੰ ਮੁਅੱਤਲ ਕਰ ਦਿੱਤਾ।
ਹਰਿਆਣਾ ਦੇ ਝੱਜਰ ਜ਼ਿਲੇ ‘ਚ ਜਨਮੇ ਬਜਰੰਗ ਨੇ ਕੁਸ਼ਤੀ ਦੇ ਖੇਤਰ ‘ਚ ਭਾਰਤ ਦਾ ਨਾਂ ਉੱਚਾ ਕੀਤਾ ਹੈ ਅਤੇ ਅਰਸ਼ ਤੋਂ ਫਰਸ਼ ਤੱਕ ਉਨ੍ਹਾਂ ਦੀ ਕਹਾਣੀ ਲੋਕਾਂ ਲਈ ਇਕ ਮਿਸਾਲ ਹੈ ਪਰ ਪਿਛਲੇ ਕੁਝ ਸਮੇਂ ਤੋਂ ਉਹ ਇਸ ਖੇਡ ਨੂੰ ਛੱਡ ਕੇ ਸੁਰਖੀਆਂ ‘ਚ ਹੈ। ਕਈ ਬਿਆਨਾਂ ਅਤੇ ਵਿਵਾਦਾਂ ‘ਚ ਰਹੇ ਹਨ।
ਮੀਡੀਆ ਰਿਪੋਰਟਾਂ ਮੁਤਾਬਕ ਵਿਸ਼ਵ ਚੈਂਪੀਅਨਸ਼ਿਪ ‘ਚ 4 ਤਮਗੇ ਜਿੱਤਣ ਵਾਲੇ ਇਕਲੌਤੇ ਭਾਰਤੀ ਪਹਿਲਵਾਨ ਬਜਰੰਗ ਪੂਨੀਆ ਕੋਲ 15 ਕਰੋੜ ਰੁਪਏ ਦੀ ਜਾਇਦਾਦ ਹੈ। ਉਹ ਕੁਸ਼ਤੀ ਅਤੇ ਇਸ਼ਤਿਹਾਰਬਾਜ਼ੀ ਤੋਂ ਸਭ ਤੋਂ ਵੱਧ ਕਮਾਈ ਕਰਦਾ ਹੈ ਅਤੇ ਉਸ ਨੂੰ ਸਰਕਾਰ ਤੋਂ ਤਨਖਾਹ ਵੀ ਮਿਲਦੀ ਹੈ।