ਚੰਡੀਗੜ੍ਹ, 6 ਮਈ 2024: ਪੰਜਾਬ ਦੀ ਜਲੰਧਰ ਲੋਕ ਸਭਾ ਸੀਟ ਤੋਂ ਕਾਂਗਰਸ ਦੇ ਉਮੀਦਵਾਰ ਚਰਨਜੀਤ ਸਿੰਘ ਚੰਨੀ (Charanjit Singh Channi) ਨੇ ਜੰਮੂ-ਕਸ਼ਮੀਰ ਦੇ ਪੁੰਛ ‘ਚ ਹਵਾਈ ਫੌਜ ਦੇ ਕਾਫ਼ਲੇ ‘ਤੇ ਹੋਏ ਅਤਿਵਾਦੀ ਹਮਲੇ ਨੂੰ ਲੈ ਕੇ ਆਪਣੇ ਬਿਆਨ ‘ਤੇ ਹੁਣ ਸਫਾਈ ਦਿੱਤੀ ਹੈ। ਚਰਨਜੀਤ ਚੰਨੀ ਨੇ ਕਿਹਾ ਕਿ ਮੇਰੇ ਬਿਆਨ ਨੂੰ ਤੋੜ-ਮਰੋੜ ਕੇ ਪੇਸ਼ ਕੀਤਾ ਗਿਆ। ਮੇਰਾ ਕਹਿਣ ਦਾ ਮਤਲਬ ਇਹ ਸੀ ਕਿ ਪਿਛਲੀਆਂ ਲੋਕ ਸਭਾ ਚੋਣਾਂ ਦੌਰਾਨ ਵੀ ਅਜਿਹਾ ਹੀ ਹਮਲਾ ਹੋਇਆ ਸੀ। ਪਰ ਭਾਜਪਾ ਵੱਲੋਂ ਇਸ ਦੀ ਜਾਂਚ ਨਹੀਂ ਕੀਤੀ ਗਈ ਅਤੇ ਹੁਣ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਉਕਤ ਹਮਲੇ ਵਿੱਚ ਕੌਣ-ਕੌਣ ਸ਼ਾਮਲ ਸਨ।
ਇਸਦੇ ਨਾਲ ਹੀ ਚਰਨਜੀਤ ਚੰਨੀ (Charanjit Singh Channi) ਨੇ ਕਿਹਾ ਕਿ ਜੰਮੂ-ਕਸ਼ਮੀਰ ਦੇ ਸਾਬਕਾ ਰਾਜਪਾਲ ਸਤਿਆਪਾਲ ਮਲਿਕ ਨੇ ਪਿਛਲੇ ਹਮਲੇ ਬਾਰੇ ਕਿਹਾ ਸੀ ਕਿ ਅਜਿਹੇ ਹਮਲੇ ਦੁਬਾਰਾ ਹੋ ਸਕਦੇ ਹਨ। ਪਰ ਸਰਕਾਰ ਨੇ ਉਕਤ ਸ਼ਿਕਾਇਤ ਦੀ ਸਾਰ ਨਹੀਂ ਲਈ। ਉਨ੍ਹਾਂ ਨੇ ਕਿਹਾ ਕਿ ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਨੇ ਪਿਛਲੇ ਹਮਲੇ ਨੂੰ ਲੈ ਕੇ ਪ੍ਰਧਾਨ ਮੰਤਰੀ ਮੋਦੀ ਤੋਂ ਅਸਤੀਫਾ ਮੰਗਿਆ ਸੀ। ਇਹ ਹਮਲਾ ਇੱਕ ਸਾਜ਼ਿਸ਼ ਦੇ ਤਹਿਤ ਕੀਤਾ ਗਿਆ ਸੀ। ਇਹ ਬਿਆਨ ਸੁਨੀਲ ਜਾਖੜ ਨੇ ਸਟੇਜ ‘ਤੇ ਦਿੱਤਾ ਸੀ । ਚੰਨੀ ਨੇ ਕਿਹਾ ਕਿ ਸੁਨੀਲ ਜਾਖੜ ਦਾ ਕੋਈ ਸਟੈਂਡ ਨਹੀਂ ਹੈ। ਉਨ੍ਹਾਂ ਕਿਹਾ ਕਿ ਜਦੋਂ ਮੇਰੇ ਦੇਸ਼ ਦੇ ਜਵਾਨ ਸ਼ਹੀਦ ਹੁੰਦੇ ਹਨ ਤਾਂ ਮੈਨੂੰ ਦੁੱਖ ਹੁੰਦਾ ਹੈ। ਪਰ ਭਾਜਪਾ ਇਸ ਨੂੰ ਆਪਣਾ ਸਟੰਟ ਬਣਾ ਰਹੀ ਹੈ।