ਚੰਡੀਗੜ੍ਹ, 09 ਅਕਤੂਬਰ 2024: ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਵਿਧਾਨ ਸਭਾ ਸਕੱਤਰੇਤ ਵਿਖੇ ਬੈਠਕ ਦੌਰਾਨ ਕਿਹਾ ਕਿ ਸਾਡਾ ਮਕਸਦ ਸਿੱਖ ਪੰਥ ਦੀ ਇਸ ਮਹਾਨ ਵਿਰਾਸਤੀ ਇਮਾਰਤ ਨੂੰ ਸੰਭਾਲ ਕੇ ਕੌਮ ਨੂੰ ਸਮਰਪਿਤ ਕਰਨਾ ਹੈ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਇਸ ਤੋਂ ਜਾਣੂ ਹੋ ਸਕਣ ਅਤੇ ਆਪਣੇ ਇਤਿਹਾਸ ‘ਤੇ ਮਾਣ ਮਹਿਸੂਸ ਕਰ ਸਕਣ।
ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਦੀਵਾਨ ਟੋਡਰ ਮੱਲ ਹੈਰੀਟੇਜ ਫਾਊਂਡੇਸ਼ਨ ਪੰਜਾਬ ਦੁਆਰਾ ਕੀਤੇ ਜਾ ਰਹੇ ਕੀਤੇ ਜਾ ਰਹੇ ਉਪਰਾਲਿਆਂ ਦੀ ਸ਼ਲਾਘਾ ਕੀਤੀ ਹੈ | ਉਨ੍ਹਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਪੰਜਾਬ ਸਰਕਾਰ ਦੇ ਸੈਰ ਸਪਾਟਾ ਤੇ ਪੁਰਾਤੱਤਵ ਵਿਭਾਗ ਦੇ ਆਪਸੀ ਸਹਿਯੋਗ ਨਾਲ ਇਹ ਸ਼ੁਭ ਕਾਰਜ ਨੇਪਰੇ ਚਾੜ੍ਹਿਆ ਜਾਵੇਗਾ।
ਉਨ੍ਹਾਂ ਕਿਹਾ ਕਿ ਦਸਵੇਂ ਸਿੱਖ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਦੇ ਅੰਤਿਮ ਸਸਕਾਰ ਲਈ ਮੁਗਲਾਂ ਦੇ ਹੁਕਮਾਂ ਨੂੰ ਨਾ ਮੰਨਣ ‘ਚ ਦਲੇਰੀ ਦਿਖਾਉਣ ਵਾਲੇ ਦੀਵਾਨ ਟੋਡਰ ਮੱਲ ਦੀ ਵਿਰਾਸਤ ਵਿਲੱਖਣ ਹੈ। ਉਨ੍ਹਾਂ ਕਿਹਾ ਕਿ ਖਸਤਾ ਹਾਲ ਹੋ ਚੁੱਕੀ ਦੀਵਾਨ ਟੋਡਰ ਮੱਲ ਹਵੇਲੀ (Diwan Todar Mal Haveli), ਸ੍ਰੀ ਫਤਹਿਗੜ੍ਹ ਸਾਹਿਬ, ਜਿਸ ਨੂੰ ਜਹਾਜ਼ ਹਵੇਲੀ ਵੀ ਕਿਹਾ ਜਾਂਦਾ ਹੈ, ਉਸਨੂੰ ਸੰਭਾਲਣ ਅਤੇ ਇਸ ਨੂੰ ਵਿਰਾਸਤੀ ਦਿੱਖ ਦੇਣ ਲਈ ਸਾਰੀਆਂ ਧਿਰਾਂ ਦਾ ਸਹਿਯੋਗ ਬੇਹੱਦ ਜ਼ਰੂਰੀ ਹੈ।
ਸੰਧਵਾਂ ਨੇ ਕਿਹਾ ਕਿ ਜਦੋਂ ਛੋਟੇ ਸਾਹਿਬਜ਼ਾਦਿਆਂ ਨੂੰ ਇਸਲਾਮ ਕਬੂਲਣ ਤੋਂ ਨਾ ਕਰਨ ਦੇ ਦੋਸ਼ ਹੇਠ ਜਿਉਂਦਿਆਂ ਨੀਹਾਂ ‘ਚ ਚਿਣਵਾਇਆ ਦਿੱਤਾ ਗਿਆ ਸੀ ਅਤੇ ਕੋਈ ਵੀ ਉਨ੍ਹਾਂ ਦੇ ਸਸਕਾਰ ਲਈ ਜ਼ਮੀਨ ਦੇਣ ਲਈ ਤਿਆਰ ਨਹੀਂ ਸੀ ਤਾਂ ਦੀਵਾਨ ਟੋਡਰ ਮੱਲ ਜੀ ਨੇ ਮੁਗਲਾਂ ਦੇ ਹੁਕਮਾਂ ਦੀ ਪ੍ਰਵਾਹ ਨਾ ਕੀਤੀ ਅਤੇ ਉਨ੍ਹਾਂ ਨੇ ਸੋਨੇ ਦੇ ਸਿੱਕੇ ਵਿਛਾ ਕੇ ਜ਼ਮੀਨ ਦਾ ਇੱਕ ਟੁਕੜਾ ਖਰੀਦਿਆ ਅਤੇ ਮੁਗਲਾਂ ਤੋਂ ਸਾਹਿਬਜ਼ਾਦਿਆਂ ਦੀਆਂ ਪਵਿੱਤਰ ਦੇਹਾਂ ਮਿਲਣ ‘ਤੇ ਉਨ੍ਹਾਂ ਦਾ ਅੰਤਿਮ ਸਸਕਾਰ ਵੀ ਕੀਤਾ।
ਇਸ ਮੌਕੇ ਵਿਰਾਸਤ ਫਾਊਂਡੇਸ਼ਨ ਦੇ ਪ੍ਰਧਾਨ ਲਖਵਿੰਦਰ ਸਿੰਘ ਕਾਹਨੇ ਨੇ ਦੱਸਿਆ ਕਿ ਦੀਵਾਨ ਟੋਡਰ ਮੱਲ ਹਵੇਲੀ (Diwan Todar Mal Haveli) ਦੀ ਪੁਰਾਣੀ ਦਿੱਖ ਨੂੰ ਬਹਾਲ ਕਰਨ ਲਈ ਫਾਊਂਡੇਸ਼ਨ ਪੂਰੀ ਤਨਦੇਹੀ ਨਾਲ ਸੇਵਾ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਬ੍ਰਿਟਿਸ਼ ਲਾਇਬ੍ਰੇਰੀ ਲੰਡਨ ਤੋਂ 1911 ਦੀ ਹਵੇਲੀ ਦੀ ਇੱਕ ਤਸਵੀਰ ਪ੍ਰਾਪਤ ਹੋਈ ਹੈ ਅਤੇ ਪ੍ਰਾਪਤ ਜਾਣਕਾਰੀ ਅਨੁਸਾਰ ਜਹਾਜ਼ ਦੀ ਹਵੇਲੀ ਨੂੰ 18ਵੀਂ ਸਦੀ ਦੀ ਦਿੱਖ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਪੰਜਾਬ ਸਰਕਾਰ ਦੇ ਸਹਿਯੋਗ ਅਤੇ ਪ੍ਰਵਾਨਗੀਆਂ ਪ੍ਰਾਪਤ ਕਰਕੇ ਫਾਊਂਡੇਸ਼ਨ ਇਸ ਹਵੇਲੀ ਨੂੰ ਪੁਰਾਤਨ ਰੂਪ ‘ਚ ਤਿਆਰ ਕਰਨ ‘ਚ ਕਾਮਯਾਬ ਹੋਵੇਗੀ। ਉਨ੍ਹਾਂ ਦੱਸਿਆ ਕਿ ਇਸ ਮਕਸਦ ਲਈ ਫਾਊਂਡੇਸ਼ਨ ਵੱਲੋਂ ਡੇਢ ਏਕੜ ਜ਼ਮੀਨ ਖਰੀਦੀ ਗਈ ਹੈ।
ਇਸ ਦੌਰਾਨ ਦੀਵਾਨ ਟੋਡਰ ਮੱਲ ਹੈਰੀਟੇਜ ਫਾਊਂਡੇਸ਼ਨ ਪੰਜਾਬ ਦੁਆਰਾ ਵਿਰਾਸਤੀ ਥਾਵਾਂ ਅਤੇ ਇਮਾਰਤਾਂ ਦੀ ਦੇਖ-ਰੇਖ ਕਰ ਰਹੇ ਮਾਹਰ ਇੰਜਨੀਅਰਾਂ ਦੀ ਟੀਮ ਵੱਲੋਂ ਹੁਣ ਤੱਕ ਕੀਤੀਆਂ ਖੋਜਾਂ ਬਾਰੇ ਪੇਸ਼ਕਾਰੀ ਵੀ ਦਿੱਤੀ ਗਈ ਹੈ। ਟੀਮ ਨੇ ਹਵੇਲੀ ਨੂੰ ਇਸ ਦੇ ਪੁਰਾਤਨ ਰੂਪ ਵਿਚ ਬਹਾਲ ਕਰਨ ਸਬੰਧੀ ਆਪਣੀ ਪੂਰੀ ਯੋਜਨਾ ਸਾਂਝੀ ਕੀਤੀ ਅਤੇ ਐੱਸ.ਜੀ.ਪੀ.ਸੀ. ਅਤੇ ਸੈਰ ਸਪਾਟਾ ਅਤੇ ਪੁਰਾਤੱਤਵ ਵਿਭਾਗ ਪੰਜਾਬ ਦੇ ਨੁਮਾਇੰਦਿਆਂ ਦੁਆਰਾ ਪੁੱਛੇ ਸਵਾਲ ਅਤੇ ਵੱਖ-ਵੱਖ ਮੁੱਦਿਆਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ ਹੈ ।