ਚੰਡੀਗੜ੍ਹ , 12 ਅਗਸਤ:
ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ (ਪੀ.ਐਚ.ਐਸ.ਸੀ.) ਦੇ ਨਵ-ਨਿਯੁਕਤ ਚੇਅਰਮੈਨ ਸ੍ਰੀ ਅਸ਼ਵਨੀ ਸ਼ੇਖੜੀ ਨੇ ਬੁੱਧਵਾਰ-ਵੀਰਵਾਰ ਦੀ ਵਿਚਕਾਰਲੀ ਰਾਤ ਇੱਥੇ ਮਾਤਾ ਕੌਸ਼ਲਿਆ ਸਰਕਾਰੀ ਹਸਪਤਾਲ ਦਾ ਅਚਨਚੇਤ ਨਿਰੀਖਣ ਕੀਤਾ। ਉਨ੍ਹਾਂ ਨੇ ਹਸਪਤਾਲ ਦੀਆਂ ਵਾਰਡਾਂ ‘ਚ ਦਾਖਲ ਮਰੀਜਾਂ ਤੇ ਉਨ੍ਹਾਂ ਦੇ ਵਾਰਸਾਂ ਨਾਲ ਗੱਲਬਾਤ ਕਰਨ ਤੋਂ ਇਲਾਵਾ ਓਪਰੇਸ਼ਨ ਥੀਏਟਰ ਦਾ ਵੀ ਦੌਰਾ ਕੀਤਾ।
ਸ੍ਰੀ ਸ਼ੇਖੜੀ ਨੇ ਹਸਪਤਾਲ ਵੱਲੋਂ ਮਰੀਜਾਂ ਨੂੰ ਮੁਹੱਈਆ ਕਰਵਾਏ ਜਾ ਰਹੇ ਇਲਾਜ ਪ੍ਰਬੰਧਾਂ ‘ਤੇ ਤਸੱਲੀ ਦਾ ਪ੍ਰਗਟਾਵਾ ਕੀਤਾ ਅਤੇ ਉਨ੍ਹਾਂ ਨੇ ਮੌਕੇ ‘ਤੇ ਮੌਜੂਦ ਡਾਕਟਰਾਂ, ਨਰਸਾਂ ਅਤੇ ਪੈਰਾ ਮੈਡੀਕਲ ਸਟਾਫ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਦੀ ਹੌਂਸਲਾ ਅਫਜਾਈ ਵੀ ਕੀਤੀ। ਉਨ੍ਹਾਂ ਨੇ ਕੋਵਿਡ-19 ਦੌਰਾਨ ਪੰਜਾਬ ਦੇ ਡਾਕਟਰਾਂ ਤੇ ਸਿਹਤ ਮੁਲਾਜ਼ਮਾਂ ਵੱਲੋਂ ਕੀਤੇ ਵਧੀਆ ਕੰਮ ਦੀ ਵੀ ਭਰਵੀਂ ਸ਼ਲਾਘਾ ਕੀਤੀ। ਨਾਲ ਹੀ ਉਨ੍ਹਾਂ ਨੇ ਹਸਪਤਾਲ ਦੀਆਂ ਸਮੱਸਿਆਵਾਂ ਬਾਰੇ ਵੀ ਸਟਾਫ ਤੋਂ ਜਾਣਕਾਰੀ ਹਾਸਲ ਕੀਤੀ।
ਚੇਅਰਮੈਨ ਸ੍ਰੀ ਸ਼ੇਖੜੀ ਨੇ ਡਿਊਟੀ ‘ਤੇ ਹਾਜ਼ਰ ਡਾ. ਇਸ਼ਟਪ੍ਰੀਤ ਕੌਰ ਤੋਂ ਹਸਪਤਾਲ ‘ਚ ਦਾਖਲ 100 ਤੋਂ ਵਧੇਰੇ ਮਰੀਜ਼ਾਂ ਬਾਰੇ ਜਾਣਕਾਰੀ ਹਾਸਲ ਕੀਤੀ, ਜਿਸ ‘ਤੇ ਉਨ੍ਹਾਂ ਨੇ ਦੱਸਿਆ ਕਿ ਇੱਥੇ ਔਰਤਾਂ ਤੇ ਬੱਚਿਆਂ ਦੇ ਡਾਕਟਰ ਮੌਜੂਦ ਹਨ ਅਤੇ ਹੰਗਾਮੀ ਸਥਿਤੀ ‘ਚ ਕਿਸੇ ਵੀ ਡਾਕਟਰ ਨੂੰ ਹਸਪਤਾਲ ਸੱਦਿਆ ਜਾ ਸਕਦਾ ਹੈ। ਸ੍ਰੀ ਸ਼ੇਖੜੀ ਨੇ ਇਸ ਮੌਕੇ ਹਸਪਤਾਲ ਦੀ ਮੈਡੀਕਲ ਸੁਪਰਡੈਂਟ ਡਾ. ਸੰਦੀਪ ਦੀ ਹਸਪਤਾਲ ਪ੍ਰਤੀ ਜਿੰਮੇਵਾਰੀ ਦੀ ਜਾਂਚ ਲਈ ਕਿਸੇ ਹੋਰ ਫੋਨ ਤੋਂ ਉਸਨੂੰ ਨੰਬਰ ਮਿਲਾਇਆ ਅਤੇ ਐਮ.ਐਸ. ਨੇ ਤੁਰੰਤ ਉਤਰ ਦਿੱਤਾ ਗਿਆ।
ਇਸ ਦੌਰਾਨ ਚੇਅਰਮੈਨ ਅਸ਼ਵਨੀ ਸ਼ੇਖੜੀ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਪੰਜਾਬ ਸਰਕਾਰ ਰਾਜ ਦੇ ਵਸਨੀਕਾਂ ਨੂੰ ਬਿਹਤਰ ਸਿਹਤ ਸੇਵਾਵਾਂ ਪ੍ਰਦਾਨ ਕਰਨ ਲਈ ਵਚਨਬੱਧ ਹੈ ਅਤੇ ਉਨ੍ਹਾਂ ਦੀ ਕਾਰਪੋਰੇਸ਼ਨ ਵੱਲੋਂ ਵਲੋਂ ਪੰਜਾਬ ਦੇ ਚਾਰ ਹਸਪਤਾਲਾਂ ਨੂੰ ਪੀ.ਜੀ.ਆਈ. ਦੀ ਤਰਜ ‘ਤੇ ਵਿਕਸਤ ਕਰਨ ਦੀ ਤਜ਼ਵੀਜ਼ ਹੈ ਅਤੇ ਪਟਿਆਲਾ ਦਾ ਮਾਤਾ ਕੌਸ਼ਲਿਆ ਹਸਪਤਾਲ ਵੀ ਇਨ੍ਹਾਂ ‘ਚ ਸ਼ਾਮਲ ਹੈ। ਉਨ੍ਹਾਂ ਕਿਹਾ ਕਿ ਆਉਂਦੇ ਕੁਝ ਦਿਨਾਂ ਦੇ ਅੰਦਰ ਮਰੀਜ਼ਾਂ ਨੂੰ ਸੁਪਰ ਸਪੈਸ਼ਲਿਟੀ ਸਹੂਲਤਾਂ ਦੇਣ ਲਈ ਈ-ਕਲੀਨਿਕ ਸਥਾਪਿਤ ਕੀਤੇ ਜਾਣਗੇ, ਜਿਸ ਰਾਹੀਂ ਦੇਸ਼ ਦੇ ਨਾਮੀ ਹਸਪਤਾਲਾਂ ਦੇ ਨਾਮੀ ਡਾਕਟਰਾਂ ਤੋਂ ਈ ਵਿਧੀ ਰਾਹੀਂ ਇਲਾਜ ਕਰਵਾਇਆ ਜਾ ਸਕੇਗਾ।
ਚੇਅਰਮੈਨ ਸ੍ਰੀ ਅਸ਼ਵਨੀ ਸ਼ੇਖੜੀ ਨੇ ਕਿਹਾ ਕਿ ਉਹ ਅਜਿਹਾ ਅਚਨਚੇਤ ਨਿਰੀਖਣ ਪੰਜਾਬ ਦੇ ਕਿਸੇ ਵੀ ਹਸਪਤਾਲ ‘ਚ ਕਿਸੇ ਵੀ ਸਮੇਂ ਜਾਰੀ ਰੱਖਣਗੇ। ਉਨ੍ਹਾਂ ਨੇ ਡਾਕਟਰਾਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਡਿਊਟੀ ‘ਤੇ ਹਾਜ਼ਰ ਰਹਿਣ ਅਤੇ ਲੋਕਾਂ ਦੀ ਸੇਵਾ ਕਰਨ। ਉਨ੍ਹਾਂ ਨੇ ਮਾਤਾ ਕੌਸ਼ਲਿਆ ਹਸਪਤਾਲ ‘ਚ ਲਾਇਟਾਂ ਦਾ ਸਹੀ ਪ੍ਰਬੰਧ ਕਰਨ ਅਤੇ ਮਰੀਜਾਂ ਦੇ ਵਾਰਸਾਂ ਲਈ ਰਾਤ ਨੂੰ ਰੁਕਣ ਲਈ ਵਿਸ਼ੇਸ਼ ਪ੍ਰਬੰਧ ਕਰਨ ਦੇ ਨਿਰਦੇਸ਼ ਵੀ ਦਿੱਤੇ।