ਚੰਡੀਗੜ੍ਹ 16 ਅਪ੍ਰੈਲ 2022: (ਆਪ) ਦੇ ਸੰਸਦ ਮੈਂਬਰ ਸੁਸ਼ੀਲ ਗੁਪਤਾ (MP Sushil Gupta) ਨੇ ਕਿਹਾ ਹੈ ਕਿ ਆਮ ਆਦਮੀ ਪਾਰਟੀ ਜਲਦੀ ਹੀ ਹਰਿਆਣਾ ’ਚ ਵੀ ਪੂਰਨ ਬਹੁਮਤ ਨਾਲ ‘ਆਪ’ ਦੀ ਸਰਕਾਰ ਬਣਾਏਗੀ ਅਤੇ ਸੂਬਾ ਫਿਰ ਤੋਂ ਖੁਸ਼ਹਾਲੀ ’ਚ ਨੰਬਰ ਵਨ ਬਣੇਗਾ। ਉਨ੍ਹਾਂ ਨੇ ਸ਼ਨੀਵਾਰ ਨੂੰ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਪਿਛਲੇ 7 ਸਾਲਾਂ ਤੋਂ ਸਭ ਤੋਂ ਕਮਜ਼ੋਰ ਮੁੱਖ ਮੰਤਰੀ ਰਹੇ ਹਨ ਅਤੇ ਹਰ ਸੈਕਟਰ ’ਚ ਪ੍ਰਦੇਸ਼ ਦਾ ਬੇੜਾ ਗਰਕ ਕਰਨ ’ਚ ਕੋਈ ਕਸਰ ਨਹੀਂ ਛੱਡੀ ਹੈ।
ਉਨ੍ਹਾਂ ਨੇ ਕਿਹਾ ਕਿ ਬੇਰੁਜ਼ਗਾਰੀ ’ਚ ਹਰਿਆਣਾ ਨੰਬਰ ਵਨ ’ਤੇ ਪਹੁੰਚ ਗਿਆ ਹੈ। ਹਰਿਆਣਾ ਸਰਕਾਰ ਹੁਣ ਤੱਕ ਦੀ ਸਭ ਤੋਂ ਭ੍ਰਿਸ਼ਟ ਸਰਕਾਰ ਹੈ ਅਤੇ ਹੁਣ ਪ੍ਰਦੇਸ਼ ਦੀ ਜਨਤਾ ਉਸ ਨੂੰ ਸੱਤਾ ਤੋਂ ਬਾਹਰ ਦਾ ਰਾਹ ਵਿਖਾਉਣ ਦਾ ਮਨ ਬਣਾ ਚੁੱਕੀ ਹੈ ਅਤੇ ਆਮ ਆਦਮੀ ਪਾਰਟੀ ਨੂੰ ਬਦਲ ਦੇ ਰੂਪ ’ਚ ਚੁਣਨ ਜਾ ਰਹੀ ਹੈ।
ਗੁਪਤਾ ਨੇ ਅੱਗੇ ਕਿਹਾ ਕਿ ਭਾਜਪਾ ਦੇ ਨੇਤਾਵਾਂ ਨੇ ‘ਆਪ’ ਨੂੰ ਪਹਿਲਾਂ ਤਾਂ ਹਰਿਆਣਾ ਦੇ ਸਕੂਲ ਵੇਖਣ ਲਈ ਕਿਹਾ ਅਤੇ ਜਦੋਂ ਸਾਡੇ ਵਰਕਰ ਸਕੂਲ ਦੌਰੇ ’ਤੇ ਗਏ ਤਾਂ ਖੱਟੜ ਸਰਕਾਰ ਡਰ ਗਈ। ਵੀਡੀਓ ਬਣਾਉਣ ਵਾਲੇ ਸਾਡੇ ਵਰਕਰ ਨੂੰ ਜਗਾਧਰੀ ਪੁਲਸ ਨੇ ਬੁਲਾ ਕੇ ਧਮਕਾਉਣ ਦੀ ਕੋਸ਼ਿਸ਼ ਕੀਤੀ ਪਰ ਜਨਤਾ ਦੇ ਦਬਾਅ ’ਚ ਪੁਲਸ ਅਜਿਹਾ ਕੁਝ ਨਹੀਂ ਕਰ ਸਕੀ। ਉਨ੍ਹਾਂ ਕਿਹਾ ਕਿ ਖੱਟੜ ਸਰਕਾਰ ਦੀਆਂ ਨੀਤੀਆਂ ਖਿਡਾਰੀਆਂ ਖਿਲਾਫ ਹੈ, ਨੌਜਵਾਨਾਂ ਖਿਲਾਫ਼ ਹੈ। ਰਾਸ਼ਟਰਮੰਡਲ ਖੇਡਾਂ ’ਚੋਂ ਕੁਸ਼ਤੀ ਨੂੰ ਬਾਹਰ ਕਰ ਦਿੱਤਾ ਗਿਆ ਅਤੇ ਖੱਟੜ ਸਰਕਾਰ ਨੇ ਚੂੰ ਤੱਕ ਨਹੀਂ ਕੀਤੀ। ਇਸ ਨਾਲ ਦੇਸ਼ ਦਾ ਸਨਮਾਨ ਘੱਟ ਹੋਵੇਗਾ ਕਿਉਂਕਿ ਸਾਡੇ ਤਮਗੇ ਘੱਟ ਜਾਣਗੇ।