Site icon TheUnmute.com

ਪੁਲਿਸ ਅਧਿਕਾਰੀਆਂ/ਕਰਮਚਾਰੀਆਂ ਨੂੰ ਡਾਕਟਰੀ ਸਹੂਲਤਾਂ ਲਈ ਹੋਰ ਹਸਪਤਾਲਾਂ ਨਾਲ ਐਮ.ਓ.ਯੂ. ਸਾਈਨ

MoU

ਜਲੰਧਰ 08 ਅਕਤੂਬਰ 2022: ਪੁਲਿਸ ਵਿਭਾਗ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਵਧੀਆ ਮੈਡੀਕਲ ਅਤੇ ਡਾਕਟਰੀ ਸਹੂਲਤਾਂ ਪ੍ਰਦਾਨ ਕਰਨ ਲਈ ਜ਼ਿਲ੍ਹੇ ਦੇ ਹੋਰ ਹਸਪਤਾਲਾਂ ਨਾਲ ਐਮ. ਓ. ਯੂ. ਸਾਈਨ ਕੀਤਾ ਗਿਆ ਹੈ।ਬੀਤੇ ਦਿਨੀਂ ਏ. ਡੀ. ਜੀ. ਪੀ. ਸਟੇਟ ਆਰਮਡ ਪੁਲਿਸ ਐਮ. ਐਫ. ਫਾਰੂਕੀ ਦੇ ਨਿਰਦੇਸ਼ਾਂ ‘ਤੇ ਜਲੰਧਰ ਦੇ ਕਈ ਮਲਟੀ ਸਪੈਸ਼ਲਿਟੀ ਹਸਪਤਾਲਾਂ ਨਾਲ ਸਮਝੌਤਾ ਸਹੀਬੱਧ ਕੀਤਾ ਗਿਆ ਸੀ ਤਾਂ ਜੋ ਪੁਲਿਸ ਅਧਿਕਾਰੀਆਂ/ਮੁਲਾਜ਼ਮਾਂ ਅਤੇ ਉਨ੍ਹਾਂ ਦੇ ਆਸ਼ਰਿਤਾਂ ਨੂੰ ਮਿਆਰੀ ਅਤੇ ਅਤਿ-ਆਧੁਨਿਕ ਸਿਹਤ ਸਹੂਲਤਾਂ ਪ੍ਰਦਾਨ ਕੀਤੀਆਂ ਜਾ ਸਕਣ।

ਇਸੇ ਉਪਰਾਲੇ ਤਹਿਤ ਇਸ ਯੋਜਨਾ ਦੀ ਸਫ਼ਲਤਾ ਅਤੇ ਵੱਖ-ਵੱਖ ਹਸਪਤਾਲਾਂ ਵਲੋਂ ਦਿਖਾਏ ਗਏ ਉਤਸ਼ਾਹ ਨੂੰ ਵੇਖਦੇ ਹੋਏ ਇਸ ਦਾ ਵਿਸਥਾਰ ਕਰਦਿਆਂ ਹੁਣ ਜਲੰਧਰ ਦੇ ਹੋਰ ਹਸਪਤਾਲਾਂ, ਟੈਗੌਰ ਹਸਪਤਾਲ ਐਂਡ ਹਾਰਟ ਕੇਅਰ ਸੈਂਟਰ, ਰਣਜੀਤ ਹਸਪਤਾਲ, ਅਪੈਕਸ ਹਸਪਤਾਲ ਮੈਟਰਨਿਟੀ ਹੋਮ, ਅੋਕਸਫੌਰਡ ਹਸਪਤਾਲ, ਅਰੋੜਾ ਆਈ ਹਸਪਤਾਲ, ਐਨ.ਐਚ.ਐਸ. ਹਸਪਤਾਲ, ਜੋਸ਼ੀ ਹਸਪਤਾਲ, ਅਕਾਲੀ ਆਈ ਹਸਪਤਾਲ, ਥਿੰਦ ਆਈ ਹਸਪਤਾਲ, ਅਰੋੜਾ ਆਈ ਹਸਪਤਾਲ ਐਂਡ ਰੇਟਰੀਨਾ ਸੈਂਟਰ, ਡਾ.ਡਾਂਗ ਨਰਸਿੰਗ ਹੋਮ ਐਂਡ ਹਸਪਤਾਲ, ਬੀ.ਬੀ.ਸੀ. ਹਾਰਟ ਕੇਅਰ ਪਰੂਥੀ ਹਸਪਤਾਲ ਅਤੇ ਕੈਪੀਟੋਲ ਹਸਪਤਾਲ ਨਾਲ ਇਕ ਨਵਾਂ ਐਮ.ਓ.ਯੂ ਸਾਈਨ ਕੀਤਾ ਗਿਆ ਹੈ।

ਇਕ ਸਰਕਾਰੀ ਬੁਲਾਰੇ ਨੇ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਹਿਲਾਂ ਹੋਏ ਸਮਝੌਤੇ ਵਿੱਚ ਪਟੇਲ ਹਸਪਤਾਲ, ਇੰਨੋਸੈਂਟ ਹਸਪਤਾਲ, ਸ਼੍ਰੀਮੰਨ ਹਸਪਤਾਲ, ਗਲੋਬਲ ਹਸਪਤਾਲ, ਮਾਨ ਸਕੈਨਿੰਗ ਸੈਂਟਰ, ਭਾਟੀਆ ਸਕੈਨਿੰਗ ਸੈਂਟਰ ਸ਼ਾਮਿ ਹਨ ਨਾਲ ਇਕ ਐਮ.ਓ.ਯੂ ਸਾਈਨ ਕੀਤਾ ਗਿਆ ਸੀ। ਬੁਲਾਰੇ ਨੇ ਅੱਗੇ ਦੱਸਿਆ ਕਿ ਇਸ ਤੋਂ ਇਲਾਵਾ ਇਸ ਯੋਜਨਾ ਵਿੱਚ ਜਲਦੀ ਹੀ ਹੋਰ ਨਵੇਂ ਹਸਪਤਾਲ ਸ਼ਾਮਲ ਕੀਤੇ ਜਾ ਰਹੇ ਹਨ ਤਾਂ ਜੋ ਵੱਧ ਤੋਂ ਵੱਧ ਪੁਲਿਸ ਮੁਲਾਜ਼ਮਾਂ ਨੂੰ ਨੇੜਲੇ ਹਸਪਤਾਲਾਂ ਵਿੱਚ ਸਿਹਤ ਸਬੰਧੀ ਵਧੀਆ ਇਲਾਜ ਦੀਆਂ ਸਹੂਲਤਾਂ ਪ੍ਰਾਪਤ ਹੋ ਸਕਣ।

ਪੁਲਿਸ ਮੁਲਾਜ਼ਮਾਂ ਨੂੰ ਹੋਵੇਗਾ ਕਾਰਡ ਜਾਰੀ, ਹੋਵੇਗੀ ਤਿਮਾਹੀ ਸਮੀਖਿਆ

ਬੁਲਾਰੇ ਨੇ ਅੱਗੇ ਦੱਸਿਆ ਕਿ ਇਸ ਯੋਜਨਾ ਦਾ ਲਾਭ ਪੀ.ਏ.ਪੀ. ਦੇ ਨਾਲ ਹੁਸ਼ਿਆਰਪੁਰ, ਜਲੰਧਰ (ਦਿਹਾਤੀ), ਕਪੂਰਥਲਾ ਜ਼ਿਲ੍ਹੇ ਤੋਂ ਇਲਾਵਾ ਜਲੰਧਰ ਕਮਿਸ਼ਨਰੇਟ ਦੇ ਸਾਰੇ ਰੈਂਕ ਦੇ ਅਧਿਕਾਰੀ/ਕਰਮਚਾਰੀ ਅਤੇ ਉਨ੍ਹਾਂ ਦੇ ਆਸ਼ਰਿਤ ਲੈ ਸਕਣਗੇ। ਉਨ੍ਹਾਂ ਦੱਸਿਆ ਕਿ ਇਸ ਯੋਜਨਾ ਤਹਿਤ ਪੁਲਿਸ ਅਧਿਕਾਰੀ ਆਪਣਾ ਬਿਲ ਅਦਾ ਕਰਨਗੇ ਅਤੇ ਬਾਅਦ ਵਿਚ ਉਹ ਵਿਧੀ ਅਨੁਸਾਰ ਵਿਭਾਗ ਨੂੰ ਆਪਣਾ ਦਾਅਵਾ ਪੇਸ਼ ਕਰਨਗੇ।

ਉਨ੍ਹਾਂ ਦੱਸਿਆ ਕਿ ਇਸ ਯੋਜਨਾ ਜਿਥੇ ਪੁਲਿਸ ਕਰਮੀਆਂ ਵਿੱਚ ਸਵੈਮਾਣ ਪੈਦਾ ਹੋਵੇਗਾ ਉਥੇ ਹੀ ਉਨ੍ਹਾਂ ਨੂੰ ਤੁਰੰਤ ਭਾਰੀ ਵਿੱਤੀ ਬੋਝ ਤੋਂ ਨਿਜਾਤ ਮਿਲੇਗੀ। ਬੁਲਾਰੇ ਨੇ ਅੱਗੇ ਦੱਸਿਆ ਕਿ ਇਸ ਨਾਲ ਨਾ ਸਿਰਫ ਪੁਲਿਸ ਮੁਲਾਜ਼ਮਾ ਦਾ ਖ਼ਰਚਾ ਘਟੇਗਾ ਸਗੋਂ ਸਰਕਾਰੀ ਖ਼ਜਾਨੇ ’ਤੇ ਵੀ ਬੋਝ ਘਟੇਗਾ। ਉਨ੍ਹਾਂ ਦੱਸਿਆ ਕਿ ਯੋਜਨਾ ਤਹਿਤ ਪੁਲਿਸ ਮੁਲਾਜ਼ਮਾਂ ਨੂੰ ਇਕ ਕਾਰਡ, ਜਿਸ ਵਿੱਚ ਉਨ੍ਹਾਂ ਦਾ ਨਾਮ, ਫੋਟੋ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੇ ਨਾਮ ਭਾਵੇਂ ਉਹ ਨਿਰਭਰ ਹਨ ਜਾਂ ਨਹੀਂ ਹੈ, ਜਾਰੀ ਕੀਤਾ ਜਾਵੇਗਾ। ਯੋਜਨਾ ਤਹਿਤ ਹੋਈ ਪ੍ਰਗਤੀ ਦਾ ਜਾਇਜ਼ਾ ਲੈਣ ਲਈ ਤਿਮਾਹੀ ਸਮੀਖਿਆ ਮੀਟਿੰਗਾਂ ਕੀਤੀਆਂ ਜਾਣਗੀਆਂ ਅਤੇ ਮਰੀਜ਼ਾਂ ਅਤੇ ਹਸਪਤਾਲਾਂ ਵਲੋਂ ਉਠਾਏ ਜਾਣ ਵਾਲੇ ਕਿਸੇ ਵੀ ਮੁੱਦੇ ਦੇ ਹੱਲ ਲਈ ਇਕ ਸ਼ਿਕਾਇਤ ਨਿਵਾਰਣ ਕਮੇਟੀ ਦਾ ਗਠਨ ਵੀ ਕੀਤਾ ਜਾਵੇ।

Exit mobile version