Site icon TheUnmute.com

Mother tongue: ਮਾਂ ਬੋਲੀ ਪੰਜਾਬੀ ਦਾ ਮਹੱਤਵ, ਜਿਹੜੀ ਦਿੰਦੀ ਸੀ ਅਸੀਸ ਸੁੱਚੇ ਸ਼ਬਦਾਂ ਦੇ ਨਾਲ, ਮੇਰੇ ਸਾਹਮਣੇ ਉਹ ਮਾਂ ਬੋਲੀ ਮਰੀ ਜਾਂਦੀ ਆ

21 ਫਰਵਰੀ 2025: ਮਾਂ ਬੋਲੀ (Mother tongue) ਉਹ ਭਾਸ਼ਾ ਹੁੰਦੀ ਹੈ ਜਿਸ ਨੂੰ ਇਨਸਾਨ ਜਨਮ ਤੋਂ ਸਿੱਖਦਾ ਹੈ। ਜਾਂ ਜਿਸ ਨੂੰ ਇਨਸਾਨ ਆਪਣੀ ਮਾਂ ਤੋਂ ਸਿਖਦਾ ਹੈ,ਜਾਂ ਜਿਸ ਨੂੰ ਓਹ ਸਭ ਤੋਂ ਚੰਗੀ ਤਰ੍ਹਾਂ ਜਾਣਦਾ ਹੈ। ਕਈ ਮੁਲਕਾਂ ਵਿੱਚ ਮਾਂ ਬੋਲੀ ਕਿਸੇ ਖ਼ਾਸ ਲੋਕ-ਸਮੂਹ ਦੀ ਬੋਲੀ ਨੂੰ ਵੀ ਕਿਹਾ ਜਾਂਦਾ ਹੈ। ਕਦੇ-ਕਦੇ, “ਮਾਤ ਭਾਸ਼ਾ” ਜਾਂ “ਮਾਂ ਦੀ ਭਾਸ਼ਾ” ਦੀ ਵਰਤੋਂ ਉਸ ਭਾਸ਼ਾ ਲਈ ਕੀਤੀ ਜਾਂਦੀ ਹੈ ਜੋ ਇੱਕ ਵਿਅਕਤੀ ਨੇ ਘਰ ਵਿੱਚ ਬੱਚੇ (ਆਮ ਤੌਰ ਤੇ ਆਪਣੇ ਮਾਤਾ-ਪਿਤਾ ਤੋਂ) ਦੇ ਤੌਰ ਤੇ ਸਿੱਖੀ ਹੁੰਦੀ ਹੈ। ਦੋਭਾਸ਼ੀ ਘਰਾਂ ਵਿੱਚ ਵੱਡੇ ਹੋ ਰਹੇ ਬੱਚਿਆਂ ਦੀਆਂ, ਇਸ ਪਰਿਭਾਸ਼ਾ ਦੇ ਅਨੁਸਾਰ, ਇੱਕ ਤੋਂ ਜਿਆਦਾ ਮਾਤ ਭਾਸ਼ਾਵਾਂ ਜਾਂ ਮੂਲ ਭਾਸ਼ਾਵਾਂ ਹੋ ਸਕਦੀਆਂ ਹਨ।

ਮਾਂ ਬੋਲੀ ਤੋਂ ਬਿਨਾਂ ਜੋ ਬੋਲੀ ਇਨਸਾਨ ਬੋਲਦਾ ਹੈ ਉਸਨੂੰ ਦੂਜੀ ਭਾਸ਼ਾ ਆਖਦੇ ਹਨ।

ਅਹਿਮੀਅਤ

ਮਾਂ ਬੋਲੀ ਕਿਸੇ ਇਨਸਾਨ ਦੀ ਨਿੱਜੀ, ਸਮਾਜਿਕ ਅਤੇ ਸੱਭਿਆਚਾਰਕ ਪਛਾਣ ਹੁੰਦੀ ਹੈ। ਮਾਂ ਬੋਲੀ ਕਿਸੇ ਦੀ ਸਿੱਖਿਆ ਦਾ ਹਿੱਸਾ ਹੀ ਨਹੀਂ ਸਗੋਂ ਚਾਰੇ ਪਾਸੇ ਤੋਂ ਉਸ ’ਤੇ ਭਾਰੂ ਹੁੰਦੀ ਹੈ।

ਮਨੁੱਖੀ ਸਮਾਜਾਂ ਦੀ ਚੇਤਨਾ ਦੇ ਤੇਜ਼ੀ ਨਾਲ ਵਿਕਾਸ ਦੀਆਂ ਸੰਭਾਵਨਾਵਾਂ ਉਨ੍ਹਾਂ ਦੀਆਂ ਮਾਤ ਭਾਸ਼ਾਵਾਂ ਰਾਹੀਂ ਹੀ ਵਧੇਰੇ ਪਨਪਦੀਆਂ ਹਨ। ਮਾਤ ਭਾਸ਼ਾ ਰਾਹੀਂ ਹੀ ਮਨੁੱਖ ਆਪਣੇ ਕੌਮੀ ਇਤਿਹਾਸ ਤੇ ਮਿਥਿਹਾਸ ਤੋਂ ਜਾਣੂ ਹੁੰਦਾ ਹੈ। ਮਾਤ ਭਾਸ਼ਾ ਹੀ ਬੱਚੇ ਨੂੰ ਆਪਣੇ ਘਰ, ਪਰਿਵਾਰ, ਭਾਈਚਾਰੇ ਅਤੇ ਮੁਲਕ/ਕੌਮ ਨਾਲ ਜੋੜਦੀ ਹੈ।

ਮਾਂ ਦੀ ਤਰ੍ਹਾਂ ਹੀ ਮਾਂ-ਬੋਲੀ ਹੀ ਹਰ ਵਿਅਕਤੀ ਦੀਆਂ ਭਾਵਨਾਵਾਂ ਨੂੰ ਪ੍ਰਗਟਾਉਣ ਦਾ ਸਭ ਤੋਂ ਉੱਤਮ ਵਸੀਲਾ ਹੈ।

ਉਥੇ ਹੀ ਜੇ ਅੱਜ ਦੇ ਸਮੇ ਦੀ ਗੱਲ ਕਰੀਏ ਤਾਂ ਅੱਜ ਦੁਨੀਆਂ ਵਿੱਚ ਤਿੰਨ ਹਜ਼ਾਰ ਤੋਂ ਵੱਧ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ। ਹਰ ਇੱਕ ਭਾਸ਼ਾ ਦੀ ਆਪਣੀ ਹੀ ਲਿਪੀ ਹੁੰਦੀ ਹੈ। ਜਿਹੜੀ ਭਾਸ਼ਾ ਬੱਚੇ ਨੂੰ ਮਾਂ ਦੇ ਦੁੱਧ ਨਾਲ ਸਿੱਖਣ ਨੂੰ ਮਿਲਦੀ ਹੈ, ਉਹ ਭਾਸ਼ਾ ਹੀ ਉਸ ਦੀ ਮਾਂ ਬੋਲੀ ਹੁੰਦੀ ਹੈ। ਜਿੱਥੇ ਹੋਰ ਭਾਸ਼ਾਵਾਂ ਸਿੱਖਣਾ ਬਹੁਤ ਵਧੀਆ ਗੱਲ ਹੁੰਦੀ ਹੈ, ਉੱਥੇ ਆਪਣੀ ਮਾਤ ਭਾਸ਼ਾ ਨੂੰ ਆਪਣੇ ਦਿਲ ਵਿੱਚ ਵਸਾ ਕੇ ਰੱਖਣਾ ਹੋਰ ਵੀ ਵਧੀਆ ਗੱਲ ਹੁੰਦੀ ਹੈ।

ਠੀਕ ਇਸੇ ਤਰ੍ਹਾਂ ਹੀ ਪੰਜਾਬੀ ਭਾਸ਼ਾ ਵੀ ਸਾਡੀ ਪੰਜਾਬ ਦੀ ਮਾਂ ਬੋਲੀ ਪੰਜਾਬੀ ਹੈ। ਪੰਜਾਬੀ ਭਾਸ਼ਾ ਅੱਜ ਦੁਨੀਆਂ ਦੇ ਹਰ ਕੋਨੇ ਵਿੱਚ ਵਸਦੇ ਪੰਜਾਬੀਆਂ ਵਲੋਂ ਬੜੇ ਪਿਆਰ ਅਤੇ ਸਤਿਕਾਰ ਨਾਲ ਬੋਲੀ ਜਾਂਦੀ ਹੈ। ਦੱਸਣਯੋਗ ਹੈ ਕਿ ਸਾਡੀ ਮਾਂ ਬੋਲੀ ਪੰਜਾਬੀ ਆਪਣੇ ਆਪ ਵਿਚ ਇੱਕ ਵਿਲੱਖਣ ਭਾਸ਼ਾ ਹੈ। ਜੋ ਕਿ ਬਹੁਤ ਹੀ ਅਮੀਰ (rich) ਗਿਣੀ ਜਾਂ ਮੰਨੀ ਜਾਂਦੀ ਹੈ। ਇੱਥੇ ਦੱਸਣਯੋਗ ਹੈ ਕਿ ਸਾਡੇ ਪੰਜਾਬ ਵਿੱਚ ਵੀ ਬਹੁਤ ਸਾਰੇ ਅਜਿਹੇ ਪਰਿਵਾਰ ਜਾ ਵੱਡੇ ਸ਼ਹਿਰਾਂ ਹਨ ਜੋ ਕਿ ਪੰਜਾਬੀ ਬੋਲਣ ਵਿੱਚ ਬੜਾ ਸੰਕੋਚ ਅਤੇ ਸ਼ਰਮ ਮੰਨਦੇ ਹਨ।

ਹੋਰ ਤਾਂ ਹੋਰ ਸਾਡੇ ਪਿੰਡਾਂ ਦੇ ਬੱਚੇ ਜੋ ਸ਼ਹਿਰ ਵਿੱਚ ਪੜ੍ਹਨ ਜਾਂਦੇ ਹਨ ਉਨ੍ਹਾਂ ਨੂੰ ਵੀ ਇਹੋ ਜਿਹੀ ਬਿਮਾਰੀ ਲੱਗ ਰਹੀ ਹੈ। ਉਹ ਵੀ ਘਰ ਆ ਕੇ ਆਪਣੇ ਮਾਤਾ ਪਿਤਾ ਨਾਲ ਪੰਜਾਬੀ ਬੋਲਣ ਦੀ ਬਜਾਏ ਹਿੰਦੀ ਵਿੱਚ ਜਾਂ ਅੰਗਰੇਜ਼ੀ ਵਿੱਚ ਗੱਲ ਕਰਨਾ ਸ਼ਾਨ ਸਮਝਦੇ ਹਨ। ਅੱਜ ਜਿਥੇ ਦੁਨੀਆਂ ਵਿਚ ਵੱਸਦੇ ਪੰਜਾਬੀ ਸਾਡੀ ਭਾਸ਼ਾ ਪ੍ਰਤੀ ਇੰਨਾ ਪਿਆਰ ਅਤੇ ਸਤਿਕਾਰ ਰੱਖ ਰਹੇ ਹਨ ਉਥੇ ਪੰਜਾਬ ਵਿੱਚ ਇਹ ਤ੍ਰਾਸਦੀ ਦਾ ਸ਼ਿਕਾਰ ਹੋ ਰਹੀ ਹੈ। ਸਰਕਾਰੀ ਦਫਤਰਾਂ ਦੇ ਬਾਬੂ ਵੀ ਪੰਜਾਬੀ ਵਿੱਚ ਗੱਲ ਕਰਨ ਦੀ ਬਜਾਏ ਹੋਰ ਭਾਸ਼ਾਵਾਂ ਵਿੱਚ ਗੱਲ ਕਰਨਾ ਸ਼ਾਨ ਸਮਝਦੇ ਹਨ, ਉਹ ਵੀ ਪੰਜਾਬੀ ਨੂੰ ਅਨਪੜ੍ਹਾ ਅਤੇ ਗਵਾਰਾਂ ਦੀ ਭਾਸ਼ਾ ਮੰਨਦੇ ਹਨ। ਅੱਜ ਜਿਹੜਾ ਮਾਣ ਮੇਰੀ ਮਾਂ ਬੋਲੀ ਪੰਜਾਬੀ ਨੂੰ ਮਿਲਣਾ ਚਾਹੀਦਾ ਸੀ ਉਹ ਨਹੀਂ ਮਿਲ ਰਿਹਾ।

ਪੰਜਾਬੀ (punjabi) ਭਾਸ਼ਾ ਦੀ ਗੁਰਮੁਖੀ ਲਿਪੀ ਵਿੱਚ ਸਾਰੇ ਦੇ ਸਾਰੇ ਚਿੰਨ੍ਹ ਮਿਲਦੇ ਹਨ ਜੋ ਕਿ ਹਰ ਆਵਾਜ਼ ਨੂੰ ਪਰਗਟ ਕਰਨ ਦੇ ਸਮਰੱਥ ਹੁੰਦੇ ਹਨ। ਇਸ ਵਿੱਚ ਫਾਰਸੀ ਭਾਸ਼ਾ ਦੀਆਂ ਅਵਾਜ਼ਾਂ ਵੀ ਦਿੱਤੀਆਂ ਗਈਆਂ ਹਨ। ਜਿਵੇਂ ਸ਼ ਖ਼ ਗ਼ ਜ਼ ਫ਼ ਲ਼ ਹਨ। ਇਸ ਤੋਂ ਇਲਾਵਾ ਇਸ ਦਾ ਇੱਕ ਵਿਲੱਖਣ ਚਿੰਨ੍ਹ ਹੈ, ਅੱਧਕ ਜੋ ਕਿ ਦੋਹਰੀ ਆਵਾਜ਼ ਪ੍ਰਗਟ ਕਰਨ ਵਿੱਚ ਮਦਦ ਕਰਦਾ ਹੈ। ਇਸ ਦੀਆਂ ਨਾਸਕੀ ਧੁਨੀਆਂ ਵੀ ਇਸਨੂੰ ਦੂਜੀਆਂ ਭਾਸ਼ਾਵਾਂ ਨਾਲੋਂ ਵੱਖਰਾ ਕਰਕੇ ਪੇਸ਼ ਕਰਦੀਆਂ ਹਨ। ਇਸ ਤੋਂ ਇਲਾਵਾ ਬਹੁਤ ਸਾਰੀਆਂ ਹੋਰ ਵੀ ਵਿਸ਼ੇਸ਼ਤਾਵਾਂ ਹਨ ਜੋ ਕਿ ਪੰਜਾਬੀ ਭਾਸ਼ਾ ਨੂੰ ਅਮੀਰ ਬਣਨ ਵਿੱਚ ਮਦਦ ਕਰਦੀਆਂ ਹਨ।

ਉਥੇ ਹੀ ਜੇ ਅਸੀਂ ਗੱਲ ਕਰੀਏ ਸਾਡੇ ਗੁਰੂਆਂ ਦੀ ਬਾਣੀ ਬਾਰੇ ਤਾਂ ਉਹ ਵੀ ਪੰਜਾਬੀ ਮਾਂ ਬੋਲੀ ਦੇ ਵਿੱਚ ਹੀ ਰਚੀ ਹੋਈ ਹੈ, ਇਸ ਤੋਂ ਇਲਾਵਾ ਪੁਰਾਤਨ ਕਵੀ ਅਤੇ ਆਧੁਨਿਕ ਕਵੀਆਂ ਨੇ ਆਪਣੀਆਂ ਰਚਨਾਵਾਂ ਇਸ ਪੰਜਾਬੀ ਵਿੱਚ ਰਚ ਕੇ ਇਸ ਨੂੰ ਹੋਰ ਅਮੀਰ ਬਣਾਇਆ ਹੈ। ਬਾਬਾ ਬੁੱਲੇ ਸ਼ਾਹ ਦਮੋਦਰ ,ਪੀਲੂ, ਵਾਰਸ ਸ਼ਾਹ, ਸ਼ਾਹ ਮੁਹੰਮਦ, ਬਾਬੂ ਫ਼ਿਰੋਜ਼ਦੀਨ ਸ਼ਰਫ਼, ਆਦਿ ਕਵੀਆਂ ਨੇ ਆਪਣੀਆਂ ਰਚਨਾਵਾਂ ਇਸੇ ਹੀ ਪੰਜਾਬੀ ਬੋਲੀ ਨੂੰ ਸਮਰਪਿਤ ਕੀਤੀਆਂ ਹਨ।

Read More: ਪੰਜਾਬੀ ਮਾਹ: ਪੰਜਾਬ ਕਲਾ ਪਰਿਸ਼ਦ ਵੱਲੋਂ ਬਹੁ-ਸਥਾਨੀ ਨੈੱਟਵਰਕ ਚੇਤਨਾ ਅਤੇ ਪੰਜਾਬੀ ਭਾਸ਼ਾ ‘ਤੇ ਸੈਮੀਨਾਰ ਕਰਵਾਇਆ

 

Exit mobile version