ਚੰਡੀਗੜ੍ਹ 23 ਜਨਵਰੀ 2022: ਪੰਜਾਬੀ (Punjabi) ਮਾਂ ਬੋਲੀ ਦੇ ਹਮਾਇਤੀਆਂ ਨੇ ਪਾਕਿਸਤਾਨ (Pakistan) ਦੇ ਪੰਜਾਬ ਸੂਬੇ ‘ਚ ਪੰਜਾਬੀ ਯੂਨੀਅਨ (Punjabi Union) ਦੇ ਬੈਨਰ ਹੇਠ 21 ਫਰਵਰੀ 2022 ਨੂੰ ਮਾਂ ਬੋਲੀ ਦਿਹਾੜਾ (Mother Tongue Day) ਮਨਾਉਣ ਦਾ ਫੈਸਲਾ ਕੀਤਾ ਗਿਆ ।ਪੰਜਾਬੀ ਯੂਨੀਅਨ (Punjabi Union) ਦੇ ਪ੍ਰਬੰਧ ਹੇਠ ਪੰਜਾਬ ਹਾਊਸ ‘ਚ ਸਭ ਪੰਜਾਬੀ ਮਾਂ ਬੋਲੀ ਦੇ ਅਲੰਬਰਦਾਰ ਆਗੂਆਂ ਦੇ ਇਕੱਠ ‘ਚ ਇਹ ਫੈਸਲਾ ਕੀਤਾ ਗਿਆ ਹੈ । ਇਸ ਦਿਨ ਸਾਰੇ ਪੰਜਾਬੀ ਮਾਂ ਬੋਲੀ ਪ੍ਰੇਮੀ 22 ਫਰਵਰੀ ਨੂੰ ਪੰਜਾਬ ਐਸੇਬੰਲੀ ਦੇ ਸਾਹਮਣੇ ਦਿਨ 12 ਵਜੇ ਮੁਜ਼ਾਹਰਾ ਕਰਨਗੇ ਅਤੇ ਪੰਜਾਬੀ ਮਾਂ ਬੋਲੀ ਨੁੰ ਬਣਦਾ ਸਤਿਕਾਰ ਦੇਣ ਦੀ ਮੰਗ ਕੀਤੀ ਜਾਵੇਗੀ ਅਤੇ ਇਸਦੇ ਨਾਲ ਹੀ ਪੰਜਾਬ ਦੀ ਧਰਤੀ ਦੇ ਪੁੱਤਰ ਇੱਕ ਮੁਠ ਹੋ ਕੇ ਆਪਣੇ ਹੱਕਾਂ ਦੀ ਗੱਲ ਕਰਨਗੇ।
ਬੈਠਕ ‘ਚ ਮੌਜੂਦ ਆਗੂਆਂ ਦਾ ਕਹਿਣਾ ਸੀ ਕਿ ਪੰਜਾਬੀ ਬੋਲੀ ਤੇ ਪੰਜਾਬ ਦੀ ਰਹਿਤਲ ਹਜ਼ਾਰਾਂ ਵਰ੍ਹੇ ਪੁਰਾਣੀ ਹੈ, ਜਿਸਦੀ ਵੱਖਰੀ ਅਹਿਮੀਅਤ ਹੈ। ਇਸ ਧਰਤੀ ਦੀ ਰਹਿਤਲ ਤੇ ਬੋਲੀ ਨੂੰ ਮੁਕਾਉਣ ਲਈ ਅੰਗਰੇਜ਼ ਦੂਰ ਤੋਂ ਜਿਹੜੀਆਂ ਸਾਜ਼ਿਸ਼ਾਂ ਸ਼ੁਰੂ ਹੋਈਆਂ ਸਨ,ਉਹ ਅੱਜ ਵੀ ਜਾਰੀ ਹਨ। ਇਹਨਾਂ ਆਗੂਆਂ ਨੇ ਤਹੱਈਆ ਕੀਤਾ ਕਿ ਇਹਨਾਂ ਸਾਜ਼ਿਸ਼ਾਂ ਨੂੰ ਮੁਕਾਉਣ ਲਈ ਸਾਨੂੰ ਸਭ ਨੂੰ ਇੱਕ ਪਲੇਟਫ਼ਾਰਮ ’ਤੇ ਇਕੱਠਾ ਹੋਣਾ ਪਵੇਗਾ।
ਇਹਨਾਂ ਆਗੂਆਂ ਨੇ ਕਿਹਾ ਕਿ ਅਸੀਂ ਪੰਜਾਬੀ ਨਾਲ਼ ਹੋਣ ਵਾਲੀ ਦੁਸ਼ਮਣੀ ਅਤੇ ਮਾੜੇ ਸਲੂਕ ਨੂੰ ਬਰਦਾਸ਼ਤ ਨਹੀਂ ਕਰਾਂਗੇ ਤੇ ਆਪਣਾ ਮੁਕੱਦਮਾ ਹਰ ਫ਼ੋਰਮ ’ਤੇ ਲੜਾਂਗੇ। ਪੰਜਾਬ ਦੀ ਵੰਡ ਦੀ ਗੱਲ ਕਰਨ ਵਾਲਿਆਂ ਦਾ ਹਰ ਮੁਹਾਜ਼ ਉਤੇ ਮੁਕਾਬਲਾ ਕਰਾਂਗੇ।
ਪੰਜਾਬ ਹਾਊਸ ਵਿਚ ਹੋਏ ਇਸ ਇਕੱਠ ਦੀ ਮੇਜ਼ਬਾਨੀ ਪੰਜਾਬੀ ਮੀਡੀਆ ਗਰੁੱਪ ਦੇ ਵਾਈਸ ਚੇਅਰਮੈਨ ਤੇ ਪੰਜਾਬ ਹਾਊਸ ਪ੍ਰਬੰਧਕ ਬਿਲਾਲ ਮਦਸਰ ਬੁੱਟ ਹੋਰਾਂ ਕੀਤੀ। ਇਸ ਵਿਚ ਹੋਰਨਾਂ ਤੋਂ ਇਲਾਵਾ ਅਹਿਮਦ ਰਜ਼ਾ, ਤਾਰਿਕ ਜਤਾਲਾ, ਬਾਬਾ ਨਜ਼ਮੀ, ਇਲਿਆਸ ਘੁੰਮਣ, ਹਰਦੀਪ ਸਈਦਾ, ਮੀਆਂ ਆਸਿਫ ਤੇ ਹੋਰ ਪਤਵੰਤੇ ਹਾਜ਼ਰ ਸਨ।