July 5, 2024 12:08 am
ਮਾਂ ਬੋਲੀ

ਜਿੱਥੇ ਗਿਆਨ ਦੀ ਗੁੜ੍ਹਤੀ ਮਿਲਦੀ ਹੈ ! ਪੰਜਾਬ ਦੇ ਤਲਵੰਡੀ ਸਾਬੋ ਪਾਤਸ਼ਾਹ ਦੇ ਸ਼ਸ਼ੋਭਿਤ ਲਿਖਣਸਰ ਸਾਹਿਬ

~ ਹਰਪ੍ਰੀਤ ਸਿੰਘ ਕਾਹਲੋਂ

ਚੰਡੀਗੜ੍ਹ, 21 ਫਰਵਰੀ 2022 : ਇੱਥੇ ਮਾਵਾਂ ਆਪਣੇ ਬੱਚਿਆਂ ਦੀਆਂ ਉਂਗਲਾਂ ਫੜ੍ਹ ‘ੳ’ ਵਾਹ ਗਿਆਨ ਦੀ ਗੁੜ੍ਹਤੀ ਦਿਵਾਉਂਦੀਆਂ ਹਨ। ਇਹ ਸਾਡੇ ਪੰਜਾਬ ਦਾ ਵਰਤਾਰਾ ਹੈ।

ਹੁਣ ਹੈਲਿਕਸ ਆਕਸਫੋਰਡ ਸਿਨੀਅਰ ਸਕੈਡੰਰੀ ਪਾਤੜਾਂ ਵਰਗੇ ਸਕੂਲ ਹਨ ਜਿਹੜੇ ਪੰਜਾਬੀ ਬੋਲਣ ਦਾ ਪ੍ਰਤੀ ਸ਼ਬਦ ਜੁਰਮਾਨਾ ਲਾਉਂਦੇ ਹਨ। ਗਿਆਨ ਦੇ ਮਹਾਂਰਥੀਆਂ ਨੂੰ ਪਤਾ ਨਹੀਂ ਕਿਵੇਂ ਗੱਲ ਜੱਚ ਗਈ ਹੈ ਕਿ ਪੰਜਾਬੀ ਬੋਲਣ ਨਾਲ ਅੱਗੇ ਵਧਿਆ ਨਹੀਂ ਜਾਣਾ।

ਮਾਂ ਬੋਲੀ ਦਾ ਤੇ ਬੱਚੇ ਦਾ ਰਿਸ਼ਤਾ ਉਹਦੀ ਹੋਂਦ ਦਾ ਮੂਲ ਅਧਾਰ ਬਣਦਾ ਹੈ।ਆਪਣੀ ਜ਼ੁਬਾਨ ਮਾਰਫਤ ਉਹ ਸੋਚਦਾ,ਸੁਫ਼ਨੇ ਲੈਂਦਾ ਅਤੇ ਬਾਹਰੀ ਦੁਨੀਆਂ ਨਾਲ ਸੰਚਾਰ ਕਰਦਾ ਹੈ।

ਪੰਜਾਬ ਦੇ ਤਲਵੰਡੀ ਸਾਬੋ ਪਾਤਸ਼ਾਹ ਦੇ ਸ਼ਸ਼ੋਭਿਤ ਲਿਖਣਸਰ ਸਾਹਿਬ ਗੁਰਦੁਆਰੇ ਦਾ ਇਤਿਹਾਸ ਮੁਹੱਬਤੀ ਛੋਹ ਦੀ ਮਿਸਾਲ ਹੈ।

ਗੁਰਦੁਆਰਾ ਲਿਖਣਸਾਰ ਅਤੇ ਬੁੰਗਾ ਲਿਖਾਰੀਆਂ ਦੀ ਅਹਿਮੀਅਤ

ਸਾਬੋ ਕੀ ਤਲਵੰਡੀ ਵਿੱਚ ਗੁਰੁ ਗੋਬਿੰਦ ਸਿੰਘ ਜੀ ਦੇ ਸੰਗਤੀਏ ਭਾਈ ਮਨੀ ਸਿੰਘ ਤੇ ਬਾਬਾ ਦੀਪ ਸਿੰਘ ਪਾਵਨ ਗ੍ਰੰਥ ਦੀਆਂ ਬੀੜਾਂ ਲਿਖਣ ਦੀ ਸੇਵਾ ਕਰਦੇ ਸਨ। ਰਵਾਇਤ ਹੈ ਕਿ ਗੁਰੂੁ ਜੀ ਨੇ ਭਾਈ ਮਨੀ ਸਿੰਘ ਦੀ ਲਿਖਣੀ ਤੇ ਮਸ (ਸਿਆਹੀ) ਜਲ ਪਰਵਾਹ ਕਰ ਦਿੱਤੀ ਸੀ ਕਿ ਇਸ ਗੁਰੁ ਕੀ ਕਾਸ਼ੀ ਵਿੱਦਿਆ ਦੀ ਟਕਸਾਲ ਵਿੱਚ ਲੇਖਕ ਗੁਣੀ ਕਵੀਂਦਰ ਗਿਆਨੀ ਪੈਦਾ ਹੋਣਗੇ।ਇੱਥੋਂ ਗਿਆਨ ਦੀ ਨਦੀ ਵਗੇਗੀ।

ਅੱਜ ਵੀ ਲਿਖਣਸਰ ਗੁਰਦੁਆਰੇ ਵਿੱਚ ਸੰਗਤਾਂ ਪੈਂਤੀ ਅੱਖਰੀ ਨੂੰ ਮੱਥਾ ਟੇਕਦੀਆਂ ਗਿਆਨ-ਧਿਆਨ ਦਾ ਵਰ ਮੰਗਦੀਆਂ ਹਨ।ਪਹਿਲਾਂ ਗੁਰਦੁਆਰੇ ਅੱਗੇ ਪਈ ਰੇਤ ਵਿੱਚ ਮਾਵਾਂ ਆਪਣੇ ਬੱਚਿਆਂ ਕੋਲ਼ੋਂ ਪੰਜਾਬੀ ਦੇ ਪ੍ਰਥਮ ਅੱਖਰ ਦਾ ਪੂਰਨਾ ਪਵਾਉਂਦੀਆਂ ਹੁੰਦੀਆਂ ਸਨ।

ਇਹ ਥਾਂ ਕਾਸ਼ੀ ਗੁਰੁ ਕੀ ਵਿਦਿਆ ਦੀ ਟਕਸਾਲ,
ਪੱਬਾਂ ਭਾਰ ਉਡੀਕਦੀ ਬਹੁੜੇਗਾ ਲੱਜਪਾਲ॥
ਸੰਗਤਾਂ ਸਰ ਨਿਵਾਂਦੀਆਂ,ਪੈਂਤੀ ਰੱਬ ਸਰੂਪ,
ਚਾਨਣ ਚਸ਼ਮੇ ਫੁੱਟ ਰਹੇ,ਅੱਖਰ ਅਰਥ ਅਨੂਪ॥

ਕੋਠਾ ਗੁਰੁ ਕਾ ਪਿੰਡ ਬਠਿੰਡਾ ਦੇ ਲੇਖਕ ਗਿਆਨੀ ਬਲਵੰਤ ਸਿੰਘ ਦੀ ਕਿਤਾਬ ‘ਗੁਰੂ ਕੀ ਕਾਸ਼ੀ- ਇਤਿਹਾਸ ਤਲਵੰਡੀ ਸਾਬੋ’ ਮੁਤਾਬਕ ਪੰਜਾਬੀ ਭਾਸ਼ਾ ਨੂੰ ਲੈਕੇ ਪੁਰਾਤਣ ‘ਚ ਬਹੁਤ ਸੰਜੀਦਗੀ ਨਾਲ ਸੋਚਿਆ ਜਾਂਦਾ ਸੀ।

ਤਖ਼ਤ ਦਮਦਮਾ ਸਾਹਿਬ ਦੇ ਪੁਰਾਣੇ ਇਮਾਰਤੀ ਢਾਂਚੇ ਦੇ ਸਮੂਹ ‘ਚ ਬਾਰ੍ਹਾਂ ਬੁੰਗੇ ਸਨ।ਇਹ ਬੁੰਗਾ ਕਟੂ,ਬੁੰਗਾ ਮਸਤੂਆਣਾ ਸਨ ਅਤੇ ਇਸੇ ਤਰ੍ਹਾਂ ਇੱਕ ‘ਬੁੰਗਾ ਲਿਖਾਰੀਆਂ’ ਸੀ।

ਇਹ ਬੁੰਗਾ ਗੁਰਮੁੱਖੀ ਅੱਖਰਾਂ ਦੀ ਵਿੱਦਿਆ ਤੇ ਸਿੱਖਿਆ ਲਈ ਜਾਣਿਆ ਜਾਂਦਾ ਸੀ।ਇਸ ਬੁੰਗੇ ‘ਚ ਗੁਰਮੁਖੀ ਨੂੰ ਅੱਖਰਾਂ ਨੂੰ ਲਿਖਣ ਦੇ ਢੰਗ ਬਹੁਤ ਖੂਬਸੂਰਤ ਸਨ ਤਾਂ ਕਿ ਰੌਚਕ ਢੰਗ ਨਾਲ ਜ਼ੁਬਾਨ ਨੂੰ ਪੜ੍ਹਣਾ ਲਿਖਣਾ ਸਿੱਖਿਆ ਜਾ ਸਕੇ।

ਊੜਾ – ਮੋਰਨੀ ਦੇ ਆਂਡੇ ਵਰਗਾ
ਐੜਾ – ਘੋੜੇ ਦੇ ਕੜਿਆਲੇ ਵਰਗਾ
ਈੜੀ – ਇੱਲ ਦੇ ਪਹੁੰਚੇ ਵਰਗੀ
ਹਾਹਾ – ਢੋਲ ਦੇ ਡੱਗੇ ਵਰਗਾ
ਕੱਕਾ – ਮਮੋਲੇ ਦੀ ਅੱਖ ਵਰਗਾ

ਕੈਸਾ ਕਮਾਲ ਦਾ ਸਿੱਖਿਆ ਸ਼ਾਸ਼ਤਰ ਸੀ ਬੱਚਾ ਰੋਜ਼ਾਨਾ ਦੀਆਂ ਵੇਖੀਆਂ ਚੀਜ਼ਾਂ ਤੋਂ ਅੱਖਰਾਂ ਨੂੰ ਤਰਾਸ਼ਕੇ ਸਿੱਖਦਾ ਸੀ।