Site icon TheUnmute.com

ਵੱਡੀ ਖਬਰ : ਅੰਮ੍ਰਿਤਸਰ ਏਅਰਪੋਰਟ ਪੁੱਜੇ ਮਾਂ-ਪੁੱਤ ਯਾਤਰੀ ਨਿਕਲੇ ਕੋਰੋਨਾ ਪਾਜ਼ੇਟਿਵ

omicron

ਅੰਮ੍ਰਿਤਸਰ 9 ਦਸੰਬਰ 2021 : ਓਮੀਕ੍ਰੋਨ ਦੀ ਦਹਿਸ਼ਤ ਦੇ ਚਲਦੇ ਜ਼ਿਲ੍ਹੇ ’ਚੋਂ ਇਕ ਵੱਡੀ ਖ਼ਬਰ ਸਾਹਮਣੇ ਆਈ ਹੈ। ਇਟਲੀ ਤੋਂ ਫਲਾਈਟ ਰਾਹੀਂ ਅੰਤਰਰਾਸ਼ਟਰੀ ਏਅਰਪੋਰਟ ਅੰਮ੍ਰਿਤਸਰ ਪੁੱਜੇ ਇਕ ਮਾਂ-ਪੁੱਤ ਯਾਤਰੀ ਕੋਰੋਨਾ ਪਾਜ਼ੇਟਿਵ (Covid-19) ਆਏ ਹਨ। ਸਿਹਤ ਵਿਭਾਗ ਵਲੋਂ ਜਿੱਥੇ ਪਾਜ਼ੇਟਿਵ ਮਰੀਜ਼ਾਂ ਨੂੰ ਗੁਰੂ ਨਾਨਕ ਦੇਵ ਹਸਪਤਾਲ ’ਚ ਦਾਖ਼ਲ ਕਰਵਾ ਦਿੱਤਾ ਹੈ, ਉਥੇ ਹੀ ਉਨ੍ਹਾਂ ਨਾਲ ਆਏ 200 ਮੁਸਾਫ਼ਰਾਂ ਦੇ ਮੌਕੇ ’ਤੇ ਟੈਸਟ ਕਰਵਾਏ, ਜਿਨ੍ਹਾਂ ਦੀ ਰਿਪੋਰਟ ਨੈਗੇਟਿਵ ਆਈ ਹੈ।

ਜਾਣਕਾਰੀ ਅਨੁਸਾਰ ਮੰਗਲਵਾਰ ਰਾਤ ਅੰਮ੍ਰਿਤਸਰ ਪਹੁੰਚੀ ਫਲਾਈਟ ’ਚੋਂ ਆਏ 10 ਸਾਲਾ ਬੱਚਾ ਅਤੇ 39 ਸਾਲਾ ਉਸ ਦੀ ਮਾਂ ਇਨਫ਼ੈਕਟਿਡ ਆਏ ਹਨ। ਇਹ ਯਾਤਰੀ ਕਪੂਰਥਲਾ ਦੇ ਪਿੰਡ ਬੇਗੋਵਾਲ ਦੇ ਰਹਿਣ ਵਾਲੇ ਹਨ। ਖ਼ਾਸ ਗੱਲ ਇਹ ਹੈ ਕਿ ਦੋਵਾਂ ’ਚ ਕੋਰੋਨਾ (Covid-19) ਦਾ ਕੋਈ ਲੱਛਣ ਨਹੀਂ ਹੈ। ਗੁਰੂ ਨਾਨਕ ਦੇਵ ਹਸਪਤਾਲ ਦੀ ਆਇਸੋਲੇਸ਼ਨ ਵਾਰਡ ’ਚ ਰੱਖੇ ਗਏ ਦੋਵੇਂ ਮਰੀਜ਼ਾਂ ਦਾ ਵਿਸ਼ੇਸ਼ ਖ਼ਿਆਲ ਰੱਖਿਆ ਜਾ ਰਿਹਾ ਹੈ। ਹਾਲਾਂਕਿ ਔਰਤ ਵਾਰ-ਵਾਰ ਇਹ ਕਹਿ ਰਹੀ ਹੈ ਕਿ ਮਿਲਾਨ ਏਅਰਪੋਰਟ ’ਤੇ ਜਦੋਂ ਉਨ੍ਹਾਂ ਦਾ ਟੈਸਟ ਹੋਇਆ ਸੀ ਤਦ ਰਿਪੋਰਟ ਨੈਗੇਟਿਵ ਸੀ। ਫਿਰ ਕੁਝ ਘੰਟਿਆਂ ’ਚ ਹੀ ਉਹ ਪਾਜ਼ੇਟਿਵ ਕਿਵੇਂ ਆ ਗਏ?

ਔਰਤ ਵਾਰ-ਵਾਰ ਘਰ ਜਾਣ ਦੀ ਜ਼ਿੱਦ ਕਰ ਰਹੀ ਹੈ ਤੇ ਇੰਫਲੂਏਂਜਾ ਲੈਬ ਦੀ ਰਿਪੋਰਟ ’ਚ ਵੀ ਇਹ ਪਾਜ਼ੇਟਿਵ ਆਏ ਹਨ। ਸੀ. ਟੀ. ਵੈਲਿਊ ਜ਼ਿਆਦਾ ਹੋਣ ਦੀ ਵਜ੍ਹਾ ਨਾਲ ਇਨ੍ਹਾਂ ਨੂੰ ਵਿਸ਼ੇਸ਼ ਨਿਗਰਾਨੀ ’ਚ ਰੱਖਿਆ ਗਿਆ ਹੈ। ਗੁਰੂ ਨਾਨਕ ਦੇਵ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਡਾ. ਕੇ. ਡੀ. ਸਿੰਘ ਨੇ ਕਿਹਾ ਕਿ ਏਅਰਪੋਰਟ ਤੋਂ ਜੀਨੋਮ ਸੀਕਵੈਸਿੰਗ ਲਈ ਦੋਵਾਂ ਦਾ ਸੈਂਪਲ ਪਟਿਆਲਾ ਲੈਬ ’ਚ ਭੇਜਿਆ ਗਿਆ ਹੈ। ਇਸ ਦੀ ਰਿਪੋਰਟ 72 ਘੰਟੇ ਤੱਕ ਆਵੇਗੀ, ਹਾਲਾਂਕਿ ਦੋਵੇਂ ਹੀ ਬਿਲਕੁੱਲ ਠੀਕ ਹੈ।

Exit mobile version