ਚੰਡੀਗੜ੍ਹ, 4 ਦਸੰਬਰ 2021 : ਚੱਕਰਵਾਤੀ ਤੂਫਾਨ ਜਵਾਦ ਦੇ ਸ਼ਨੀਵਾਰ ਨੂੰ ਉੱਤਰੀ ਆਂਧਰਾ ਪ੍ਰਦੇਸ਼ ਵਿੱਚ ਟਕਰਾਉਣ ਦੀ ਸੰਭਾਵਨਾ ਹੈ, ਜਿਸ ਕਾਰਨ ਰਾਜ ਸਰਕਾਰ ਨੇ ਤਿੰਨ ਜ਼ਿਲ੍ਹਿਆਂ ਤੋਂ 54,008 ਤੋਂ ਵੱਧ ਲੋਕਾਂ ਨੂੰ ਸੁਰੱਖਿਅਤ ਸਥਾਨਾਂ ‘ਤੇ ਪਹੁੰਚਾਇਆ ਹੈ। ਬਚਾਅ ਟੀਮਾਂ ਨੇ ਸ੍ਰੀਕਾਕੁਲਮ ਜ਼ਿਲ੍ਹੇ ਤੋਂ 15,755, ਵਿਜ਼ੀਆਨਗਰਮ ਤੋਂ 1,700 ਅਤੇ ਵਿਸ਼ਾਖਾਪਟਨਮ ਤੋਂ 36,553 ਲੋਕਾਂ ਨੂੰ ਬਚਾਇਆ ਹੈ।
ਸਰਕਾਰ ਨੇ ਸਕੂਲਾਂ ਅਤੇ ਕਮਿਊਨਿਟੀ ਹਾਲਾਂ ਵਿੱਚ 197 ਰਾਹਤ ਕੈਂਪ ਲਗਾਏ ਹਨ। ਐਨਡੀਆਰਐਫ ਦੀਆਂ 11 ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ ਜਦੋਂਕਿ ਐਸਡੀਆਰਐਫ ਦੀਆਂ 5 ਟੀਮਾਂ ਅਤੇ ਕੋਸਟ ਗਾਰਡ ਦੀਆਂ 6 ਟੀਮਾਂ ਤਾਇਨਾਤ ਹਨ। ਇਸ ਤੋਂ ਇਲਾਵਾ ਗ੍ਰਾਮ ਸਕੱਤਰ ਅਤੇ ਜ਼ਿਲ੍ਹਾ ਕੁਲੈਕਟਰ ਰਾਤ ਭਰ ਕੰਮ ਕਰਨਗੇ। ਦੋ ਹੈਲੀਕਾਪਟਰ ਸਟੈਂਡਬਾਏ ‘ਤੇ ਹਨ। ਕਿਸੇ ਵੀ ਅਣਸੁਖਾਵੀਂ ਸਥਿਤੀ ਨਾਲ ਨਜਿੱਠਣ ਲਈ 1 ਕਰੋੜ ਰੁਪਏ ਜਾਰੀ ਕੀਤੇ ਗਏ ਹਨ।