ਚੰਡੀਗੜ੍ਹ, 11 ਮਈ 2024: ਅਫਗਾਨਿਸਤਾਨ (Afghanistan) ‘ਚ ਭਿਆਨਕ ਹੜ੍ਹ ਨਾਲ ਜਨ-ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ | ਕੌਮਾਂਤਰੀ ਮੀਡੀਆ ਰਿਪੋਰਟਾਂ ਮੁਤਾਬਕ 300 ਤੋਂ ਵੱਧ ਜਣਿਆ ਦੀ ਮੌਤ ਹੋ ਚੁੱਕੀ ਹੈ। ਸਮਾਚਾਰ ਏਜੰਸੀ ਏਪੀ ਦੀ ਰਿਪੋਰਟ ਮੁਤਾਬਕ ਸੰਯੁਕਤ ਰਾਸ਼ਟਰ ਵਿਸ਼ਵ ਖੁਰਾਕ ਪ੍ਰੋਗਰਾਮ ਨਾਲ ਜੁੜੇ ਅਧਿਕਾਰੀਆਂ ਨੇ ਦੱਸਿਆ ਕਿ ਅਚਾਨਕ ਆਏ ਹੜ੍ਹ ਵਿਚ 300 ਤੋਂ ਵੱਧ ਅਫਗਾਨੀਆਂ ਦੀ ਮੌਤ ਹੋ ਗਈ ਹੈ।
ਬਗਲਾਨ ਵਿੱਚ ਕੁਦਰਤੀ ਆਫ਼ਤ ਪ੍ਰਤੀਕਿਰਿਆ ਦੇ ਮੁਖੀ ਹੇਦਯਾਤੁੱਲਾ ਹਮਦਰਦ ਨੇ ਕਿਹਾ ਕਿ ਬੁਰਕਾ, ਨਾਹਰੀਨ ਅਤੇ ਮੱਧ ਬਗਲਾਨ (Afghanistan) ਵਿੱਚ ਹੜ੍ਹ ਆ ਗਿਆ ਹੈ। ਉਨ੍ਹਾਂ ਕਿਹਾ ਕਿ ਹੜ੍ਹ ਪੀੜਤਾਂ ਨੂੰ ਲੱਭਣ ਲਈ ਮੁਹਿੰਮ ਚਲਾਈ ਗਈ ਹੈ। ਮਰਨ ਵਾਲਿਆਂ ਦੀ ਗਿਣਤੀ ਵਧ ਸਕਦੀ ਹੈ। ਤਾਲਿਬਾਨ ਦੇ ਸਿਹਤ ਮੰਤਰਾਲੇ ਦੇ ਬੁਲਾਰੇ ਨੇ ਦੱਸਿਆ ਕਿ ਬਚਾਅ ਟੀਮਾਂ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਪਹੁੰਚ ਗਈਆਂ ਹਨ।
ਜ਼ਖਮੀਆਂ ਨੂੰ ਇਲਾਜ ਲਈ ਕੇਂਦਰੀ ਹਸਪਤਾਲ ਭੇਜਿਆ ਗਿਆ ਹੈ। ਇਸਲਾਮਿਕ ਅਮੀਰਾਤ ਦੇ ਬੁਲਾਰੇ ਜ਼ਬੀਹੁੱਲ੍ਹਾ ਮੁਜਾਹਿਦ ਨੇ ਹੜ੍ਹ ਪੀੜਤਾਂ ਲਈ ਹਮਦਰਦੀ ਜ਼ਾਹਰ ਕੀਤੀ। ਉਨ੍ਹਾਂ ਕਿਹਾ ਕਿ ਰੱਖਿਆ ਅਤੇ ਗ੍ਰਹਿ ਮੰਤਰਾਲਿਆਂ ਨੂੰ ਲੋਕਾਂ ਨੂੰ ਬਚਾਉਣ ਲਈ ਸਾਰੇ ਉਪਲਬਧ ਸਾਧਨਾਂ ਦੀ ਵਰਤੋਂ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।