ਚੰਡੀਗੜ੍ਹ 30 ਅਗਸਤ 2022: ਪਾਕਿਸਤਾਨ (Pakistan) ਵਿੱਚ ਹੜ੍ਹ ਨੇ ਤਬਾਹੀ ਮਚਾਈ ਹੋਈ ਹੈ। ਪਾਕਿਸਤਾਨ ਦਾ ਇੱਕ ਤਿਹਾਈ ਹਿੱਸਾ ਪੂਰੀ ਤਰ੍ਹਾਂ ਡੁੱਬ ਚੁੱਕਾ ਹੈ। ਬਲੋਚਿਸਤਾਨ ਵਿੱਚ ਗਲੀਆਂ-ਨਾਲੀਆਂ ਪਾਣੀ-ਪਾਣੀ ਹੋ ਗਈਆਂ ਹਨ। ਸਿੰਧ ਤੋਂ ਲੈ ਕੇ ਬਲੋਚਿਸਤਾਨ ਤੱਕ ਕਈ ਰਾਜਾਂ ਵਿੱਚ ਸਥਿਤੀ ਬਹੁਤ ਦਿਨੋ ਦਿਨ ਖ਼ਰਾਬ ਹੁੰਦੀ ਜਾ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਹੁਣ ਤੱਕ 1,100 ਤੋਂ ਵੱਧ ਨਾਗਰਿਕ ਆਪਣੀ ਜਾਨ ਗੁਆ ਚੁੱਕੇ ਹਨ। ਤਿੰਨ ਕਰੋੜ ਤੋਂ ਵੱਧ ਲੋਕ ਬੇਘਰ ਹੋ ਗਏ ਹਨ।
ਪਾਕਿਸਤਾਨ (Pakistan) ਵਿੱਚ ਆਲਮ ਇਹ ਹੈ ਕਿ ਹੁਣ ਲੋਕ ਭੁੱਖੇ ਸੌਣ ਲਈ ਮਜਬੂਰ ਹਨ। ਸਥਿਤੀ ਦਿਨੋ-ਦਿਨ ਗੰਭੀਰ ਹੁੰਦੀ ਜਾ ਰਹੀ ਹੈ। ਇਸ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਪਿਛਲੇ 24 ਘੰਟਿਆਂ ਦੌਰਾਨ 75 ਜਣਿਆਂ ਦੀ ਮੌਤ ਹੋ ਗਈ ਹੈ।ਪਾਕਿਸਤਾਨ ਵਿੱਚ ਹੜ੍ਹਾਂ ਕਾਰਨ ਮਰਨ ਵਾਲਿਆਂ ਦੀ ਗਿਣਤੀ 1,136 ਤੱਕ ਪਹੁੰਚ ਗਈ ਹੈ। ਇਹ ਅੰਕੜੇ ਅਧਿਕਾਰਤ ਹਨ। ਹਾਲਾਂਕਿ, ਮੀਡੀਆ ਰਿਪੋਰਟਾਂ ਦੇ ਅਨੁਸਾਰ, ਹੁਣ ਤੱਕ 2,500 ਤੋਂ ਵੱਧ ਲੋਕ ਆਪਣੀ ਜਾਨ ਗੁਆ ਚੁੱਕੇ ਹਨ। ਹੜ੍ਹ ਕਾਰਨ 3.3 ਕਰੋੜ ਨਾਗਰਿਕਾਂ ਨੂੰ ਆਪਣਾ ਘਰ ਛੱਡਣਾ ਪਿਆ ਹੈ। ਇਹ ਅੰਕੜਾ ਪਾਕਿਸਤਾਨ ਦੀ ਆਬਾਦੀ ਦੇ ਸੱਤਵੇਂ ਹਿੱਸੇ ਦੇ ਬਰਾਬਰ ਹੈ। ਤਿੰਨ ਹਜ਼ਾਰ ਤੋਂ ਵੱਧ ਲੋਕ ਜ਼ਖਮੀ ਹਨ।