ਚੰਡੀਗੜ੍ਹ 22 ਜੁਲਾਈ 2022: ਸੰਸਦ ‘ਚ ਮਾਨਸੂਨ ਸੈਸ਼ਨ ਦਾ ਅੱਜ ਪੰਜਵਾਂ ਦਿਨ ਹੈ। ਪਿਛਲੇ ਚਾਰ ਦਿਨਾਂ ਤੋਂ ਵਿਰੋਧੀ ਧਿਰ ਵੱਲੋਂ ਹੰਗਾਮਾ ਕੀਤਾ ਜਾ ਰਿਹਾ ਹੈ। ਇਸਤੋਂ ਬਾਅਦ ਕਾਂਗਰਸ ਸਮੇਤ ਵਿਰੋਧੀ ਪਾਰਟੀਆਂ ਦੇ ਮੈਂਬਰਾਂ ਵੱਲੋਂ ਮਹਿੰਗਾਈ ਅਤੇ ਜੀਐੱਸਟੀ ਦੇ ਮੁੱਦਿਆਂ ‘ਤੇ ਹੰਗਾਮੇ ਕਾਰਨ ਲੋਕ ਸਭਾ (Lok Sabha) ਸੋਮਵਾਰ ਦੁਪਹਿਰ 2 ਵਜੇ ਤੱਕ ਮੁਲਤਵੀ ਕਰ ਦਿੱਤੀ ਗਈ।
ਲਗਾਤਾਰ ਹੰਗਾਮੇ ਤੋਂ ਬਾਅਦ ਵੀਰਵਾਰ ਨੂੰ ਸੰਸਦ ਵਿੱਚ ਪ੍ਰਸ਼ਨ ਕਾਲ ਚੱਲਿਆ। ਇਸ ਦੌਰਾਨ ਜਵਾਬਾਂ ਲਈ ਸੂਚੀਬੱਧ 15 ਵਿੱਚੋਂ 13 ਪ੍ਰਸ਼ਨ ਲਏ ਗਏ। ਹਾਲਾਂਕਿ ਸਵਾਲ-ਜਵਾਬ ਦੇ ਦੌਰਾਨ ਵੀ ਵਿਰੋਧੀ ਸੰਸਦ ਮੈਂਬਰਾਂ ਵੱਲੋਂ ਮਹਿੰਗਾਈ ਅਤੇ ਜੀਐੱਸਟੀ ਵਰਗੇ ਮੁੱਦਿਆਂ ‘ਤੇ ਹੰਗਾਮਾ ਜਾਰੀ ਰਿਹਾ। ਪੰਜਵੇਂ ਦਿਨ ਯਾਨੀ ਸ਼ੁੱਕਰਵਾਰ ਨੂੰ ਵੀ ਵਿਰੋਧੀ ਧਿਰ ਮਹਿੰਗਾਈ ਅਤੇ ਵਧਦੀਆਂ ਕੀਮਤਾਂ ਦੇ ਖਿਲਾਫ ਸੰਸਦ ‘ਚ ਪ੍ਰਦਰਸ਼ਨ ਕਰ ਰਹੀ ਹੈ। ਇਸ ਵਿਚਕਾਰ ਲੋਕ ਸਭਾ ਨੇ ‘ਭਾਰਤੀ ਅੰਟਾਰਕਟਿਕ ਬਿੱਲ, 2022′ ਨੂੰ ਮਨਜ਼ੂਰੀ ਦੇ ਦਿੱਤੀ ਹੈ।
ਕਾਂਗਰਸ ਦੇ ਕੇਸੀ ਵੇਣੂਗੋਪਾਲ, ਉੱਤਮ ਕੇ ਰੈਡੀ ਅਤੇ ਰੱਖਿਆ ਬਾਰੇ ਸੰਸਦ ਦੀ ਸਥਾਈ ਕਮੇਟੀ ਦੇ ਮੈਂਬਰਾਂ ਨੇ ਕਮੇਟੀ ਦੀ ਮੀਟਿੰਗ ਤੋਂ ਵਾਕਆਊਟ ਕਰ ਦਿੱਤਾ। ਉਸਨੇ ਅਜਿਹਾ ਉਦੋਂ ਕੀਤਾ ਜਦੋਂ ਸਪੀਕਰ ਨੇ ਕਥਿਤ ਤੌਰ ‘ਤੇ ਅਗਨੀਪਥ ਅਤੇ ਐਲਏਸੀ ਦੀ ਸਥਿਤੀ ‘ਤੇ ਚਰਚਾ ਕਰਨ ਦੀ ਉਨ੍ਹਾਂ ਦੀ ਮੰਗ ਨੂੰ ਰੱਦ ਕਰ ਦਿੱਤਾ। ਸੂਤਰਾਂ ਮੁਤਾਬਕ ਚੇਅਰਮੈਨ ਨੇ ਤੈਅ ਏਜੰਡੇ ਤੋਂ ਬਾਹਰ ਕੁਝ ਵੀ ਚਰਚਾ ਕਰਨ ਤੋਂ ਇਨਕਾਰ ਕਰ ਦਿੱਤਾ। ਬਸਪਾ ਸੰਸਦ ਮੈਂਬਰ ਦਾਨਿਸ਼ ਅਲੀ ਵੀ ਮੀਟਿੰਗ ਛੱਡ ਕੇ ਚਲੇ ਗਏ।