July 7, 2024 6:53 am
Monkeypox:

ਦੁਨੀਆ ‘ਚ ਤੇਜ਼ੀ ਨਾਲ ਫੈਲ ਰਿਹਾ ਹੈ ਮੰਕੀਪੋਕਸ, ਇਟਲੀ ‘ਚ 20 ਮਾਮਲੇ ਦਰਜ

ਚੰਡੀਗੜ੍ਹ 02 ਜੂਨ 2022: ਮੰਕੀਪੌਕਸ (Monkeypox) ਨੇ ਕੋਰੋਨਾ ਵਾਇਰਸ ਦੇ ਪ੍ਰਕੋਪ ਦੇ ਵਿਚਕਾਰ ਚਿੰਤਾ ਵਧਾ ਦਿੱਤੀ ਹੈ। ਇਸਦੇ ਨਾਲ ਹੀ ਮੰਕੀਪੌਕਸ ਦੇ ਮਾਮਲੇ ਦੁਨੀਆ ਭਰ ਦੇ ਕਈ ਦੇਸ਼ਾਂ ਵਿਚ ਵਧਣੇ ਸ਼ੁਰੂ ਹੋ ਗਏ ਹਨ। ਇਸ ਦੌਰਾਨ ਵਿਸ਼ਵ ਸਿਹਤ ਸੰਗਠਨ (W.H.O.) ਨੇ ਕਿਹਾ ਕਿ ਵੀਰਵਾਰ ਤੱਕ ਦੇ ਅੰਕੜਿਆਂ ਮੁਤਾਬਕ 23 ਦੇਸ਼ਾਂ ਵਿਚ 257 ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਇਸ ਦੇ ਨਾਲ ਹੀ ਮੰਕੀਪੌਕਸ ਦੇ 120 ਸ਼ੱਕੀ ਮਾਮਲੇ ਵੀ ਸਾਹਮਣੇ ਆਏ ਹਨ । ਇਹ ਉਹ ਸਾਰੇ ਦੇਸ਼ ਹਨ ਜਿੱਥੇ ‘ਮੰਕੀਪੌਕਸ‘ ਪਾਏ ਜਾਣ ਦੀ ਸੰਭਾਵਨਾ ਬਹੁਤ ਘੱਟ ਹੈ |

ਇਸਦੇ ਨਾਲ ਹੀ ਵਿਸ਼ਵ ਸਿਹਤ ਸੰਗਠਨ ਨੇ ਕਿਹਾ ਕਿ ਪੰਜ ਅਫਰੀਕੀ ਦੇਸ਼ਾਂ ਵਿਚ ਜਿੱਥੇ ‘ਮੰਕੀਪੌਕਸ’ ਆਮ ਤੌਰ ‘ਤੇ ਪਾਇਆ ਜਾਂਦਾ ਹੈ, ਇਸਦੇ ਨਾਲ ਹੀ ਉੱਥੇ 1365 ਮਾਮਲੇ ਅਤੇ 69 ਮੌਤਾਂ ਦਰਜ ਕੀਤੀਆਂ ਗਈਆਂ ਹਨ। ਇਹ ਮਾਮਲੇ ਦਸੰਬਰ ਤੋਂ ਮਈ ਦਰਮਿਆਨ ਵੱਖ-ਵੱਖ ਸਮੇਂ ‘ਤੇ ਪਾਏ ਗਏ ਹਨ। 23 ਦੇਸ਼ਾਂ ਵਿਚ ‘ਮੰਕੀਪਾਕਸ’ ਨਾਲ ਹੁਣ ਤੱਕ ਕੋਈ ਮੌਤ ਦਰਜ ਨਹੀਂ ਕੀਤੀ ਗਈ । ਇਟਲੀ ਦੇ ਸਿਹਤ ਮੰਤਰਾਲੇ ਦੇ ਅੰਡਰ ਸੈਕੇਟਰੀ ਪੀਅਰ ਪਾੳਲੋ ਸਿਲੇਰੀ ਨੇ ਕਿਹਾ ਕਿ ਇਟਲੀ ਵਿਚ ‘ਮੰਕੀਪਾਕਸ’ ਦੇ 20 ਮਾਮਲੇ ਹੋ ਚੁੱਕੇ ਹਨ |

ਜਿਕਰਯੋਗ ਹੈ ਕਿ 8 ਮਈ ਨੂੰ ਯੂਐਸ ਦੇ ਮੈਸੇਚਿਉਸੇਟਸ ਡਿਪਾਰਟਮੈਂਟ ਆਫ਼ ਪਬਲਿਕ ਹੈਲਥ ਨੇ ਇੱਕ ਪੁਰਸ਼ ਵਿੱਚ ਮੰਕੀਪੌਕਸ ਵਾਇਰਸ (Monkeypox) ਦੀ ਲਾਗ ਦੇ ਇੱਕ ਮਾਮਲੇ ਦੀ ਪੁਸ਼ਟੀ ਕੀਤੀ ਜੋ ਹਾਲ ਹੀ ਵਿੱਚ ਕੈਨੇਡਾ ਗਿਆ ਸੀ। ਮੰਕੀਪੌਕਸ ਇੱਕ ਦੁਰਲੱਭ ਪਰ ਸੰਭਾਵੀ ਤੌਰ ‘ਤੇ ਗੰਭੀਰ ਵਾਇਰਲ ਬਿਮਾਰੀ ਹੈ ਜੋ ਆਮ ਤੌਰ ‘ਤੇ ਫਲੂ ਵਰਗੀ ਬਿਮਾਰੀ ਹੈ | ਇਹ ਬਿਮਾਰੀ ਚਿਹਰੇ ਅਤੇ ਸਰੀਰ ‘ਤੇ ਧੱਫੜ ਦੇ ਨਾਲ ਉੱਭਰਦੀ ਹੈ। ਜ਼ਿਆਦਾਤਰ ਮਾਮਲਿਆਂ ਵਿੱਚ, ਲਾਗ 2-4 ਹਫ਼ਤਿਆਂ ਤੱਕ ਰਹਿੰਦੀ ਹੈ। ਹਾਲਾਂਕਿ, ਇਹ ਵਾਇਰਸ ਲੋਕਾਂ ਵਿੱਚ ਆਸਾਨੀ ਨਾਲ ਨਹੀਂ ਫੈਲਦਾ ਹੈ।