Site icon TheUnmute.com

ਮੋਹਾਲੀ: ਮੁੱਖ ਖੇਤੀਬਾੜੀ ਅਫ਼ਸਰ ਨੇ ਬੀਜ ਡੀਲਰਾਂ ਦੀ ਚੈਕਿੰਗ ਦੌਰਾਨ ਨਮੂਨੇ ਲਏ

Mohali

ਸਾਹਿਬਜ਼ਾਦਾ ਅਜੀਤ ਸਿੰਘ ਨਗਰ, 17 ਮਈ 2024: ਡਾਇਰੈਕਟਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਵੱਲੋਂ ਵੀਡੀਓ ਕਾਨਫਰੰਸ ਰਾਹੀਂ ਕੀਤੇ ਹੁਕਮਾਂ ਅਧੀਨ ਮੁੱਖ ਖੇਤੀਬਾੜੀ ਅਫ਼ਸਰ, ਐੱਸ.ਏ.ਐੱਸ. ਨਗਰ (Mohali) ਡਾ. ਗੁਰਮੇਲ ਸਿੰਘ ਦੀ ਅਗਵਾਈ ਅਧੀਨ ਬਲਾਕ ਖਰੜ੍ਹ ਵਿੱਚ ਕੰਮ ਕਰ ਰਹੇ ਬੀਜ ਡੀਲਰਾਂ ਦੀ ਚੈਕਿੰਗ ਕੀਤੀ ਗਈ।

ਚੈਕਿੰਗ ਦੌਰਾਨ ਝੋਨੇ ਦੀਆਂ ਹਾਈਬਰੈਡ ਕਿਸਮਾਂ ਜੋ ਕਿ ਰਾਜ ਸਰਕਾਰ ਵੱਲੋਂ ਪ੍ਰਵਾਨ ਕੀਤੀਆਂ ਗਈਆਂ ਹਨ, ਦੀ ਹੀ ਵਿਕਰੀ ਕਰਨ ਸਬੰਧੀ ਬੀਜ ਡੀਲਰਾਂ ਨੂੰ ਹਦਾਇਤ ਕੀਤੀ ਗਈ ਅਤੇ ਡੀਲਰਾਂ ਨੂੰ ਕਿਹਾ ਗਿਆ ਕਿ ਕਿਸੇ ਵੀ ਕਿਸਾਨ ਨੂੰ ਬੀਜਾਂ ਦੇ ਨਿਰਧਾਰਿਤ ਮੁੱਲ ਤੋਂ ਵਧੇਰੇ ਰੇਟ ਨਾ ਲਗਾਇਆ ਜਾਵੇ।

ਮੁੱਖ ਖੇਤੀਬਾੜੀ ਅਫ਼ਸਰ ਨੇ ਦੱਸਿਆ ਕੇ ਬੀਜ ਦੇ ਮਿਆਰ ਨੂੰ ਯਕੀਨੀ ਬਣਾਉਣ ਲਈ ਜ਼ਿਲ੍ਹੇ (Mohali) ਵਿੱਚ ਸਾਉਣੀ ਫਸਲਾਂ ਦੇ 43 ਬੀਜ ਸੈਂਪਲ ਬੀਜ ਐਕਟ 1966 ਅਧੀਨ ਲਏ ਗਏ ਹਨ ਤਾਂ ਜੋ ਪਰਖ ਉਪਰੰਤ ਉੱਗਣ ਸ਼ਕਤੀ ਤੋਂ ਘੱਟ ਵਾਲੇ ਬੀਜ ਦੀ ਵਿਕਰੀ ਤੇ ਰੋਕ ਲਗਾਈ ਜਾ ਸਕੇ। ਇਸਦੇ ਨਾਲ ਹੀ ਝੋਨੇ ਦੀ ਕਿਸਮ ਪੀ.ਆਰ. 126 ਜੋ ਕਿ ਘੱਟ ਸਮਾਂ ਲੈਂਦੀ ਹੈ ਅਤੇ ਇਸਦੀ ਕਾਸ਼ਤ ਲਈ ਪਾਣੀ ਦੀ ਘੱਟ ਵਰਤੋਂ ਹੁੰਦੀ ਹੈ, ਦੀ ਜੈਨੇਟਿਕ ਪਿਓਰਟੀ ਚੈਕ ਕਰਨ ਲਈ ਵੀ ਟੀਚੇ ਅਨੁਸਾਰ 5 ਸੈਂਪਲ ਲੈ ਕੇ ਪੀ.ਏ.ਯੂ ਲੁਧਿਆਣਾ ਨੂੰ ਪਰਖ ਕਰਨ ਲਈ ਭੇਜੇ ਗਏ ਹਨ ਤਾਂ ਜੋ ਇਸ ਕਿਸਮ ਵਿੱਚ ਕਿਸੇ ਤਰ੍ਹਾਂ ਦੇ ਰਲੇਵੇ ਬਾਰੇ ਪਤਾ ਲਗਾਇਆ ਜਾ ਸਕੇ ਅਤੇ ਉੱਚ ਮਿਆਰ ਦੀ ਫਸਲ ਲੈਣ ਨੂੰ ਯਕੀਨੀ ਬਣਾਇਆ ਜਾ ਸਕੇ।

ਮੁੱਖ ਖੇਤੀਬਾੜੀ ਅਫ਼ਸਰ, ਐੱਸ.ਏ.ਐੱਸ. ਨਗਰ (Mohali) ਨੇ ਕਿਸਾਨਾਂ ਨੂੰ ਕੇਵਲ ਪ੍ਰਵਾਨਿਤ ਤੇ ਤਸਦੀਕਸ਼ੁਦਾ ਬੀਜਾਂ ਦੀ ਹੀ ਖਰੀਦ ਕਰਨ ਲਈ ਅਪੀਲ ਕੀਤੀ ਅਤੇ ਖਰੀਦ ਸਮੇਂ ਪੱਕਾ ਬਿੱਲ ਲੈਣ ਲਈ ਵੀ ਕਿਹਾ। ਬੀਜਾਂ ਦੀ ਚੈਕਿੰਗ ਦੌਰਾਨ ਬਲਾਕ ਖੇਤੀਬਾੜੀ ਅਫ਼ਸਰ ਡਾ. ਸ਼ੁੱਭਕਰਨ ਸਿੰਘ, ਖੇਤੀਬਾੜੀ ਵਿਕਾਸ ਅਫ਼ਸਰ (ਜਿ.ਕਮ) ਡਾ. ਗੁਰਦਿਆਲ ਕੁਮਾਰ, ਖੇਤੀਬਾੜੀ ਵਿਕਾਸ ਅਫ਼ਸਰ (ਰੁੜਕੀ ਪੁਖਤਾ) ਡਾ. ਜਸਵਿੰਦਰ ਸਿੰਘ ਅਤੇ ਖੇਤੀਬਾੜੀ ਵਿਕਾਸ ਅਫ਼ਸਰ (ਪੀ.ਪੀ.) ਡਾ. ਮਨਦੀਪ ਕੌਰ ਵੀ ਹਾਜ਼ਰ ਸਨ।

Exit mobile version