ਮੋਹਾਲੀ, 18 ਸਤੰਬਰ, 2024: ਸੀ.ਆਈ.ਏ. ਸਟਾਫ ਮੋਹਾਲੀ (Mohali police) ਨੇ ਫੈਕਟਰੀਆਂ ਨੂੰ ਪਾੜ ਲਗਾਕੇ ਚੋਰੀ ਕਰਨ ਵਾਲੇ 06 ਮੈਂਬਰੀ ਗਿਰੋਹ ਨੂੰ ਗ੍ਰਿਫਤਾਰ ਕੀਤਾ ਹੈ | ਪੁਲਿਸ ਨੂੰ ਇਨ੍ਹਾਂ ਕੋਲੋਂ ਵਾਰਦਾਤ ‘ਚ ਵਰਤੀ ਗੱਡੀ ਮਾਰਕਾ ਮਹਿੰਦਰਾ ਪਿੱਕਅੱਪ, ਗਰਿੱਡ, ਬੈਟਰੀ ਪਲੇਟਾਂ ਅਤੇ ਪੈਲੇਟ ਬਰਾਮਦ ਕੀਤੇ ਹਨ | ਫੜੇ ਗਏ ਵਿਅਕਤੀਆਂ ਦੀ ਪਛਾਣ ਸਾਜਨ ਪੁੱਤਰ ਮਹੀਪਾਲ ਥਾਣਾ ਸਿਟੀ ਪੰਜੌਰ, ਵਿਸ਼ਾਲ ਪੁੱਤਰ ਹਜੂਰੀ ਵਾਸੀ ਵਾਰਡ ਨੰ-16 ਬੰਗਾਲਾ ਬਸਤੀ ਨੇੜੇ ਰੇਲਵੇ ਸਟੇਸ਼ਨ ਕੁਰਾਲੀ, ਰਾਹੁਲ ਪੁੱਤਰ ਕਿਸ਼ਨ ਵਾਸੀ ਮਕਾਨ ਨੰ: 537 ਰੱਤਪੁਰ ਕਲੋਨੀ, ਪੰਜੌਰ, ਬਤਾਬ ਪੁੱਤਰ ਸੋਮਨਾਥ ਵਾਸੀ ਪਿੰਡ ਚੰਡੀ ਕੋਟਕਾ, ਥਾਣਾ ਨਾਢਾ ਸਾਹਿਬ, ਹਜੂਰੀ ਪੁੱਤਰ ਨਸੀਬਾ ਵਾਸੀ ਵਾਰਡ ਨੰ-16, ਬੰਗਾਲਾ ਬਸਤੀ ਨੇੜੇ ਰੇਲਵੇ ਸਟੇਸ਼ਨ, ਕੁਰਾਲੀ ਅਤੇ ਸੁਨੀਲ ਪੁੱਤਰ ਮੋਹਣਾ ਵਾਸੀ ਮਕਾਨ ਨੰ: 30 ਪਿੰਡ ਖੋਲ਼ੀ, ਥਾਣਾ ਮੜਾ ਆਲੀ ਵਜੋਂ ਹੋਈ ਹੈ |
IPS ਡਾ. ਜੋਤੀ ਯਾਦਵ ਕਪਤਾਨ ਪੁਲਿਸ (ਇੰਨਵੈਸਟੀਗੇਸ਼ਨ) ਜ਼ਿਲ੍ਹਾ ਮੋਹਾਲੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਥਾਣਾ ਸਦਰ ਕੁਰਾਲੀ ਅਤੇ ਥਾਣਾ ਸਦਰ ਖਰੜ੍ਹ (Mohali police) ਦੇ ਇਲਾਕੇ ‘ਚ ਅਣਪਛਾਤੇ ਵਿਅਕਤੀਆਂ ਵੱਲੋਂ ਫੈਕਟਰੀਆਂ ਨੂੰ ਪਾੜ ਲਗਾਕੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜ਼ਾਮ ਦਿੱਤਾ ਸੀ। ਜਿਸ ਸੰਬੰਧੀ ਥਾਣਾ ਸਦਰ ਕੁਰਾਲੀ ਅਤੇ ਥਾਣਾ ਸਦਰ ਖਰੜ੍ਹ ਵਿਖੇ ਦੋ ਅਲੱਗ-ਅਲੱਗ ਮੁਕੱਦਮੇ ਦਰਜ ਹੋਏ ਸਨ।
ਉਨ੍ਹਾਂ ਅੱਗੇ ਦੱਸਿਆ ਕਿ BLAZE ਨਾਮ ਦੀਆਂ ਵੱਖ-ਵੱਖ ਐਮਪੇਅਰ ਦੀਆਂ ਬੈਟਰੀਆਂ ਬਣਦੀਆਂ ਹਨ। ਫੈਕਟਰੀ ‘ਚ ਮਿਤੀ 4 ਅਤੇ 5 ਸਤੰਬਰ ਦੀ ਦਰਮਿਆਨੀ ਰਾਤ ਨੂੰ ਨਾ-ਮਾਲੂਮ ਵਿਅਕਤੀਆਂ ਵੱਲੋਂ ਬੈਕਸਾਈਡ ਦੀ ਕੰਧ ਕਰੀਬ 03 ਫੁੱਟ ਚੌੜਾ ਪਾੜ ਲਗਾਕੇ ਫੈਕਟਰੀ ‘ਚੋਂ ਭਾਰੀ ਮਾਤਰਾ ‘ਚ ਗਰਿੱਡ ਅਤੇ ਬੈਟਰੀ ਪਲੇਟਾਂ ਚੋਰੀ ਕਰ ਲਈਆਂ ਸਨ। ਇਸ ਤੋਂ ਪਹਿਲਾਂ 14 ਅਗਸਤ ਨੂੰ ਰਾਤ ਸਮੇਂ ਉਕਤ ਨਾ-ਮਾਲੂਮ ਚੋਰਾਂ ਵੱਲੋਂ ਦੂਜੀ ਕੰਧ ਨੂੰ ਪਾੜ ਲਗਾਕੇ ਭਾਰੀ ਮਾਤਰਾ ‘ਚ ਗਰਿੱਡ ਅਤੇ ਬੈਟਰੀ ਪਲੇਟਾਂ ਚੋਰੀ ਕਰ ਲਈਆਂ ਸਨ। ਜਿਨਾਂ ਦੀ ਕੀਮਤ ਕ੍ਰੀਬ 10 ਲੱਖ ਰੁਪਏ ਸੀ।